ਪੰਜਾਬ ’ਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ, 10 ਗੱਡੀਆਂ ਦੀ ਭਿਆਨਕ ਟੱਕਰ
ਰਾਜਪੁਰਾ, (ਰਣਦੀਪ ਸਿੰਘ) : ਪੰਜਾਬ ’ਚ ਅੱਜ ਸੰਘਣੀ ਧੁੰਦ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਰਾਜਪੁਰਾ ’ਚ 10 ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਬੱਸ ਤੇ ਟਰੱਕ ਆਪਸ ਵਿੱਚ ਟਕਰਾਅ ਗਏ। ਇਸ ਹਾਦਸੇ ’ਚ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖਮੀ ਹੋ ਗਏ। ਪਟਿਆਲਾ ਦੇ […]
By : Editor Editor
ਰਾਜਪੁਰਾ, (ਰਣਦੀਪ ਸਿੰਘ) : ਪੰਜਾਬ ’ਚ ਅੱਜ ਸੰਘਣੀ ਧੁੰਦ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਰਾਜਪੁਰਾ ’ਚ 10 ਗੱਡੀਆਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਬੱਸ ਤੇ ਟਰੱਕ ਆਪਸ ਵਿੱਚ ਟਕਰਾਅ ਗਏ। ਇਸ ਹਾਦਸੇ ’ਚ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖਮੀ ਹੋ ਗਏ।
ਪਟਿਆਲਾ ਦੇ ਰਾਜਪੁਰਾ ਸ਼ਹਿਰ ਵਿੱਚ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਤਿੰਨ ਟਰੱਕ ਅਤੇ ਦੋ ਬੱਸਾਂ ਟੱਕਰ ਕਾਰਨ ਬੁਰੀ ਤਰ੍ਹਾਂ ਨੁਕਸਾਨ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ ਕਈ ਜਣੇ ਜ਼ਖਮੀ ਹੋਗਏ।
ਇੱਕ ਡਰਾਈਵਰ ਨੇ ਦੱਸਿਆ ਕਿ ਹਾਦਸੇ ’ਚ ਪੰਜਾਬ ਰੋਡਵੇਜ਼ ਦੀ ਇੱਕ ਬੱਸ ਵੀ ਸ਼ਾਮਲ ਹੈ। ਸੰਘਣੀ ਧੁੰਦ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਰਾਜਿੰਦਰ ਸਿੰਘ ਨਾਂ ਦੇ ਇਸ ਡਰਾਈਵਰ ਨੇ ਦੱਸਿਆ ਕਿ ਉਸ ਦੀ ਗੱਡੀ ਨੂੰ ਪਿੱਛਿਓਂ ਕਈ ਗੱਡੀਆਂ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 4-5 ਗੱਡੀਆਂ ਦਾ ਮਾਮੂਨੀ ਨੁਕਸਾਨ ਹੋਇਆ, ਜੋ ਚਲੀਆਂ ਗਈਆਂ, ਪਰ ਜੋ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਉਹ ਮੌਕੇ ’ਤੇ ਹੀ ਖੜ੍ਹੀਆਂ ਹਨ।
ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਹਾਈਵੇਅ ’ਤੇ ਜਾਮ ਲੱਗ ਗਿਆ। ਹਾਦਸੇ ਵਿੱਚ ਸ਼ਾਮਲ ਪੰਜਾਬ ਰੋਡਵੇਜ਼ ਦੀ ਬੱਸ ’ਚ ਸਵਾਰ ਕਈ ਯਾਤਰੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਸੰਘਣੀ ਧੁੰਦ ਹੈ। ਦੱਸ ਦੇਈਏ ਕਿ ਸੰਘਣੀ ਧੁੰਦ ਨੇ ਪੰਜਾਬ ਵਿੱਚ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚਲਦਿਆਂ ਸੂਬੇ ਵਿੱਚ ਲਗਾਤਾਰ ਸੜਕ ਹਾਦਸੇ ਵਾਪਰ ਰਹੇ ਨੇ। ਅੱਜ ਸਵੇਰੇ ਹੀ ਰਾਜਪੁਰਾ ਤੋਂ ਇਲਾਵਾ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਵੀ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇਕ ਟਰੱਕ ਅਤੇ ਇਨੋਵਾ ਗੱਡੀ ਦੀ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਕਾਰ ਚਾਲਕ ਮੌਕੇ ’ਤੇ ਹੀ ਦਮ ਤੋੜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨੋਵਾ ਗੱਡੀ ਵਿਚ ਸਵਾਰ ਪਰਿਵਾਰ ਆਪਣੇ ਭਾਣਜੇ ਨੂੰ ਅੰਮ੍ਰਿਤਸਰ ਏਅਰਪੋਰਟ ਛੱਡਣ ਜਾ ਰਿਹਾ ਸੀ, ਜਿਸ ਨੇ ਵਿਦੇਸ਼ ਜਾਣਾ ਸੀ, ਪਰ ਰਸਤੇ ਵਿਚ ਇਹ ਭਾਣਾ ਵਰਤ ਗਿਆ। ਇਸ ਕਾਰਨ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।
ਸੰਘਣੀ ਧੁੰਦ ’ਚ ਡਰਾਈਵਿੰਗ ਕਰਨ ਵਾਲੇ ਡਰਾਈਵਰਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਸਾਵਧਾਨੀ ਤੇ ਹੌਲੀ ਗੱਡੀਆਂ ਚਲਾਉਣ, ਗੱਡੀਆਂ ਦੀਆਂ ਲਾਈਟਾਂ ਜਗਦੀਆਂ ਰੱਖੀਆਂ ਜਾਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਇਸ ਨਾਲ ਕਿਸੇ ਹੱਦ ਤੱਕ ਸੜਕ ਹਾਦਸਿਆਂ ਨੂੰ ਨੱਥ ਪਾਈ ਜਾ ਸਕਦੀ ਹੈ।