Begin typing your search above and press return to search.

ਲਓ ਜੀ, ਹੁਣ ਮਨਪ੍ਰੀਤ ਬਾਦਲ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

ਚੰਡੀਗੜ੍ਹ, 28 ਸਤੰਬਰ : ਪਲਾਟ ਘੋਟਾਲਾ ਮਾਮਲੇ ਵਿਚ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਗਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੱਭਣ ਲਈ ਜਿੱਥੇ ਵਿਜੀਲੈਂਸ ਵੱਲੋਂ ਵੱਖ ਵੱਖ ਥਾਵਾਂ ’ਤੇ ਰੇਡ ਕੀਤੀ ਜਾ ਰਹੀ ਐ, ਉਥੇ ਹੀ ਹੁਣ ਇਸ ਮਾਮਲੇ ਵਿਚ ਮਨਪ੍ਰੀਤ ਬਾਦਲ ਨੂੰ ਲੈ ਕੇ ਹੁਣ ਕਈ ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਬਾਰੇ […]

ਲਓ ਜੀ, ਹੁਣ ਮਨਪ੍ਰੀਤ ਬਾਦਲ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
X

Hamdard Tv AdminBy : Hamdard Tv Admin

  |  28 Sept 2023 11:28 AM IST

  • whatsapp
  • Telegram

ਚੰਡੀਗੜ੍ਹ, 28 ਸਤੰਬਰ : ਪਲਾਟ ਘੋਟਾਲਾ ਮਾਮਲੇ ਵਿਚ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਗਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੱਭਣ ਲਈ ਜਿੱਥੇ ਵਿਜੀਲੈਂਸ ਵੱਲੋਂ ਵੱਖ ਵੱਖ ਥਾਵਾਂ ’ਤੇ ਰੇਡ ਕੀਤੀ ਜਾ ਰਹੀ ਐ, ਉਥੇ ਹੀ ਹੁਣ ਇਸ ਮਾਮਲੇ ਵਿਚ ਮਨਪ੍ਰੀਤ ਬਾਦਲ ਨੂੰ ਲੈ ਕੇ ਹੁਣ ਕਈ ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਬਾਰੇ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ।

ਪਲਾਟ ਘੋਟਾਲਾ ਮਾਮਲੇ ਵਿਚ ਵਿਜੀਲੈਂਸ ਵੱਲੋਂ ਨਾਮਜ਼ਦ ਕੀਤੇ ਗਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੀ ਗ੍ਰਿਫ਼ਤਾਰੀ ਦੇ ਡਰ ਕਾਰਨ ਲਗਾਤਾਰ ਆਪਣੀ ਰਿਹਾਇਸ਼ ਬਦਲ ਰਹੇ ਨੇ ਪਰ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਥਾਂ ਥਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਐ। ਇੱਥੋਂ ਤੱਕ ਕਿ ਦਿੱਲੀ ਅਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਵੀ ਮਨਪ੍ਰੀਤ ’ਤੇ ਨਜ਼ਰ ਰੱਖ ਰਹੀ ਐ, ਜਿਸ ਦੇ ਚਲਦਿਆਂ ਵਿਜੀਲੈਂਸ ਵੱਲੋਂ ਆਪਣੀਆਂ ਟੀਮਾਂ ਇਨ੍ਹਾਂ ਦੋਵਾਂ ਸੂਬਿਆਂ ਵਿਚ ਵੀ ਭੇਜੀਆਂ ਗਈਆਂ ਨੇ।

ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਉਕਤ ਮਾਮਲੇ ’ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਜੋ ਖ਼ੁਲਾਸੇ ਕੀਤੇ ਗਏ ਨੇ, ਉਹ ਵਾਕਈ ਹੈਰਾਨ ਕਰਨ ਵਾਲੇ ਨੇ। ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਮਨਪ੍ਰੀਤ ਬਾਦਲ ਦੀਆਂ ਹਦਾਇਤਾਂ ’ਤੇ ਉਨ੍ਹਾਂ ਦਾ ਰਿਸ਼ਤੇਦਾਰ ਸਾਰੀ ਅਫ਼ਸਰਸ਼ਾਹੀ ਅਤੇ ਪ੍ਰਸ਼ਾਸਨ ਨੂੰ ਸੰਭਾਲਦਾ ਸੀ।

ਇੱਥੇ ਹੀ ਬੱਸ ਨਹੀਂ, ਸੂਤਰਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਇਹ ਵੀ ਦੱਸਿਆ ਕਿ ਜਦੋਂ ਮਨਪ੍ਰੀਤ ਬਾਦਲ ਕਾਂਗਰਸ ਸਰਕਾਰ ’ਚ ਵਿੱਤ ਮੰਤਰੀ ਬਣੇ ਤਾਂ ਉਨ੍ਹਾਂ ਨੇ ਆਪਣੇ ਬਹੁਤ ਕਰੀਬੀ ਪੰਜਾਬ ਪੁਲਸ ਦੇ ਇਕ ਸਬ ਇੰਸਪੈਕਟਰ ਨੂੰ ਸਿੱਧੇ ਤੌਰ ’ਤੇ ਬਠਿੰਡਾ ਸ਼ਹਿਰ ਦੇ ਇਕ ਅਹਿਮ ਥਾਣੇ ਦਾ ਇੰਚਾਰਜ ਲਗਾ ਦਿੱਤਾ ਸੀ ਜੋ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਦਾ ਕੰਮ ਕਰਦਾ ਸੀ। ਉਹ ਪੰਜਾਬ ਪੁਲਸ ਨਾਲੋਂ ਵੱਧ ਮਨਪ੍ਰੀਤ ਬਾਦਲ ਦੀ ਡਿਊਟੀ ਕਰਦਾ ਸੀ। ਸੂਤਰਾਂ ਨੇ ਦੱਸਿਆ ਕਿ ਉਕਤ ਸਬ ਇੰਸਪੈਕਟਰ ਕੋਲ ਜੋ ਵੀ ਜ਼ਮੀਨ ਅਤੇ ਜਾਇਦਾਦ ਐ, ਉਸ ਦੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾਵੇਗੀ।

ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਵੱਲੋਂ ਕੀਤੇ ਖ਼ੁਲਾਸਿਆਂ ਤੋਂ ਬਾਅਦ ਵਿਜੀਲੈਂਸ ਹੁਣ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਨੂੰ ਵੀ ਕਿਸੇ ਸਮੇਂ ਪੁੱਛਗਿੱਛ ਲਈ ਬੁਲਾ ਸਕਦੀ ਐ, ਜਿਸ ਕਾਰਨ ਮਨਪ੍ਰੀਤ ਦਾ ਰਿਸ਼ਤੇਦਾਰ ਵੀ ਰੂਪੋਸ਼ ਹੋ ਗਿਆ ਏ। ਇਸ ਦੌਰਾਨ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਐ ਕਿ ਮਨਪ੍ਰੀਤ ਬਾਦਲ ਆਪਣੀ ਜ਼ਮਾਨਤ ਲਈ ਬਠਿੰਡਾ ਅਤੇ ਚੰਡੀਗੜ੍ਹ ਤੋਂ ਵਕੀਲਾਂ ਦੀ ਫ਼ੌਜ ਤਿਆਰ ਕਰ ਰਿਹਾ ਏ, ਜਿਸ ਕਾਰਨ ਹੁਣ ਬਠਿੰਡਾ ਅਤੇ ਚੰਡੀਗੜ੍ਹ ਦੇ ਵਕੀਲ ਇਕ ਯੋਜਨਾ ਤਿਆਰ ਕਰ ਰਹੇ ਨੇ ਕਿ ਕਿਵੇਂ ਉਹ ਅਦਾਲਤ ’ਚ ਪੇਸ਼ ਹੋ ਕੇ ਜ਼ਮਾਨਤ ਪਟੀਸ਼ਨ ਦਾਇਰ ਕਰ ਕੇ ਮਨਪ੍ਰੀਤ ਬਾਦਲ ਨੂੰ ਰਾਹਤ ਦਿਵਾ ਸਕਦੇ ਨੇ।

ਦੱਸ ਦਈਏ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਪੜਤਾਲ ਵਿਚ ਸਾਹਮਣੇ ਆਇਆ ਏ ਕਿ ਮਨਪ੍ਰੀਤ ਸਿੰਘ ਬਾਦਲ ਵੱਲੋਂ ਮਾਡਲ ਟਾਊਨ ਬਠਿੰਡਾ ਵਿਚ ਦੋ ਪਲਾਟ ਘੱਟ ਕੀਮਤ ’ਤੇ ਖ਼ਰੀਦਣ ਦੀ ਸਾਜਿਸ਼ ਰਚੀ ਗਈ ਸੀ, ਜਿਸ ਵਿਚ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ। ਫਿਲਹਾਲ ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ, ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ ਕਾਲੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਐ ਪਰ ਦੇਖਣਾ ਹੋਵੇਗਾ ਕਿ ਉਹ ਵਿਜੀਲੈਂਸ ਦੇ ਹੱਥੇ ਚੜ੍ਹਦੇ ਹਨ ਜਾਂ ਫਿਰ ਵਕੀਲਾਂ ਦੀ ਫ਼ੌਜ ਉਨ੍ਹਾਂ ਨੂੰ ਬਚਾਉਣ ਵਿਚ ਕਾਮਯਾਬ ਹੋ ਜਾਵੇਗੀ।

Next Story
ਤਾਜ਼ਾ ਖਬਰਾਂ
Share it