ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬਾਰੇ ਕੀਤਾ ਜਾਗਰੂਕ
ਸੰਗਰੂਰ,14 ਮਈ, ਪਰਦੀਪ ਸਿੰਘ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਲਈ ਪਿੰਡ ਦੀਵਾਨਗੜ੍ਹ ਕੈਂਪਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 40 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ […]
By : Editor Editor
ਸੰਗਰੂਰ,14 ਮਈ, ਪਰਦੀਪ ਸਿੰਘ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਲਈ ਪਿੰਡ ਦੀਵਾਨਗੜ੍ਹ ਕੈਂਪਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 40 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਜਿਵੇਂ ਕਿ ਪੀ ਆਰ 126, 128, 129 ਅਤੇ 114 ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਹਨਾਂ ਕਿਸਮਾਂ ਦੀ ਲੁਆਈ 25 ਜੂਨ ਤੋਂ ਅੱਧ ਜੁਲਾਈ ਵਿਚਕਾਰ ਕਰਕੇ ਸਿੰਚਾਈ ਵਾਲੇ ਪਾਣੀ ਦੀ ਬਚੱਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹਨਾਂ ਕਿਸਮਾਂ ਦੀ ਪਰਾਲੀ ਦੀ ਸੰਭਾਲ ਵੀ ਸੁਖਾਲੀ ਹੁੰਦੀ ਹੈ ਅਤੇ ਖੇਤੀ ਰਸਾਇਣਾਂ ਦੀ ਖਪਤ ਵੀ ਘਟਦੀ ਹੈ। ਇਸ ਤੋਂ ਇਲਾਵਾ ਉਹਨਾਂ ਝੋਨੇ ਦੀ ਕਿਸਮ- ਵਾਈਜ਼ ਪਨੀਰੀ ਬੀਜਣ ਅਤੇ ਲਵਾਈ ਦੇ ਸਮੇਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਪੀ ਆਰ 131, 129, 128, 121 ਅਤੇ 114 ਦੀ ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਤੋਂ 25 ਮਈ ਤੱਕ ਹੈ | ਪੀ ਆਰ 130 ਅਤੇ 127 ਕਿਸਮਾਂ ਦੀ ਪਨੀਰੀ ਦੀ ਬਿਜਾਈ 25 ਤੋਂ 31 ਮਈ ਤੱਕ ਕਰਨੀ ਚਾਹੀਦੀ ਹੈ| ਜਦਕਿ, ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਪੀ ਆਰ 126 ਦੀ ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 25 ਮਈ ਤੋਂ 20 ਜੂਨ ਤੱਕ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀਆਂ ਇਹਨਾਂ ਸਾਰੀਆਂ ਕਿਸਮਾਂ ਦੀ ਲੁਆਈ ਨੂੰ 20 ਜੂਨ ਤੋਂ ਅੱਧ ਜੁਲਾਈ ਤੱਕ ਵੰਡਿਆ ਜਾ ਸਕਦਾ ਹੈ| ਝੋਨੇ ਦੀ ਲੁਆਈ ਸਮੇਂ ਪੀ ਆਰ 126 ਦੀ 25-30 ਦਿਨ ਦੀ ਪਨੀਰੀ ਵਰਤਣੀ ਚਾਹੀਦੀ ਹੈ ਜਦਕਿ ਬਾਕੀ ਕਿਸਮਾਂ ਦੀ 30-35 ਦਿਨ ਦੀ ਪਨੀਰੀ ਲਗਾਈ ਜਾ ਸਕਦੀ ਹੈ| 25 ਜੂਨ ਦੇ ਆਸ-ਪਾਸ ਲਗਾਏ ਜਾਣ ਨਾਲ ਜ਼ਿਆਦਾਤਰ ਕਿਸਮਾਂ ਦਾ ਸਭ ਤੋਂ ਵੱਧ ਝਾੜ ਮਿਲਦਾ ਹੈ ਜਦੋਂ ਕਿ ਪੀਆਰ 126 ਦੀ ਲੁਆਈ ਅੱਧ ਜੁਲਾਈ ਤੱਕ ਕਰਨ ਨਾਲ ਹੋਰ ਵੀ ਵਧੀਆ ਝਾੜ ਮਿਲਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ| ਪੀ ਆਰ 126 ਦੀ ਲੁਆਈ ਜੂਨ ਵਿੱਚ ਤਾਂ ਹੀ ਕੀਤੀ ਜਾਵੇ ਜੇਕਰ ਕਿਸਾਨ ਝੋਨੇ ਤੋਂ ਬਾਅਦ ਆਲੂ/ਮਟਰ ਬੀਜਣਾ ਚਾਹੁੰਦੇ ਹੋਣ। ਇਸ ਮੌਕੇ ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ, ਝੋਨੇ ਦੀ ਸਿੱਧੀ ਬਿਜਾਈ ਅਤੇ ਮਿੱਟੀ- ਪਾਣੀ ਪਰਖ ਦੀ ਮਹਤੱਤਾ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ।
ਉਹਨਾਂ ਝੋਨੇ ਅਤੇ ਬਾਸਮਤੀ ਦੇ ਬੀਜ ਦੀ ਸੋਧ ਬਾਰੇ ਵੀ ਦੱਸਿਆ। ਇਸ ਮੌਕੇ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜੁਆਬ ਦਿੱਤੇ ਗਏ ਅਤੇ ਖੇਤ ਵਿਚੋਂ ਮਿੱਟੀ ਦਾ ਸੈਂਪਲ ਲੈਣ ਦੇ ਤਰੀਕੇ ਦਾ ਸਫਲ ਪ੍ਰਦਰਸ਼ਨ ਕੀਤਾ ਗਿਆ। ਸਾਉਣੀ 2024 ਦੀਆਂ ਫਸਲਾਂ ਦੀਆਂ ਕਿਤਾਬਾਂ ਵੀ ਮੁੱਹਈਆ ਕਰਵਾਈਆਂ ਗਈਆਂ। ਅਖੀਰ ਵਿੱਚ ਮੱਖਣ ਸਿੰਘ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।