ਵਿਰੋਧੀਆਂ ਲਈ ‘ਭਰਿੰਡਾਂ ਦਾ ਖੱਖਰ’ ਭਗਵੰਤ ਮਾਨ!
ਚੰਡੀਗੜ੍ਹ, 12 ਜਨਵਰੀ (ਸ਼ਾਹ) : ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਐ, ਸਿਆਸੀ ਜੋੜ ਤੋੜ ਦੇ ਨਾਲ-ਨਾਲ ਵੱਖ-ਵੱਖ ਰਾਜਨੀਤਕ ਆਗੂਆਂ ਵੱਲੋਂ ਇਕ ਦੂਜੇ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਇਨ੍ਹਾਂ ਵਿਚੋਂ ਜੇਕਰ ਕਿਸੇ ਰਾਜਨੀਤਕ ਆਗੂ ਦਾ ਨਿਸ਼ਾਨਾ ਟਿਕਾਣੇ ’ਤੇ ਲੱਗ ਰਿਹਾ ਏ ਤਾਂ ਉਹ ਐ […]
By : Makhan Shah
ਚੰਡੀਗੜ੍ਹ, 12 ਜਨਵਰੀ (ਸ਼ਾਹ) : ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾ ਚੁੱਕੀ ਐ, ਸਿਆਸੀ ਜੋੜ ਤੋੜ ਦੇ ਨਾਲ-ਨਾਲ ਵੱਖ-ਵੱਖ ਰਾਜਨੀਤਕ ਆਗੂਆਂ ਵੱਲੋਂ ਇਕ ਦੂਜੇ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਪਰ ਇਨ੍ਹਾਂ ਵਿਚੋਂ ਜੇਕਰ ਕਿਸੇ ਰਾਜਨੀਤਕ ਆਗੂ ਦਾ ਨਿਸ਼ਾਨਾ ਟਿਕਾਣੇ ’ਤੇ ਲੱਗ ਰਿਹਾ ਏ ਤਾਂ ਉਹ ਐ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,,, ਜੀ ਹਾਂ, ਮੌਜੂਦਾ ਸਮੇਂ ਆਪ ਕੋਲ ਭਾਵੇਂ 92 ਵਿਧਾਇਕ ਨੇ ਪਰ ਪਾਰਟੀ ਵਿਚ ਇਕੱਲੇ ਭਗਵੰਤ ਮਾਨ ਹੀ ਵਨ ਮੈਨ ਆਰਮੀ ਬਣੇ ਹੋਏ ਨੇ। ਯਾਨੀ ਕਿ ਉਨ੍ਹਾਂ ਇਕੱਲਿਆਂ ਨੇ ਹੀ ਵਿਰੋਧੀਆਂ ਨੂੰ ਵਾਹਣੀਂ ਪਾਇਆ ਹੋਇਐ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਸੀਐਮ ਭਗਵੰਤ ਮਾਨ ਨੂੰ ਛੱਡ ਕੇ ਭਾਵੇਂ 91 ਵਿਧਾਇਕ ਮੌਜੂਦ ਨੇ ਪਰ ਇਨ੍ਹਾਂ ਸਾਰਿਆਂ ਵਿਚੋਂ ਇਕੱਲੇ ਭਗਵੰਤ ਮਾਨ ਹੀ ਅਜਿਹੇ ਲੀਡਰ ਨੇ, ਜਿਨ੍ਹਾਂ ਨੇ ਇਕੱਲਿਆਂ ਹੀ ਵਿਰੋਧੀਆਂ ਨੂੰ ਵਾਹਣੀਂ ਪਾਇਆ ਹੋਇਐ। ਹਾਲਾਂਕਿ ਦੂਜੇ ਕੁੱਝ ਵਿਧਾਇਕ ਤੇ ਮੰਤਰੀ ਵੀ ਵਿਰੋਧੀਆਂ ’ਤੇ ਨਿਸ਼ਾਨੇ ਸਾਧਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਕਾਬਲੇ ਉਨ੍ਹਾਂ ਦੇ ‘ਬਿਆਨ ਬਾਣ’ ਇੰਨੇ ਤਿੱਖੇ ਨਹੀਂ।
ਕੇਂਦਰ ਸਰਕਾਰ ਵੱਲੋਂ ਜਦੋਂ ਵੀ ਕਿਸੇ ਮਾਮਲੇ ਨੂੰ ਲੈ ਕੇ ਪੰਜਾਬ ਨਾਲ ਕੋਈ ਵਿਤਕਰਾ ਕੀਤਾ ਜਾਂਦੈ ਤਾਂ ਸੀਐਮ ਭਗਵੰਤ ਮਾਨ ਮਾਮਲੇ ਦੀ ਤੈਅ ਤੱਕ ਪਹੁੰਚ ਕੇ ਉਸ ਦਾ ਅਜਿਹਾ ਖ਼ੁਲਾਸਾ ਕਰਦੇ ਨੇ ਕਿ ਫਿਰ ਵਿਰੋਧੀਆਂ ਨੂੰ ਕੋਈ ਗੱਲ ਨਹੀਂ ਔੜਦੀ। ਪਿਛਲੇ ਦਿਨੀਂ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਗਣਤੰਤਰ ਦਿਵਸ ਦੀ ਪ੍ਰੇਡ ਵਿਚੋਂ ਬਾਹਰ ਕਰ ਦਿੱਤਾ ਸੀ ਤਾਂ ਸੀਐਮ ਭਗਵੰਤ ਮਾਨ ਨੇ ਬਿਨਾਂ ਕੋਈ ਮੌਕਾ ਗਵਾਏ ਤੁਰੰਤ ਕੇਂਦਰ ਸਰਕਾਰ ਦੀ ਕਰਤੂਤ ਪੰਜਾਬ ਦੇ ਲੋਕਾਂ ਸਾਹਮਣੇ ਰੱਖ ਦਿੱਤੀ ਕਿ ਦੇਖੋ ਕੇਂਦਰ ਦੀ ਭਾਜਪਾ ਸਰਕਾਰ ਕਿਸ ਤਰ੍ਹਾਂ ਪੰਜਾਬ ਦੇ ਨਾਲ ਵਿਤਕਰਾ ਕਰਨ ਲੱਗੀ ਹੋਈ ਐ।
ਇਸ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਹੋਰਨਾਂ ਮੰਤਰੀਆਂ ਤੇ ਵਿਧਾਇਕਾਂ ਦੇ ਬਿਆਨ ਵੀ ਆਏ ਪਰ ਵਿਰੋਧੀਆਂ ਦੀ ਜੋ ਤਸੱਲੀ ਸੀਐਮ ਭਗਵੰਤ ਮਾਨ ਵੱਲੋਂ ਕਰਵਾਈ ਗਈ, ਉਸ ਦਾ ਅਸਰ ਲੋਕ ਸਭਾ ਚੋਣਾਂ ਤੱਕ ਰਹਿਣ ਵਾਲਾ ਏ। ਸੀਐਮ ਭਗਵੰਤ ਮਾਨ ਦੇ ਇਸ ਬਿਆਨ ਮਗਰੋਂ ਨਵੇਂ ਨਵੇਂ ਭਾਜਪਾ ਦੇ ਪ੍ਰਧਾਨ ਬਣੇ ਸੁਨੀਲ ਜਾਖੜ ਮਾਮਲੇ ਦੀ ਪੜਤਾਲ ਕੀਤੇ ਬਿਨਾਂ ਹੀ ਆਪਣੀ ਕਾਬਲੀਅਤ ਦਿਖਾਉਣ ਲਈ ਸੀਐਮ ਮਾਨ ਵੱਲੋਂ ਦਿੱਤੇ ਬਿਆਨ ਦੇ ਵਿਰੋਧ ਵਿਚ ਆ ਖੜ੍ਹੇ ਹੋਏ। ਉਨ੍ਹਾਂ ਬਿਨਾਂ ਸੋਚੇ ਸਮਝੇ ਬਿਆਨ ਦਾਗ਼ ਦਿੱਤਾ ਕਿ ਇਹ ਝਾਕੀ ਤਾਂ ਰੱਦ ਕੀਤੀ ਗਈ ਕਿਉਂਕਿ ਇਸ ’ਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ।
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਇਸ ਬਿਆਨ ਦੇ ਆਉਣ ਦੀ ਦੇਰ ਸੀ ਕਿ ਸੀਐਮ ਭਗਵੰਤ ਮਾਨ ਦਾ ਪਾਰਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ ਕਿਉਂਕਿ ਉਹ ਉਨ੍ਹਾਂ ਪੁਰਾਣੇ ਲੀਡਰਾਂ ਵਾਂਗ ਨਹੀਂ,, ਜਿਹੜੇ ਸਿਰਫ਼ ਦਿਖਾਵੇ ਲਈ ਬਿਆਨਬਾਜ਼ੀ ਕਰਦੇ ਸਨ,,, ਸੀਐਮ ਮਾਨ ਨੇ ਤਾਂ ਇਸ ਮਾਮਲੇ ਵਿਚ ‘ਵਾਲ ਦੀ ਖਾਲ’ ਉਧੇੜ ਕੇ ਰੱਖ ਦਿੱਤੀ।
ਉਨ੍ਹਾਂ ਨੇ ਜਾਖੜ ਸਾਬ੍ਹ ਦੇ ਇਸ ਬਿਆਨ ਮਗਰੋਂ ਅਜਿਹਾ ਬਿਆਨ ਦਾਗ਼ ਦਿੱਤਾ ਕਿ ਕੇਂਦਰ ਸਰਕਾਰ ਤੱਕ ਨੂੰ ਭਾਜੜਾਂ ਪੈ ਗਈਆਂ ਸੀ। ਪਹਿਲਾਂ ਤਾਂ ਉਨ੍ਹਾਂ ਇਹ ਆਖਿਆ ਕਿ ਉਨ੍ਹਾਂ ਦੀ ਇੰਨੀ ਔਕਾਤ ਨਹੀਂ ਕਿ ਉਹ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਬਰਾਬਰ ਆਪਣੀ ਤਸਵੀਰ ਲਗਾਉਣ ਪਰ ਜੇਕਰ ਜਾਖੜ੍ਹ ਸਾਬ੍ਹ ਇਹ ਸਾਬਤ ਕਰ ਦੇਣ ਤਾਂ ਉਹ ਰਾਜਨੀਤੀ ਛੱਡ ਦੇਣਗੇ।
ਇਹ ਸੀਐਮ ਭਗਵੰਤ ਮਾਨ ਦੀ ਸੱਚਾਈ ਅਤੇ ਗੜ੍ਹਸ ਬੋਲ ਰਹੀ ਸੀ, ਨਹੀਂ ਤਾਂ ਕਿਸੇ ਸੂਬੇ ਦੇ ਮੁੱਖ ਮੰਤਰੀ ਵਿਚ ਇੰਨੀ ਹਿੰਮਤ ਨਹੀਂ ਕਿ ਉਹ ਕਿਸੇ ਗੱਲ ਵਿਚ ਸੱਚਾਈ ਹੋਣ ਦੇ ਬਾਵਜੂਦ ਇੰਨੀ ਗੱਲ ਆਖ ਦੇਵੇ। ਇਸ ਮਗਰੋਂ ਜੋ ਕੁੱਝ ਹੋਇਆ, ਉਸ ਨੇ ਸੁਨੀਲ ਜਾਖੜ ਦੀ ਜਮ੍ਹਾਂ ਫੱਟੀ ਪੋਚ ਕੇ ਰੱਖ ਦਿੱਤੀ ਕਿਉਂਕਿ ਸੀਐਮ ਮਾਨ ਦੇ ਇਸ ਬਿਆਨ ਮਗਰੋਂ ਕੇਂਦਰ ਸਰਕਾਰ ਨੂੰ ਵੀ ਝੁਕਣਾ ਪੈ ਗਿਆ। ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਇਸ ਵਾਰ ਦੀ ਗਣਤੰਤਰ ਪ੍ਰੇਡ ਵਿਚ ਸ਼ਾਮਲ ਕਰਨ ਦੇ ਨਾਲ ਨਾਲ ਅਗਲੇ ਤਿੰਨ ਸਾਲਾਂ ਵਾਸਤੇ ਵੀ ਹਰੀ ਝੰਡੀ ਦੇ ਦਿੱਤੀ।
ਜਿੱਥੇ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਭਾਜਪਾ ਨੂੰ ਇਸ ਮਾਮਲੇ ਨਾਲ ਵੱਡਾ ਨੁਕਸਾਨ ਝੱਲਣਾ ਪਵੇਗਾ, ਉਥੇ ਹੀ ਆਮ ਆਦਮੀ ਪਾਰਟੀ ਨੂੰ ਇਸ ਦਾ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਸੀਐਮ ਭਗਵੰਤ ਮਾਨ ਇਸ ਮੁੱਦੇ ਨੂੰ ਮਿੱਟੀ ਵਿਚ ਰੁਲਣ ਨਹੀਂ ਦੇਣਗੇ,,, ਚੋਣਾਂ ਤੱਕ ਜ਼ਿੰਦਾ ਰੱਖਣਗੇ ਤਾਂ ਜੋ ਆਪਣੀ ਕੱਟੜ ਵਿਰੋਧੀ ਭਾਜਪਾ ਨੂੰ ਮਾਤ ਦਿੱਤੀ ਜਾ ਸਕੇ।
ਹੁਣ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੇ ਦੂਜੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ,,, ਇਸ ਮਾਮਲੇ ਵਿਚ ਅਕਾਲੀ ਦਲ ਨੂੰ ਕਸੂਤੀ ਸਥਿਤੀ ਵਿਚ ਫਸਾਉਣ ਦਾ ਸਿਹਰਾ ਸੀਐਮ ਭਗਵੰਤ ਮਾਨ ਦੇ ਸਿਰ ਸਜਦਾ ਏ, ਜਿਨ੍ਹਾਂ ਨੇ ਆਪਣੀ ਓਪਨ ਡਿਬੇਟ ਵਿਚ ਅਕਾਲੀ ਦਲ ਬਾਰੇ ਅਜਿਹੇ ਸਨਸਨੀਖੇਜ਼ ਖ਼ੁਲਾਸੇ ਕੀਤੇ ਕਿ ਉਨ੍ਹਾਂ ਨੂੰ ਸੁਣ ਕੇ ਪੰਜਾਬੀ ਵੀ ਸੁੰਨ ਹੋ ਗਏ। ਸੀਐਮ ਮਾਨ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ’ਤੇ ਬਾਲਾਸਰ ਫਾਰਮ ਨੂੰ ਵਿਸ਼ੇਸ਼ ਨਹਿਰ ਕੱਢੇ ਜਾਣ ਦੇ ਇਲਜ਼ਾਮ ਲਗਾਏ, ਉਥੇ ਹੀ ਬੱਸਾਂ ਦੇ ਮਾਮਲੇ ਨੂੰ ਲੈ ਕੇ ਵੀ ਉਨ੍ਹਾਂ ਬਾਦਲ ਪਰਿਵਾਰ ਨੂੰ ਚੰਗੇ ਰਗੜੇ ਲਗਾਏ।
ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਐ ਜਦੋਂ ਸ਼੍ਰੋਮਣੀ ਅਕਾਲੀ ਦਲ ਇੰਨੀ ਕਸੂਤੀ ਸਥਿਤੀ ਵਿਚ ਘਿਰਿਆ ਹੋਵੇ ਕਿਉਂਕਿ ਜਿੱਥੇ ਆਪਣੀ ਸਰਕਾਰ ਵੇਲੇ ਹੋਈਆਂ ਗ਼ਲਤੀਆਂ ਦੀ ਮੁਆਫ਼ੀ ਮੰਗ ਕੇ ਸੁਖਬੀਰ ਬਾਦਲ ਨੂੰ ਕੁੱਝ ਰਾਹਤ ਮਹਿਸੂਸ ਹੋਈ ਸੀ, ਉਥੇ ਹੀ ਹੁਣ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਮਾਮਲੇ ਦੀ ਰਿਪੋਰਟ ਦਾ ਭੂਤ ਅਕਾਲੀ ਦਲ ਨੂੰ ਡਰਾਉਣ ਲੱਗ ਪਿਆ ਏ ਕਿਉਂਕਿ ਤਤਕਾਲੀ ਬਾਦਲ ਸਰਕਾਰ ਨੇ ਕੌਮ ਨਾਲ ਵਾਅਦਾ ਕਰਨ ਦੇ ਬਾਵਜੂਦ ਇਸ ਕੇਸ ਦੀ ਫਾਈਲ ਦਹਾਕਿਆਂ ਤੱਕ ਦਬਾ ਕੇ ਰੱਖਿਆ।
ਪੰਥ ਦੀ ਸਰਕਾਰ ਆਉਣ ’ਤੇ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਕੌਮ ਦੇ ਜਥੇਦਾਰ ਦੀ ਮੌਤ ਦਾ ਇਨਸਾਫ਼ ਸ਼ਾਇਦ ਹੁਣ ਮਿਲ ਜਾਵੇਗਾ ਪਰ ਤਤਕਾਲੀ ਬਾਦਲ ਸਰਕਾਰ ਨੇ ਤਾਂ ਫਾਈਲ ਤੋਂ ਮਿੱਟੀ ਵੀ ਨਹੀਂ ਝਾੜੀ। ਲੋਕਾਂ ਦਾ ਕਹਿਣਾ ਏ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ’ਤੇ ਕੇਸ ਦਾਇਰ ਕਰਵਾ ਦਿੱਤਾ ਕਿ ਓਪਨ ਡਿਬੇਟ ਵਿਚ ਉਨ੍ਹਾਂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਨੇ, ਜਿਨ੍ਹਾਂ ਜ਼ਰੀਏ ਅਕਾਲੀ ਦਲ ਦੀ ਸ਼ਾਖ਼ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਏ।
ਜਦੋਂ ਵੀ ਕੋਈ ਵਿਰੋਧੀ ਸੀਐਮ ਭਗਵੰਤ ਮਾਨ ਦੇ ਖ਼ਿਲਾਫ਼ ਕੋਈ ਬਿਆਨ ਦਿੰਦਾ ਏ ਤਾਂ ਵਿਰੋਧੀਆਂ ਲਈ ਇਹ ‘ਭਰਿੰਡਾਂ ਦੇ ਖੱਖਰ’ ਨੂੰ ਛੇੜਨ ਦੇ ਬਰਾਬਰ ਐ,,, ਸੀਐਮ ਭਗਵੰਤ ਮਾਨ ਵੀ ਆਪਣੇ ਕਈ ਬਿਆਨਾਂ ਵਿਚ ਖ਼ੁਦ ਦੇ ਲਈ ਇਹ ਗੱਲ ਆਖ ਚੁੱਕੇ ਨੇ। ਸੁਖਬੀਰ ਬਾਦਲ ਦੇ ਕੇਸ ਦਰਜ ਕਰਵਾਏ ਜਾਣ ਤੋਂ ਬਾਅਦ ਸੀਐਮ ਮਾਨ ਨੇ ਆਖਿਆ ਕਿ ਉਹ ਅੱਜ ਵੀ ਆਪਣੇ ਉਸ ਬਿਆਨ ’ਤੇ ਕਾਇਮ ਨੇ, ਸੁਖਬੀਰ ਬਾਦਲ ਨੇ ਜਿੱਥੇ ਕੇਸ ਕਰਨਾ ਏ ਕਰ ਲਵੇ।
ਹੁਣ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਦੀ ਤੀਜੀ ਵਿਰੋਧੀ ਪਾਰਟੀ ਕਾਂਗਰਸ ਦੀ,,, ਭਾਵੇਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਹਾਈਕਮਾਨ ਪੱਧਰ ’ਤੇ ਬਣੇ ਇੰਡੀਆ ਗਠਜੋੜ ਵਿਚ ਸ਼ਾਮਲ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਬਾਵਜੂਦ ਕਾਂਗਰਸ ’ਤੇ ਵੀ ਤਿੱਖੇ ਨਿਸ਼ਾਨੇ ਸਾਧਣ ਤੋਂ ਨਹੀਂ ਖੁੰਝਦੇ। ਸਰਕਾਰ ਬਣਦਿਆਂ ਉਨ੍ਹਾਂ ਕਾਂਗਰਸ ਨੂੰ ਚੰਗੇ ਰਗੜੇ ਲਗਾਏ ਸੀ, ਪਰ ਮੌਜੂਦਾ ਸਮੇਂ ਉਨ੍ਹਾਂ ਦੀ ਕਾਂਗਰਸ ਵਿਰੁੱਧ ਬਿਆਨਬਾਜ਼ੀ ਪਹਿਲਾਂ ਨਾਲੋਂ ਕਾਫ਼ੀ ਘੱਟ ਐ।
ਹਾਲਾਂਕਿ ਬੀਤੇ ਦਿਨੀਂ ਕਾਂਗਰਸ ਦੇ ਵਿਰੁੱਧ ਸੀਐਮ ਮਾਨ ਨੇ ਚੰਦ ਲਫ਼ਜ਼ਾਂ ਵਿਚ ਅਜਿਹੀ ਗੱਲ ਕਾਂਗਰਸ ਬਾਰੇ ਆਖ ਦਿੱਤੀ ਸੀ, ਜਿਸ ਨਾਲ ਕਈ ਕਾਂਗਰਸ ਤੜਫ ਉਠੇ ਸੀ। ਉਨ੍ਹਾਂ ਆਖਿਆ ਸੀ ਕਿ ਕਾਂਗਰਸ ਦਾ ਵਜ਼ੂਦ ਖ਼ਤਮ ਹੁੰਦਾ ਜਾ ਰਿਹਾ ਏ, ਦਿੱਲੀ ਅਤੇ ਪੰਜਾਬ ਵਿਚ ਮਾਂ ਆਪਣੇ ਬੱਚਿਆਂ ਨੂੰ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਐ,,, ‘ਏਕ ਥੀ ਕਾਂਗਰਸ’।
ਖ਼ੈਰ,,,, ਵਿਰੋਧੀ ਪਾਰਟੀਆਂ ਦੇ ਕਿਸੇ ਆਗੂ ਵੱਲੋਂ ਗੱਲਾਂ ਵਿਚ ਸੀਐਮ ਭਗਵੰਤ ਮਾਨ ਨੂੰ ਜਿੱਤਣਾ ਔਖਾ ਹੀ ਨਹੀਂ ਬਲਕਿ ਅਸੰਭਵ ਜਾਪਦਾ ਏ ਕਿਉਂਕਿ ਪਹਿਲਾਂ ਤਾਂ ਉਹ ਸਿਰਫ਼ ਕਾਮੇਡੀ ਕਰਦੇ ਸਨ, ਪਰ ਹੁਣ ਉਹ ਸੂਬੇ ਦੇ ਮੁੱਖ ਮੰਤਰੀ ਨੇ ਅਤੇ ਹਰ ਸਬੂਤ ਉਨ੍ਹਾਂ ਦੇ ਹੱਥ ਵਿਚ ਐ। ਹਾਲਾਂਕਿ ਆਪਣੇ ਕੁੱਝ ਵਿਧਾਇਕਾਂ ਜਾਂ ਮੰਤਰੀਆਂ ਦੀਆਂ ਕੁੱਝ ਗ਼ਲਤੀਆਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਨਮੋਸ਼ੀ ਜ਼ਰੂਰ ਝੱਲਣੀ ਪਈ ਪਰ ਮੌਜੂਦਾ ਸਮੇਂ ਉਹ ਖ਼ੁਦ ਆਪਣੇ ਸਾਰੇ ਵਿਰੋਧੀਆਂ ਦੇ ਲਈ ‘ਵਨ ਮੈਨ ਆਰਮੀ’ ਬਣੇ ਹੋਏ ਨੇ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ