ਅਮਰੀਕਾ ਵਿਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ
ਇੰਡਿਆਨਾਪੌਲਿਸ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਵਿਦਿਆਰਥੀ ਦੀ ਸ਼ਨਾਖਤ ਨੀਲ ਅਚਾਰਿਆ ਵਜੋਂ ਕੀਤੀ ਗਈ ਹੈ ਜੋ ਐਤਵਾਰ ਤੋਂ ਲਾਪਤਾ ਸੀ ਅਤੇ ਉਸ ਦੀ ਮਾਂ ਗੌਰੀ ਅਚਾਰਿਆ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਪੁੱਤ ਦੀ ਭਾਲ ਵਾਸਤੇ ਮਦਦ ਮੰਗੀ ਗਈ। ਸ਼ਿਕਾਗੋ […]
By : Editor Editor
ਇੰਡਿਆਨਾਪੌਲਿਸ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਵਿਦਿਆਰਥੀ ਦੀ ਸ਼ਨਾਖਤ ਨੀਲ ਅਚਾਰਿਆ ਵਜੋਂ ਕੀਤੀ ਗਈ ਹੈ ਜੋ ਐਤਵਾਰ ਤੋਂ ਲਾਪਤਾ ਸੀ ਅਤੇ ਉਸ ਦੀ ਮਾਂ ਗੌਰੀ ਅਚਾਰਿਆ ਵੱਲੋਂ ਸੋਸ਼ਲ ਮੀਡੀਆ ਰਾਹੀਂ ਆਪਣੇ ਪੁੱਤ ਦੀ ਭਾਲ ਵਾਸਤੇ ਮਦਦ ਮੰਗੀ ਗਈ। ਸ਼ਿਕਾਗੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਨੀਲ ਅਚਾਰਿਆ ਦੇ ਪਰਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿਤਾ ਗਿਆ ਹੈ।
ਐਤਵਾਰ ਤੋਂ ਲਾਪਤਾ ਸੀ ਨੀਲ ਅਚਾਰਿਆ
ਨੀਲ ਅਚਾਰਿਆ ਨੂੰ ਆਖਰੀ ਵਾਰ ਇਕ ਟੈਕਸੀ ਡਰਾਈਵਰ ਨੇ ਦੇਖਿਆ ਜੋ ਉਸ ਨੂੰ 28 ਜਨਵਰੀ ਨੂੰ ਪਰਜਿਊ ਯੂਨੀਵਰਸਿਟੀ ਵਿਚ ਉਤਾਰ ਕੇ ਚਲਾ ਗਿਆ। ਆਪਣੇ ਪੁੱਤ ਨੂੰ ਵਾਰ ਵਾਰ ਫੋਨ ਕਰ ਰਹੀ ਗੌਰੀ ਅਚਾਰਿਆ ਨੂੰ ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਨ੍ਹਾਂ ਨੇ ਐਕਸ ਰਾਹੀਂ ਅਪੀਲ ਕੀਤੀ ਨੀਲ ਅਚਾਰਿਆ ਦੀ ਭਾਲ ਵਿਚ ਮਦਦ ਕੀਤੀ ਜਾਵੇ। ਉਧਰ ਟਿਪਕਾਨੋ ਕਾਊਂਟੀ ਦੇ ਕੌਰੋਨਰ ਦਫਤਰ ਨੇ ਕਿਹਾ ਕਿ ਐਤਵਾਰ ਨੂੰ ਵੈਸਟ ਲਾਫਾਇਤ ਸ਼ਹਿਰ ਦੇ ਐਲੀਸਨ ਰੋਡ ’ਤੇ ਇਕ ਲਾਸ਼ ਬਰਾਮਦ ਕੀਤੀ ਗਈ। ਬਾਅਦ ਵਿਚ ਡੂੰਘਾਈ ਨਾਲ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਪਰਜਿਊ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਨੀਲ ਅਚਾਰਿਆ ਜੌਹਨ ਮਾਰਟਿਨਸਨ ਹੌਨਰਜ਼ ਕਾਲਜ ਆਫ਼ ਪਰਜਿਊ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਅਤੇ ਡਾਟਾ ਸਾਇੰਸ ਦਾ ਕੋਰਸ ਕਰ ਰਿਹਾ ਸੀ। ਉਹ 2022 ਵਿਚ ਅਮਰੀਕਾ ਪੁੱਜਾ ਅਤੇ ਹੁਣ ਤੱਕ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਨੀਲ ਅਚਾਰਿਆ ਦੇ ਰੂਮ ਮੇਟ ਆਰਿਅਨ ਖਾਨੋਲਕਰ ਨੇ ਦੱਸਿਆ ਕਿ ਉਹ ਇਕ ਹਸਮੁਖ ਇਨਸਾਨ ਸੀ ਅਤੇ ਸਾਰੇ ਉਸ ਨੂੰ ਪਸੰਦ ਕਰਦੇ ਸਨ। ਪਿਛਲੇ ਸਮੇਂ ਦੌਰਾਨ ਨੀਲ ਅਚਾਰਿਆ ਦੇ ਕਿਸੇ ਮੁਸ਼ਕਲ ਵਿਚ ਘਿਰੇ ਹੋਣ ਬਾਰੇ ਕੋਈ ਸੰਕੇਤ ਨਹੀਂ ਮਿਲਿਆ।
ਲਾਚਾਰ ਮਾਂ ਨੇ ਸੋਸ਼ਲ ਮੀਡੀਆ ਰਾਹੀਂ ਮੰਗੀ ਸੀ ਭਾਲ ਕਰਨ ਵਿਚ ਮਦਦ
ਪਰਜਿਊ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕ੍ਰਿਸ ਕਲਿਫਟਨ ਮੁਤਾਬਕ ਨੀਲ ਅਚਾਰਿਆ ਬੇਹੱਦ ਹੁਸ਼ਿਆਰ ਵਿਦਿਆਰਥੀ ਸੀ ਪਰ ਉਸ ਨਾਲ ਵਾਪਰੇ ਘਟਨਾਕ੍ਰਮ ਬਾਰੇ ਸੁਣ ਕੇ ਦਿਲ ਨੂੰ ਡੂੰਘੀ ਸੱਟ ਵੱਜੀ। ਪ੍ਰਮਾਤਮਾ ਉਸ ਦੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸੇ ਦੌਰਾਨ ਸ਼ਿਕਾਗੋ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਕਿ ਪਰਜਿਊ ਯੂਨੀਵਰਸਿਟੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਨੀਲ ਅਚਾਰਿਆ ਦੇ ਪਰਵਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਫਿਲਹਾਲ ਨੀਲ ਅਚਾਰਿਆ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਜਲਦ ਹੀ ਉਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾਣਗੇ।