ਅਮਰੀਕਾ ’ਚ ਭਾਰਤੀ ਹੈਕਰ ਨੇ ਖਾਤੇ ’ਚੋਂ ਉਡਾਏ ਡੇਢ ਲੱਖ ਡਾਲਰ
ਨਿਊਯਾਰਕ, 20 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਇੱਕ ਭਾਰਤੀ ਹੈਕਰ ਨੇ ਬਜ਼ੁਰਗ ਮਹਿਲਾ ਦੇ ਖਾਤੇ ਵਿੱਚੋਂ ਡੇਢ ਲੱਖ ਡਾਲਰ ਉਡਾਉਣ ਦਾ ਦੋਸ਼ ਕਬੂਲ ਕਰ ਲਿਆ, ਜਿਸ ਨੂੰ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ। ਸਿਰਫ਼ 24 ਸਾਲ ਦੇ ਸੁਖਦੇਵ ਵੈਦ ਦੀ ਚਲਾਕੀ ਨਾਲ ਕੀਤੀ ਗਈ ਇਸ ਠੱਗੀ ਤੋਂ ਅਮਰੀਕੀ ਪੁਲਿਸ ਵੀ ਹੈਰਾਨ […]
By : Hamdard Tv Admin
ਨਿਊਯਾਰਕ, 20 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਇੱਕ ਭਾਰਤੀ ਹੈਕਰ ਨੇ ਬਜ਼ੁਰਗ ਮਹਿਲਾ ਦੇ ਖਾਤੇ ਵਿੱਚੋਂ ਡੇਢ ਲੱਖ ਡਾਲਰ ਉਡਾਉਣ ਦਾ ਦੋਸ਼ ਕਬੂਲ ਕਰ ਲਿਆ, ਜਿਸ ਨੂੰ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਸਜ਼ਾ ਸੁਣਾਈ ਜਾਵੇਗੀ। ਸਿਰਫ਼ 24 ਸਾਲ ਦੇ ਸੁਖਦੇਵ ਵੈਦ ਦੀ ਚਲਾਕੀ ਨਾਲ ਕੀਤੀ ਗਈ ਇਸ ਠੱਗੀ ਤੋਂ ਅਮਰੀਕੀ ਪੁਲਿਸ ਵੀ ਹੈਰਾਨ ਰਹਿ ਗਈ। ਪੂਰੀ ਪੜਤਾਲ ਮਗਰੋਂ ਧੋਖਾਧੜੀ ਦੇ ਦੋਸ਼ੀ ਠਹਿਰਾਏ ਗਏ ਸੁਖਦੇਵ ਵੈਦ ਨੂੰ 20 ਸਾਲ ਕੈਦ ਤੇ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਹੋ ਸਕਦੀ ਐ 20 ਸਾਲ ਕੈਦ ਤੇ ਲੱਗ ਸਕਦੈ ਵੱਡਾ ਜੁਰਮਾਨਾ
ਭਾਰਤੀ ਹੈਕਰ ਸੁਖਦੇਵ ਵੈਦ ਨੇ ਹੈਕਿੰਗ ਦੇ ਮਾਧਿਅਮ ਨਾਲ ਅਮਰੀਕੀ ਰਾਜ ਮੋਂਟਾਨਾ ਵਿੱਚ ਧੋਖੇ ਨਾਲ ਇੱਕ ਬਜ਼ੁਰਗ ਮਹਿਲਾ ਦੇ ਖਾਤੇ ਵਿੱਚੋਂ ਡੇਢ ਲੱਖ ਡਾਲਰ ਕਢਾਉਣ ਦਾ ਜੁਰਮ ਕਬੂਲ ਕਰ ਲਿਆ ਹੈ। ਇਸ ਮਗਰੋਂ ਉਸ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ ਗਿਆ।
ਮੋਂਟਾਨਾ ਵਿੱਚ ਇੱਕ ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ ਵੈਦ ਨੂੰ ਕਾਰਵਾਈ ਮੁਕੰਮਲ ਹੋਣ ਤੱਕ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਨੂੰ ਅਗਲੇ ਸਾਲ ਯਾਨੀ 2024 ’ਚ 14 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਇਸਤਗਾਸਾ ਪੱਖ ਮੁਤਾਬਕ ਉੱਤਰ ਪੱਛਮੀ ਮੋਂਟਾਨਾ ਦੇ ਸ਼ਹਿਰ ਕਾਲੀਸਪੇਲ ਵਿੱਚ ਜਾਲਸਾਜ਼ਾਂ ਵੱਲੋਂ ਜੇਨ ਡੋ ਨਾਮਕ 73 ਸਾਲਾ ਮਹਿਲਾ ਨਾਲ ਠੱਗੀ ਕੀਤੀ ਗਈ। ਉਨ੍ਹਾਂ ਨੇ ਧੋਖੇ ਨਾਲ ਉਸ ਦੇ ਖਾਤੇ ਵਿੱਚੋਂ ਡੇਢ ਲੱਖ ਡਾਲਰ ਕਢਵਾ ਲਏ। ਇਹ ਧੋਖਾਧੜੀ ਜੇਨ ਡੋ ਦੇ ਕੰਪਿਊਟਰ ਸਕਰੀਨ ’ਤੇ ਦਿਖਾਈ ਦੇਣ ਵਾਲੇ ਇੱਕ ਪੌਪ-ਅਪ ਨੋਟਿਸ ਕਾਰਨ ਹੋਈ। ਇਸ ਵਿੱਚ ਕਿਹਾ ਗਿਆ ਸੀ ਕਿ ਇਹ ‘ਹੈਕਡ’ ਸੀ ਅਤੇ ਡੋ ਨੂੰ ਗਾਹਕ ਸਹਾਇਤਾ ਲਈ ਇੱਕ ਨੰਬਰ ’ਤੇ ਕਾਲ ਕਰਨ ਲਈ ਕਿਹਾ ਗਿਆ। ਡੋ ਨੇ ਠੀਕ ਉਸੇ ਤਰ੍ਹਾਂ ਹੀ ਕੀਤਾ ਅਤੇ ਧੋਖੇਬਾਜ਼ਾਂ ਨੇ ਉਸ ਨੂੰ ‘ਫੇਡ’ ਵਿੱਚ ਸੁਰੱਖਿਅਤ ਰੱਖਣ ਲਈ ਆਪਣੇ ਬੈਂਕ ਖਾਤੇ ਵਿੱਚੋਂ ਨਕਦੀ ਕੱਢਣ ਦਾ ਨਿਰਦੇਸ਼ ਦਿੱਤਾ।
ਅਮਰੀਕੀ ਜ਼ਿਲ੍ਹਾ ਜੱਜ ਡੌਨਾਲਡ ਡਲਬਲਯੂ ਮੋਲਾਏਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਡੋ ਨੇ ਨਿਰਦੇਸ਼ਾਂ ਦਾ ਪਾਲਣ ਕੀਤਾ ਅਤੇ ਧੋਖੇਬਾਜ਼ਾਂ ਹੱਥੋਂ 1 ਲੱਖ 50 ਹਜ਼ਾਰ ਡਾਲਰ ਗੁਆ ਬੈਠੀ। ਇਸ ਤੋਂ ਬਾਅਦ ਐਫ਼ਬੀਆਈ ਨੇ ਇਨ੍ਹਾਂ ਧੋਖੇਬਾਜ਼ਾਂ ਨੂੰ ਫੜਨ ਦੀ ਯੋਜਨਾ ਬਣਾਈ। ਬਜ਼ੁਰਗ ਮਹਿਲਾ ਕੋਲੋਂ ਧੋਖੇਬਾਜ਼ਾਂ ਨੂੰ ਇਹ ਕਹਾਇਆ ਕਿ ਉਸ ਕੋਲ ਅਜੇ ਵੀ 50 ਹਜ਼ਾਰ ਡਾਲਰ ਨਕਦ ਪਏ ਹਨ।
ਇਸ ’ਤੇ ਸੁਖਦੇਵ ਵੈਦ ਨਾਂ ਦਾ ਭਾਰਤੀ ਹੈਕਰ ਲਾਲਚ ਵਿੱਚ ਆ ਗਿਆ ਤੇ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਇਹ ਪੈਸੇ ਵੀ ਠੱਗਣ ਦੀ ਯੋਜਨਾ ਬਣਾ ਲਈ। ਜਿਵੇਂ ਹੀ ਉਹ ਫਲੋਰਿਡਾ ਵਿੱਚ ਪੈਂਦੇ ਗਰੇਨਸਵਿਲੇ ਦੇ ਵਾਸੀ ਐਡਲੀ ਜੋਸਫ਼ ਨਾਲ ਮੋਂਟਾਨਾ ਪੁੱਜਣ ਮਗਰੋਂ ਬਜ਼ੁਰਗ ਮਹਿਲਾ ਕੋਲੋਂ ਇਹ ਪੈਸੇ ਹੜੱਪਣ ਲਈ ਗਿਆ ਤਾਂ ਪੁਲਿਸ ਨੇ ਉਨ੍ਹਾਂ ਦੋਵਾਂ ਨੂੰ ਦਬੋਚ ਲਿਆ। ਜਾਂਚ ਵਿੱਚ ਪਤਾ ਲੱਗਾ ਕਿ ਜਾਲਸਾਜ਼ਾਂ ਨੇ ਅਲਟਰਾ ਵਿਵਰ ਦੀ ਵਰਤੋਂ ਕਰਦੇ ਦੂਰੋਂ ਹੀ ਬਜ਼ੁਰਗ ਮਹਿਲਾ ਦੇ ਕੰਪਿਊਟਰ ਤੱਕ ਪਹੁੰਚ ਬਣਾਈ ਸੀ, ਜਿਸ ਨੂੰ ਉਨ੍ਹਾਂ ਨੇ ਕੰਪਿਊਟਰ ’ਤੇ ਇੰਸਟੌਲ ਕੀਤਾ ਸੀ।
ਜੌਸਫ਼ ਨੇ ਬੀਤੇ ਅਗਸਤ ਮਹੀਨੇ ਹੀ ਆਪਣਾ ਜੁਰਮ ਕਬੂਲ ਕਰ ਲਿਆ ਸੀ ਤੇ ਉਸ ਨੂੰ ਹੁਣ ਜਲਦ ਹੀ ਸਜ਼ਾ ਸੁਣਾਈ ਜਾਵੇਗੀ। ਦੂਜੇ ਪਾਸੇ ਭਾਰਤੀ ਹੈਕਰ ਸੁਖਦੇਵ ਵੈਦ ਨੇ ਹੁਣ ਆਪਣਾ ਜੁਰਮ ਮੰਨਿਆ ਹੈ। ਇਸ ਦੇ ਚਲਦਿਆਂ ਅਗਲੇ ਸਾਲ ਫਰਵਰੀ ਵਿੱਚ ਉਸ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।