Begin typing your search above and press return to search.
ਪੰਜਾਬੀ ਨੌਜਵਾਨਾਂ ਲਈ ਬੀਐਸਐਫ ਦਾ ਵੱਡਾ ਉਪਰਾਲਾ
ਗੁਰਦਾਸਪੁਰ, 2 ਜਨਵਰੀ, ਨਿਰਮਲ : ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਸੰਘਣੀ ਆਬਾਦੀ ਦਾ ਹੋਣਾ ਸੁਰੱਖਿਆ ਦੇ ਨਜ਼ਰੀਏ ਤੋਂ ਅਹਿਮ ਹੈ ਪਰ ਇਨ੍ਹਾਂ ਇਲਾਕਿਆਂ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਹੀ ਕਾਰਨ ਹੈ ਕਿ ਸਰਹੱਦੀ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਜੰਗ ਵਿਚ ਬੀਐੱਸਐੱਫ ਵੀ ਕੁੱਦ ਪਈ ਹੈ […]
By : Editor Editor
ਗੁਰਦਾਸਪੁਰ, 2 ਜਨਵਰੀ, ਨਿਰਮਲ : ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਸੰਘਣੀ ਆਬਾਦੀ ਦਾ ਹੋਣਾ ਸੁਰੱਖਿਆ ਦੇ ਨਜ਼ਰੀਏ ਤੋਂ ਅਹਿਮ ਹੈ ਪਰ ਇਨ੍ਹਾਂ ਇਲਾਕਿਆਂ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਇਹੀ ਕਾਰਨ ਹੈ ਕਿ ਸਰਹੱਦੀ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੀ ਜੰਗ ਵਿਚ ਬੀਐੱਸਐੱਫ ਵੀ ਕੁੱਦ ਪਈ ਹੈ ਜਿਸ ਤਹਿਤ ਬੀਐਸਐਫ ਵੱਲੋਂ ਹਰ ਰੋਜ਼ ਵੱਖ-ਵੱਖ ਸਰਹੱਦੀ ਪਿੰਡਾਂ ਦੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਬੀਐਸਐਫ ਹੈੱਡਕੁਆਟਰ ਵਿਖੇ ਮੋਟਰ ਮਕੈਨਿਕ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਦੋ ਨੌਜਵਾਨਾਂ ਨੂੰ ਇਕ ਪ੍ਰਾਈਵੇਟ ਕੰਪਨੀ ਵਿਚ ਚੰਗੇ ਪੈਕੇਜ ’ਤੇ ਨੌਕਰੀ ਮਿਲ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਆਈਜੀ ਸੁਸ਼ਾਂਤ ਆਨੰਦ ਨੇ ਦੱਸਿਆ ਕਿ ਗੁਰਦਾਸਪੁਰ ਦਾ ਚਾਰਜ ਸੰਭਾਲਣ ਤੋਂ ਬਾਅਦ ਸਰਹੱਦੀ ਖੇਤਰ ਦਾ ਜਾਇਜ਼ਾ ਲੈਣ ਸਮੇਂ ਕੁਝ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਾਇਦ ਇਹ ਉਨ੍ਹਾਂ ਦੀ ਆਖਰੀ ਪੀੜ੍ਹੀ ਹੈ ਜੋ ਕੰਡਿਆਲੀ ਤਾਰ ਤੋਂ ਪਾਰ ਜਾ ਕੇ ਖੇਤੀ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਵਿਦੇਸ਼ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿਉਂਕਿ ਜੇ ਪੰਜਾਬ ਦਾ ਅੰਨਦਾਤਾ ਪੰਜਾਬ ਛੱਡ ਕੇ ਚਲਾ ਜਾਵੇ ਤਾਂ ਦੇਸ਼ ਤਰੱਕੀ ਕਿਵੇਂ ਕਰੇਗਾ।
ਇਸ ਲਈ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਨੇ ਪਹਿਲਕਦਮੀ ਕਰਦਿਆਂ ਬੀਐੱਸਐੱਫ ਹੈੱਡਕੁਆਰਟਰ ਗੁਰਦਾਸਪੁਰ ਵਿਖੇ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਹੈ ਜਿਸ ਤਹਿਤ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਬੀਐਸਐਫ ਦੀਆਂ ਗੱਡੀਆਂ ਵਿਚ ਰੋਜ਼ਾਨਾ ਗੁਰਦਾਸਪੁਰ ਲਿਆਂਦਾ ਜਾ ਰਿਹਾ ਹੈ ਅਤੇ ਗੱਡੀਆਂ ਦੀ ਮੁਰੰਮਤ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਨੌਜਵਾਨਾਂ ਵਿਚ ਸਿਖਲਾਈ ਪ੍ਰਤੀ ਝੁਕਾਅ ਵਧਾਉਣ ਲਈ ਉਨ੍ਹਾਂ ਨੂੰ ਆਪਣੇ ਵਾਹਨਾਂ ਵਿਚ ਇੱਥੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੁਫ਼ਤ ਦੁਪਹਿਰ ਦਾ ਖਾਣਾ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ’ਚੋਂ ਦੋ ਨੌਜਵਾਨਾਂ ਨੂੰ ਟਾਟਾ ਮੋਟਰ ਏਜੰਸੀ ’ਚ ਚੰਗੇ ਪੈਕੇਜ ’ਤੇ ਨੌਕਰੀ ਮਿਲੀ ਹੈ। ਇਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਉਪਰੰਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।
ਨਵੇਂ ਸਾਲ ’ਚ ਬੀਐਸਐਫ ਆਧੁਨਿਕ ਤਕਨੀਕ ਨੂੰ ਅਪਣਾਉਣ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਜ਼ਿਆਦਾਤਰ ਡ੍ਰੋਨ ਚੀਨ ਦੇ ਬਣੇ ਹਨ। ਬੀਐਸਐਫ ਇਨ੍ਹਾਂ ਦਾ ਪਤਾ ਲਗਾਉਣ ਲਈ ਆਧੁਨਿਕ ਤਕਨੀਕ ’ਤੇ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰ ਲੰਘਣ ਸਮੇਂ ਕਿਸਾਨਾਂ ਨੂੰ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਬਾਇਓਮੀਟ੍ਰਿਕ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਕਈ ਗੇਟਾਂ ’ਤੇ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਬੀਐਸਐਫ ਵੱਲੋਂ ਪੂਰੀ ਸਰਹੱਦ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਲਿਆਉਣ ਦਾ ਕੰਮ ਜਾਰੀ ਹੈ।
ਕਿਸਾਨਾਂ ਨੂੰ ਮੁਸੀਬਤ ਤੋਂ ਬਚਾਉਣ ਲਈ ਕੰਡਿਆਲੀ ਤਾਰ ਨੂੰ ਜ਼ੀਰੋ ਲਾਈਨ ਦੇ ਨੇੜੇ ਲਿਜਾਣ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ ਜਿਸ ਤਹਿਤ ਬੀਐਸਐਫ ਹੈੱਡਕੁਆਰਟਰ ਵਿਚ ਪੈਂਦੇ ਪਠਾਨਕੋਟ ਦੇ ਨੌਂ ਕਿਲੋਮੀਟਰ ਖੇਤਰ ਵਿਚ ਕੰਡਿਆਲੀ ਤਾਰ ਨੂੰ 150 ਮੀਟਰ ਤੱਕ ਵਧਾਉਣ ਦੀ ਪ੍ਰਵਾਨਗੀ ਮਿਲ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਦੇ ਨਾਲ-ਨਾਲ ਮਹਿਲਾ ਕਰਮਚਾਰੀ ਵੀ ਪੂਰੀ ਚੌਕਸੀ ਨਾਲ ਡਿਊਟੀ ਨਿਭਾਅ ਰਹੀਆਂ ਹਨ ਪਰ ਦੇਖਿਆ ਗਿਆ ਹੈ ਕਿ ਸਰਹੱਦ ’ਤੇ ਪਖਾਨੇ ਨਾ ਹੋਣ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਜਾ ਰਹੀਆਂ ਮਹਿਲਾ ਕਿਸਾਨਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਬੀਐਸਐਫ ਨੇ ਸਰਹੱਦ ਨੇੜੇ 500 ਪਖ਼ਾਨੇ ਬਣਾਉਣ ਦੀ ਯੋਜਨਾ ਬਣਾਈ ਹੈ ਜਿਸ ਦੀ ਵਰਤੋਂ ਬੀਐਸਐਫ ਮਹਿਲਾ ਕਰਮਚਾਰੀ ਅਤੇ ਮਹਿਲਾ ਕਿਸਾਨ ਦੋਵੇਂ ਹੀ ਕਰ ਸਕਦੇ ਹਨ।
Next Story