ਕਿਸਾਨੀ ਧਰਨੇ ਕੋਲ ਬੀਅਰ ਦਾ ਟਰੱਕ ਢੇਰੀ ਕਰ ਗਿਆ ਕੋਈ
ਸ਼ੰਭੂ ਬਾਰਡਰ : ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਮੌਜੂਦ ਕਿਸਾਨਾਂ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਿਸਾਨਾਂ ਦੇ ਧਰਨੇ ਦੇ ਨੇੜੇ ਹੀ ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀ ਬੀਅਰ ਦਾ ਭਰਿਆ ਟਰੱਕ ਅਨਲੋਡ ਕਰਕੇ ਚਲੇ ਗਏ, ਪਰ ਜਿਵੇਂ ਹੀ ਸਵੇਰੇ ਕਿਸਾਨਾਂ ਨੇ ਇਹ ਬੀਅਰ ਦੀਆਂ ਸੀਲਬੰਦ ਬੋਤਲਾਂ ਅਤੇ ਕੈਨ ਪਏ ਦੇਖੇ ਤਾਂ ਸਾਰੇ ਕਿਸਾਨੀ […]
By : Makhan Shah
ਸ਼ੰਭੂ ਬਾਰਡਰ : ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ’ਤੇ ਮੌਜੂਦ ਕਿਸਾਨਾਂ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਿਸਾਨਾਂ ਦੇ ਧਰਨੇ ਦੇ ਨੇੜੇ ਹੀ ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀ ਬੀਅਰ ਦਾ ਭਰਿਆ ਟਰੱਕ ਅਨਲੋਡ ਕਰਕੇ ਚਲੇ ਗਏ, ਪਰ ਜਿਵੇਂ ਹੀ ਸਵੇਰੇ ਕਿਸਾਨਾਂ ਨੇ ਇਹ ਬੀਅਰ ਦੀਆਂ ਸੀਲਬੰਦ ਬੋਤਲਾਂ ਅਤੇ ਕੈਨ ਪਏ ਦੇਖੇ ਤਾਂ ਸਾਰੇ ਕਿਸਾਨੀ ਧਰਨੇ ਵਿਚ ਹੜਕੰਪ ਮੱਚ ਗਿਆ।
ਵੱਡੀ ਖ਼ਬਰ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਐ, ਜਿੱਥੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਧਰਨਾ ਲਾਈ ਬੈਠੇ ਕਿਸਾਨਾਂ ਦੇ ਕੈਂਪ ਨੇੜੇ ਦੇਰ ਰਾਤ ਕੁੱਝ ਅਣਪਛਾਤੇ ਵਿਅਕਤੀ ਬੀਅਰ ਦਾ ਟਰੱਕ ਢੇਰੀ ਕਰਕੇ ਚਲੇ ਗਏ ਅਤੇ ਕਿਸਾਨਾਂ ਨੂੰ ਭਿਣਕ ਤੱਕ ਨਹੀਂ ਲੱਗੀ ਸਕੀ ਪਰ ਜਦੋਂ ਸਵੇਰੇ ਕਿਸਾਨਾਂ ਨੇ ਇਹ ਸਭ ਕੁੱਝ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ।
ਕਿਸਾਨਾਂ ਵੱਲੋਂ ਤੁਰੰਤ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਕਿਸਾਨਾਂ ਦਾ ਕਹਿਣਾ ਏ ਕਿ ਸਰਕਾਰ ਵੱਲੋਂ ਉਨ੍ਹਾਂ ਦੇ ਅੰਦੋਲਨ ਨੂੰ ਗ਼ਲਤ ਦਿਸ਼ਾ ਵਿਚ ਮੋੜਨ ਲਈ ਇਹ ਗ਼ਲਤ ਹਰਕਤਾਂ ਕੀਤੀਆਂ ਜਾ ਰਹੀਆਂ ਨੇ। ਕਿਸਾਨਾਂ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ, ਜਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ।
ਮੌਕੇ ’ਤੇ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਧਰਨਾ ਦੇ ਰਹੇ ਨੇ, ਜਿਸ ਕਰਕੇ ਸ਼ੰਭੂ ਬਾਰਡਰ ਦੇ ਨੇੜੇ ਹੀ ਕਿਸਾਨਾਂ ਨੇ ਆਪਣਾ ਕੈਂਪ ਲਗਾਇਆ ਹੋਇਆ ਏ ਪਰ ਦੇਰ ਰਾਤ ਕੋਈ ਇਨ੍ਹਾਂ ਕੈਂਪਾਂ ਦੇ ਨੇੜੇ ਬੀਅਰ ਦਾ ਇਕ ਲਾਟ ਅਨਲੋਡ ਕਰਕੇ ਚਲਾ ਗਿਆ।
ਸ਼ਾਇਦ ਦੇਰ ਰਾਤ ਕੋਈ ਗੱਡੀ ਆਈ ਹੋਵੇਗੀ ਜੋ ਇੱਥੇ ਬੀਅਰ ਢੇਰੀ ਕਰਕੇ ਚਲੀ ਗਈ ਅਤੇ ਕਿਸਾਨਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ। ਦਰਅਸਲ ਇਹ ਬੀਅਰ ਦੀਆਂ ਸੀਲਬੰਦ ਬੋਤਲਾਂ ਅਤੇ ਕੈਨ ਕਿਸਾਨਾਂ ਦੇ ਕੈਂਪ ਤੋਂ ਥੋੜ੍ਹੀ ਦੂਰੀ ’ਤੇ ਜੰਗਲ ਵਿਚ ਪਏ ਮਿਲੇ। ਇਨ੍ਹਾਂ ਬੀਅਰ ਦੇ ਡੱਬਿਆਂ ’ਤੇ ਮੈਨੂਫੈਕਚਰਿੰਗ ਤਰੀਕ 3 ਮਾਰਚ 2023 ਲਿਖੀ ਹੋਈ ਐ।
ਉਧਰ ਇਸ ਮਾਮਲੇ ਵਿਚ ਕਿਸਾਨਾਂ ਦਾ ਕਹਿਣਾ ਏ ਕਿ ਸਰਕਾਰ ਉਨ੍ਹਾਂ ਦੇ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਐ। ਉਨ੍ਹਾ ਆਖਿਆ ਕਿ ਉਹ ਤਾਂ ਪਹਿਲਾਂ ਤੋਂ ਹੀ ਇਹ ਆਖਦੇ ਆ ਰਹੇ ਨੇ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਕੋਈ ਵੀ ਹਥਕੰਡਾ ਅਪਣਾ ਸਕਦੀ ਐ। ਉਨ੍ਹਾਂ ਆਖਿਆ ਕਿ ਕਿਸਾਨੀ ਕੈਂਪ ਨੇੜੇ ਬੀਅਰ ਸੁੱਟਣ ਪਿਛੇ ਵੀ ਸਰਕਾਰ ਦਾ ਹੱਥ ਹੋ ਸਕਦਾ ਏ ਤਾਂ ਜੋ ਕਿਸੇ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਲੋਕ ਕਿਸਾਨਾਂ ਦੇ ਖ਼ਿਲਾਫ਼ ਹੋ ਜਾਣ।
ਇੱਥੇ ਹੀ ਬਸ ਨਹੀਂ, ਕਿਸਾਨ ਆਗੂਆਂ ਵੱਲੋਂ ਐਸਐਸਪੀ ਪਟਿਆਲਾ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੇ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਐ। ਉਨ੍ਹਾਂ ਆਖਿਆ ਕਿ ਬੀਅਰ ਕੰਪਨੀ ਦੇ ਸਬੰਧਤ ਮਾਲਕ ਅਤੇ ਸਬੰਧਤ ਠੇਕੇਦਾਰਾਂ ’ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਐ।
ਫਿਲਹਾਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬੀਅਰ ਦੀ ਸਾਰੀ ਖੇਪ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਆਖ਼ਰਕਾਰ ਇਹ ਬੀਅਰ ਦੀਆਂ ਬੋਤਲਾਂ ਅਤੇ ਕੈਨ ਕਿਸ ਦੇ ਵੱਲੋਂ ਇੱਥੇ ਸੁੱਟੇ ਗਏ।