ਕੈਨੇਡਾ ’ਚ ਸਕੂਲ ਤੋਂ ਘਰ ਜਾ ਰਹੇ ਸਿੱਖ ਵਿਦਿਆਰਥੀ ’ਤੇ ਹਮਲਾ
ਕੈਲੋਨਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਸਿਰਫ ਪੰਜ ਮਹੀਨੇ ਪਹਿਲਾਂ ਕੈਨੇਡਾ ਆਏ ਸਿੱਖ ਵਿਦਿਆਰਥੀ ’ਤੇ ਹਮਲਾ ਹੋਣ ਦਾ ਸੰਜੀਦਾ ਮਾਮਲਾ ਸਾਹਮਣੇ ਆਇਆ ਹੈ। 11ਵੀਂ ਵਿਚ ਪੜ੍ਹਦਾ ਸਿੱਖ ਵਿਦਿਆਰਥੀ ਸਕੂਲ ਤੋਂ ਘਰ ਜਾ ਰਿਹਾ ਸੀ ਜਦੋਂ ਬੀ.ਸੀ. ਟ੍ਰਾਂਜ਼ਿਟ ਦੀ ਬੱਸ ਵਿਚ ਸਵਾਰ ਦੋ ਜਣਿਆਂ ਨੇ ਹਮਲਾ ਕੀਤਾ ਅਤੇ ਬੱਸ ਡਰਾਈਵਰ ਨੇ ਇਨ੍ਹਾਂ ਨੂੰ ਰੋਕਣਾ ਵਾਜਬ ਨਾ […]
By : Hamdard Tv Admin
ਕੈਲੋਨਾ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਸਿਰਫ ਪੰਜ ਮਹੀਨੇ ਪਹਿਲਾਂ ਕੈਨੇਡਾ ਆਏ ਸਿੱਖ ਵਿਦਿਆਰਥੀ ’ਤੇ ਹਮਲਾ ਹੋਣ ਦਾ ਸੰਜੀਦਾ ਮਾਮਲਾ ਸਾਹਮਣੇ ਆਇਆ ਹੈ। 11ਵੀਂ ਵਿਚ ਪੜ੍ਹਦਾ ਸਿੱਖ ਵਿਦਿਆਰਥੀ ਸਕੂਲ ਤੋਂ ਘਰ ਜਾ ਰਿਹਾ ਸੀ ਜਦੋਂ ਬੀ.ਸੀ. ਟ੍ਰਾਂਜ਼ਿਟ ਦੀ ਬੱਸ ਵਿਚ ਸਵਾਰ ਦੋ ਜਣਿਆਂ ਨੇ ਹਮਲਾ ਕੀਤਾ ਅਤੇ ਬੱਸ ਡਰਾਈਵਰ ਨੇ ਇਨ੍ਹਾਂ ਨੂੰ ਰੋਕਣਾ ਵਾਜਬ ਨਾ ਸਮਝਿਆ।
ਸਿੱਖ ਵਿਦਿਆਰਥੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਕੈਲੋਨਾ ਆਰ.ਸੀ.ਐਮ.ਪੀ. ਦੇ ਅਫਸਰ ਮਾਈਕਲ ਗਾਊਥੀਅਰ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਅੱਲ੍ਹੜ ਉਮਰ ਦੇ ਸ਼ੱਕੀ ਦੀ ਪਛਾਣ ਹੋ ਚੁੱਕੀ ਹੈ। ਉਧਰ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਕ ਬਿਆਨ ਜਾਰੀ ਕਰਦਿਆਂ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਸਿੱਖ ਵਿਦਿਆਰਥੀ ਨੂੰ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਉਸ ਉਪਰ ਹਮਲਾ ਕਿਉਂ ਹੋਇਆ।
ਰਟਲੈਂਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਨਾਲ ਵਾਪਰੀ ਘਟਨਾ ਬਾਰੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦੱਸਿਆ ਕਿ ਬੱਸ ਵਿਚ ਦੋ ਜਣਿਆਂ ਨੇ ਲਾਈਟਰ ਨਾਲ ਅੱਗ ਬਾਲ ਕੇ ਉਸ ਨੂੰ ਧਮਕਾਇਆ ਅਤੇ ਸਾਰੇ ਘਟਨਾਕ੍ਰਮ ਦੀ ਵੀਡੀਓ ਰਿਕਾਰਡਿੰਗ ਵੀ ਕਰਦੇ ਰਹੇ। ਸਿੱਖ ਵਿਦਿਆਰਥੀ ਨੇ ਦੋਹਾਂ ਤੋਂ ਪਾਸਾ ਵੱਟਣ ਦਾ ਯਤਨ ਕੀਤਾ ਤਾਂ ਬੱਸ ਦੇ ਡਰਾਈਵਰ ਸਾਹਮਣੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਜਥੇਬੰਦੀ ਦੀ ਬੀ.ਸੀ. ਇਕਾਈ ਦੇ ਮੀਤ ਪ੍ਰਧਾਨ ਅਮਨ ਸਿੰਘ ਹੁੰਦਲ ਨੇ ਕਿਹਾ ਕਿ ਬੱਸ ਡਰਾਈਵਰ ਨੇ ਹਮਲਾਵਰਾਂ ਦੇ ਨਾਲ ਪੀੜਤ ਨੂੰ ਵੀ ਬੱਸ ਵਿਚੋਂ ਉਤਾਰ ਦਿਤਾ ਜਿਸ ਮਗਰੋਂ ਸਿੱਖ ਵਿਦਿਆਰਥੀ ’ਤੇ ਪੈਪਰ ਸਪ੍ਰੇਅ ਕੀਤਾ ਗਿਆ ਅਤੇ ਨੇੜੇ ਖੜ੍ਹੇ ਕੁਝ ਲੋਕਾਂ ਨੇ ਪੁਲਿਸ ਸੱਦ ਲਈ। ਅਮਨ ਸਿੰਘ ਹੁੰਦਲ ਨੇ ਸਵਾਲ ਉਠਾਇਆ ਕਿ ਬੀ.ਸੀ. ਟ੍ਰਾਂਜ਼ਿਟ ਦੇ ਡਰਾਈਵਰ ਨੇ ਹਮਲਾਵਰਾਂ ਦੇ ਨਾਲ-ਨਾਲ ਪੀੜਤ ਨੂੰ ਬੱਸ ਵਿਚੋਂ ਉਤਰਨ ਲਈ ਮਜਬੂਰ ਕਿਉਂ ਕੀਤਾ?
ਡਰਾਈਵਰ ਨੇ ਸਿੱਖ ਵਿਦਿਆਰਥੀ ਨੂੰ ਇਕ ਚੌਰਾਹੇ ’ਤੇ ਇਕੱਲਾ ਛੱਡ ਦਿਤਾ ਜਿਥੇ ਉਸ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ। ਉਧਰ ਬੀ.ਸੀ. ਟ੍ਰਾਂਜ਼ਿਟ ਦੇ ਇਕ ਬੁਲਾਰੇ ਨੇ ਕਿਹਾ ਕਿ ਵਿਦਿਆਰਥੀ ’ਤੇ ਹਮਲੇ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ ਅਤੇ ਪੜਤਾਲ ਵਿਚ ਪੁਲਿਸ ਨੂੰ ਹਰ ਸੰਭਵ ਸਹਿਯੋਗ ਦਿਤਾ ਜਾ ਰਿਹਾ ਹੈ।
ਅਮਨ ਸਿੰਘ ਹੁੰਦਲ ਵੱਲੋਂ ਲਾਏ ਦੋਸ਼ਾਂ ਬਾਰੇ ਬੀ.ਸੀ. ਟ੍ਰਾਂਜ਼ਿਟ ਨੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਪੜਤਾਲ ਚੱਲ ਰਹੀ ਹੋਣ ਕਾਰਨ ਇਸ ਮਾਮਲੇ ਬਾਰੇ ਹੋਰ ਕੁਝ ਵੀ ਕਹਿਣਾ ਸੰਭਵ ਨਹੀਂ। ਬੁਲਾਰੇ ਨੇ ਅੱਗੇ ਕਿਹਾ ਕਿ ਬੀ.ਸੀ. ਟ੍ਰਾਂਜ਼ਿਟ ਦੀਆਂ ਬੱਸਾਂ ਜਾਂ ਬੱਸ ਸਟੌਪ ’ਤੇ ਅਜਿੀਆਂ ਘਟਨਾਵਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਹਨ ਪਰ ਕੋਈ ਮਾਮਲਾ ਸਾਹਮਣੇ ਆਉਣ ’ਤੇ ਉਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।
ਉਧਰ ਕੈਲੋਨਾ ਤੋਂ ਕੌਂਸਲਰ ਮੋਹਿਨੀ ਸਿੰਘ ਨੇ ਤਕਰੀਬਨ ਪੰਜ ਮਹੀਨੇ ਪਹਿਲਾਂ ਕੈਨੇਡਾ ਪੁੱਜੇ ਸਿੱਖ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ। ਅਜਿਹੇ ਵਿਚ ਉਹ ਕਿਸੇ ਨਾਲ ਵਾਧੂ ਗੱਲ ਨਹੀਂ ਕਰਦਾ। ਉਸ ਨੂੰ ਸਿਰਫ ਸਕੂਲ ਜਾਣਾ ਪਸੰਦ ਹੈ ਅਤੇ ਆਪਣੇ ਟੀਚਰਾਂ ਨਾਲ ਉਸ ਦਾ ਬਹੁਤ ਪਿਆਰ ਹੈ ਪਰ ਹਮਲੇ ਮਗਰੋਂ ਉਹ ਡੂੰਘੇ ਸਦਮੇ ਵਿਚ ਹੈ। ਮੋਹਿਨੀ ਸਿੰਘ ਨੇ ਸਿੱਖ ਵਿਦਿਆਰਥੀ ਦੇ ਘਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ।
ਇਥੇ ਦਸਣਾ ਬਣਦਾ ਹੈ ਕਿ ਬੀਤੇ ਮਾਰਚ ਮਹੀਨੇ ਦੌਰਾਨ ਬੀ.ਸੀ. ਟ੍ਰਾਂਜ਼ਿਟ ਦੀ ਬੱਸ ਵਿਚੋਂ ਉਤਰੇ ਗਗਨਦੀਪ ਸਿੰਘ ਨੂੰ ਕੈਲੋਨਾ ਵਿਖੇ ਹੀ ਨਿਸ਼ਾਨਾ ਬਣਾਇਆ ਗਿਆ ਸੀ। ਗਗਨਦੀਪ ਸਿੰਘ ਉਤੇ ਕਈ ਜਣਿਆਂ ਨੇ ਹਮਲਾ ਕਰਦਿਆਂ ਉਸ ਦੀ ਪੱਗ ਮਿੱਟੀ ਵਿਚ ਰੋਲ ਦਿਤੀ ਅਤੇ ਕੇਸਾਂ ਤੋਂ ਫੜ ਕੇ ਘੜੀਸਿਆ ਜਦੋਂ ਉਹ ਗਰੌਸਰੀ ਸਟੋਰ ਤੋਂ ਘਰ ਪਰਤ ਰਿਹਾ ਸੀ।
ਕੈਲੋਨਾ ਦੇ ਵਕੀਲ ਬਲ ਗਰੇਵਾਲ ਨੇ ਉਸ ਵੇਲੇ ਕਿਹਾ ਸੀ ਕਿ ਗਗਨਦੀਪ ਸਿੰਘ ਦੀ ਪੱਗ ਅਤੇ ਦਾੜ੍ਹੀ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਥੋਂ ਤੱਕ ਕਿ ਭੀੜ ਗਗਨਦੀਪ ਦੀ ਪੱਗ ਆਪਣੇ ਨਾਲ ਲੈ ਗਈ ਜੋ ਹੁਣ ਤੱਕ ਨਹੀਂ ਮਿਲ ਸਕੀ।