ਈਰਾਨ ਤੇ ਹਮਲੇ ਲਈ ਟਰੰਪ ਨੂੰ ਕਿਸ ਨੇ ਉਲਝਾਇਆ ?
ਦੂਸਰੀ ਮਹਾ ਜੰਗ ਤੋਂ ਬਾਅਦ ਵਿਸ਼ਵ ਥਾਣੇਦਾਰ ਵਜੋਂ ਭੂਮਿਕਾ ਨਿਭਾਉਂਦਾ ਆ ਰਿਹਾ ਅਮਰੀਕਾ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਗਲਾਨਾ ਅਗਵਾਈ ਵਿੱਚ ਕੌਮਾਂਤਰੀ
ਦਰਬਾਰਾ ਸਿੰਘ ਕਾਹਲੋ
ਅਮਰੀਕੀ ਖੁਫੀਆ ਏਜੰਸੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਪ੍ਰਸ਼ਾਸਨ ਨੂੰ ਇਹ ਰਿਪੋਰਟ ਦੇ ਚੁੱਕੀਆਂ ਸਨ ਕਿ ਆਉਣ ਵਾਲੇ ਇਕ ਦਹਾਕੇ ਵਿੱਚ ਕਿਸੇ ਵੀ ਤਰ੍ਹਾਂ ਈਰਾਨ ਅਮਰੀਕਾ ਲਈ ਖਤਰਾ ਨਹੀਂ ਬਣ ਸਕਦਾ।ਵੈਸੇ ਵੀ ਉਮਾਨ ਦੀ ਵਿਚੋਲਗੀ ਨਾਲ ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਹੀ ਗੱਲਬਾਤ ਲਗਭਗ ਸਿਰੇ ਚੜ ਚੁੱਕੀ ਸੀ ਜਿਵੇਂ ਕਿ ਉਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੂਸੈਦੀ ਨੇ ਖੁੱਲ ਕੇ ਇੰਕਸਾਫ ਕੀਤਾ ਹੈ।ਸੋ ਐਸੀ ਸਥਿਤੀ ਵਿੱਚ ਅਮਰੀਕਾ ਵੱਲੋਂ ਈਰਾਨ ਤੇ ਹਮਲੇ ਦੀ ਕੋਈ ਤੁੱਕ ਨਹੀਂ ਸੀ ਬਣਦੀ ।ਇਸ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸਰਾਈਲ ਨਾਲ ਮਿਲ ਕੇ ਈਰਾਨ ਤੇ ਤਾਬੜ ਤੋੜ ਹਮਲੇ ਕਰਨ ਅਤੇ ਉਥੇ ਸੱਤਾ ਦੀ ਤਬਦੀਲੀ ਕਰਨ ਦਾ ਨਿਰਣਾ ਕਿਉਂ ਲਿਆ ?
ਕੌਮਾਂਤਰੀ ਡਿਕਟੇਟਰ :
ਦੂਸਰੀ ਮਹਾ ਜੰਗ ਤੋਂ ਬਾਅਦ ਵਿਸ਼ਵ ਥਾਣੇਦਾਰ ਵਜੋਂ ਭੂਮਿਕਾ ਨਿਭਾਉਂਦਾ ਆ ਰਿਹਾ ਅਮਰੀਕਾ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਗਲਾਨਾ ਅਗਵਾਈ ਵਿੱਚ ਕੌਮਾਂਤਰੀ ਡਿਕਟੇਟਰ ਵਜੋਂ ਭੂਮਿਕਾ ਨਿਭਾਉਣ ਲਈ ਬਦਨਾਮ ਹੋ ਰਿਹਾ ਹੈ ।ਉਸ ਦੀ ਮਾਨਸਿਕ ਸਥਿਤੀ ਬਿਲਕੁਲ ਸਥਿਰ ਨਹੀਂ ਹੈ ।ਅਮਰੀਕੀ ਸੁਪਰੀਮ ਕੋਰਟ ਵੱਲੋਂ ਉਸਦੇ ਟੈਰਿਫ ਟੈਰਰ ਵਿਰੋਧ ਫੈਸਲੇ ਦੇ ਬਾਵਜੂਦ ਉਸ ਵੱਲੋਂ ਮੁੜ ਪੂਰੇ ਵਿਸ਼ਵ ਦੇ ਦੇਸ਼ਾਂ ਤੇ ਟੈਰਫ ਠੋਕਣਾ ,ਕੈਨੇਡਾ ,ਗ੍ਰੀਨਲੈਂਡ ਅਤੇ ਪਨਾਮਾ ਤੇ ਕਬਜ਼ੇ ਦਾ ਰਾਗ ਅਲਾਪਣਾ ,ਵੈਨਜੂਵੇਲਾ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਮਿਲਟਰੀ ਕਾਰਵਾਈ ਰਾਹੀਂ ਉਹਨਾਂ ਦੇ ਬਿਸਤਰ ਵਿੱਚੋਂ ਜਬਰੀ ਅਮਰੀਕਾ ਲਿਆ ਕੇ ਕੈਦ ਕਰਨਾ ਆਦਿ ਇਸਦਾ ਪ੍ਰਮਾਣ ਹਨ ।
ਮੱਧ ਪੂਰਬੀ ਸ਼ੈਤਾਨ :
ਏਸ਼ੀਆ ਮਹਾਦੀਪ ਦੇ ਮੱਧ ਪੂਰਬ ਵਿਚਲੇ ਇਸਰਾਈਲ ਦੇਸ਼ ਦਾ ਪ੍ਰਧਾਨ ਮੰਤਰੀ ਬੈਂਜਮੈਨ ਨੇਤਨਯਾਹੂ ਇਕ ਕੱਟੜਵਾਦੀ, ਨਸਲਘਾਤੀ, ਸੱਜੇ ਪੱਖੀ ਹੌਲਨਾਕ ਸ਼ੈਤਾਨ ਵਜੋਂ ਜਾਣਿਆ ਜਾਂਦਾ ਹੈ ।ਉਹ ਅੱਤ ਦਾ ਭਰਿਸ਼ਟਾਚਾਰੀ ਅਤੇ ਮਾਨਵ ਤਬਾਹੀ ਲਈ ਬਦਨਾਮ ਹੈ ।ਇਸਰਾਇਲੀ ਸੁਪਰੀਮ ਕੋਰਟ ਵਿੱਚ ਭਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੌਮਾਂਤਰੀ ਅਦਾਲਤ ਵਿੱਚ ਨਸਲ ਘਾਤ ਦੋਸ਼ ਵਜੋਂ ਮੁਕਦਮੇ ਵਿੱਚ ਨਾਮਜਦ ਹੈ ।ਉਹ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਮਨੋਸਥਿਤੀ ਤੋਂ ਭਲੀਭਾਂਤ ਜਾਣੂ ਹੈ ਇਸੇ ਲਈ ਉਸਨੇ ਜੂਨ 2025 ਵਿੱਚ 12 ਰੋਜਾ ਇਸਰਾਇਲ ਅਤੇ ਇਰਾਨ ਜੰਗ ਵਿੱਚ ਉਸ ਨੂੰ ਘੜੀਸ ਲਿਆ ਸੀ ।ਉਸ ਸਮੇਂ ਰਾਸ਼ਟਰਪਤੀ ਟਰੰਪ ਵੱਲੋਂ ਕੀਤੀ ਗਈ ਜੰਗਬੰਦੀ ਤੋਂ ਉਹ ਖੁਸ਼ ਨਹੀਂ ਸੀ ਅਤੇ ਲਗਾਤਾਰ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਕਿ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਨੂੰ ਮੁੜ ਈਰਾਨ ਜੰਗ ਵਿੱਚ ਉਲਝਾ ਲਿਆ ਜਾਵੇ ।ਗਾਜ਼ਾ ਵਿੱਚ ਫਲਸਤੀਨੀਆ ਦੇ ਮਲੀਆਮੇਟ ਬਾਅਦ ਉਹ ਈਰਾਨ ਨੂੰ ਮਧ ਪੂਰਬ ਖਿੱਤੇ ਵਿੱਚ ਚੁਣੌਤੀ ਸਮਝ ਰਿਹਾ ਸੀ ।ਇਸ ਮੰਤਵ ਲਈ ਉਸਨੇ ਅਮਰੀਕਾ ਅੰਦਰ ਤਾਕਤਵਰ ਕਾਰਪੋਰੇਟ ਯਹੂਦੀ ਲਾਬੀ ਰਾਹੀਂ ਟਰੰਪ ਤੇ ਦਬਾਅ ਬਣਾਉਣਾ ਜਾਰੀ ਰੱਖਿਆ ਜਿਸ ਵਿੱਚ ਉਸ ਨੂੰ ਆਖਰਕਾਰ ਕਾਮਯਾਬੀ ਮਿਲ ਗਈ ।
ਦੂਸਰੇ ਪਾਸੇ ਟਰੰਪ ਤੇ ਦਬਾਅ ਬਣਾਉਣ ਲਈ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸੁਲਤਾਨ ਜੋ ਕੂਟ ਨੀਤਕ ਕੌਮਾਂਤਰੀ ਗਲਿਆਰਿਆਂ ਵਿਚ ਐਮ ਬੀ ਐਸ ਦੇ ਨਾਮ ਵਜੋਂ ਮਸ਼ਹੂਰ ਹੈ, ਨੂੰ ਵੀ ਕੂਟਨੀਤੀ ਰਾਹੀਂ ਆਪਣੇ ਨਾਲ ਜੋੜ ਲਿਆ ।ਉਹ ਵੀ ਇੱਕ ਸ਼ੈਤਾਨ ਕਿਸਮ ਦਾ ਵਿਅਕਤੀ ਹੈ ਜਿਸ ਤੇ ਦੋ ਅਕਤੂਬਰ 2018 ਵਿੱਚ ਤੁਰਕੀ ਦੇ ਮਸ਼ਹੂਰ ਸ਼ਹਿਰ ਇਸਤਨਬੁਲ ਵਿਖੇ 59 ਸਾਲਾ ਨਾਮਵਰ ਪੱਤਰਕਾਰ ਜਮਾਲ ਖਸੋਗੀ ਨੂੰ ਫਿਲਮੀ ਅੰਦਾਜ਼ ਵਿੱਚ ਮਾਰ ਮੁਕਾਉਣ ਦੇ ਦੋਸ਼ ਲੱਗਦੇ ਹਨ ।ਐਮਬੀਐਸ ਜਨਤਕ ਤੌਰ ਤੇ ਅਮਰੀਕਾ ਅਤੇ ਇਰਾਨ ਵਿਚਕਾਰ ਸਮਝੌਤੇ ਅਤੇ ਮੱਧ ਪੂਰਬ ਵਿੱਚ ਸ਼ਾਂਤੀ ਦੀਆਂ ਗੱਲਾਂ ਕਰਦਾ ਸੀ ਲੇਕਿਨ ਅੰਦਰ ਖਾਤੇ ਉਹ ਬਾਰ ਬਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੇਹਨ ਵਿੱਚ ਇਹ ਗੱਲ ਬੈਠਾ ਆ ਰਿਹਾ ਸੀ ਕਿ ਈਰਾਨ ਪਰਮਾਣੂ ਬੰਬ ਬਣਾ ਰਿਹਾ ਹੈ,ਉਸ ਕੋਲ ਵਿਨਾਸ਼ਕਾਰੀ ਮਿਸਾਇਲ ਸ਼ਕਤੀ ਮੌਜੂਦ ਹੈ ਜੋ ਉਹ ਨਿਸ਼ਚਿਤ ਤੌਰ ਤੇ ਭਵਿੱਖ ਵਿੱਚ ਅਮਰੀਕਾ ਨੂੰ ਨਿਸ਼ਾਨੇ ਤੇ ਲਵੇਗਾ ।ਇਸੇ ਗੱਲ ਤੇ ਅਮਰੀਕਾ ਅੰਦਰ ਯਹੂਦੀ ਕਾਰਪੋਰੇਟ ਲਾਬੀ ਰਾਹੀਂ ਅਤੇ ਨਿਜੀ ਤੌਰ ਤੇ ਨੇਤਨਯਾਹੂ ਰਾਸ਼ਟਰਪਤੀ ਟਰੰਪ ਤੇ ਦਬਾਅ ਬਣਾ ਰਿਹਾ ਸੀ ਕਿ ਇਰਾਨੀ ਮਿਸਾਈਲ ਸ਼ਕਤੀ ਅਤੇ ਪਰਮਾਣੂ ਬੰਬ ਤਿਆਰ ਕਰਨ ਦੀ ਜ਼ਿੱਦ ਅਮਰੀਕਾ ਅਤੇ ਖਾਸ ਕਰਕੇ ਇਸਰਾਇਲ ਸਮੇਤ ਪੂਰੇ ਵਿਸ਼ਵ ਲਈ ਬਹੁਤ ਮਾਰੂ ਸਿਧ ਹੋਵੇਗੀ ।ਜੇਕਰ ਇਸ ਦੀ ਸਿਰੀ ਸਮੇਂ ਸਿਰ ਨਾ ਜਿੱਥੇ ਚਿੱਥੀ ਗਈ ਤਾਂ ਇਹ ਏਨਾ ਤਾਕਤਵਰ ਹੋ ਜਾਵੇਗਾ ਕਿ ਫਿਰ ਭਵਿੱਖ ਵਿੱਚ ਕਿਸੇ ਦੇ ਕਾਬੂ ਨਹੀਂ ਆ ਸਕੇਗਾ ਇਸ ਲਈ ਹੁਣੇ ਹੀ ਕਾਰਵਾਈ ਜਰੂਰੀ ਹੈ ।ਅਮਰੀਕੀ ਰਾਸ਼ਟਰਪਤੀ ਜੋ ਪਹਿਲਾ ਹੀ ਜੰਗੀ ਬੇੜਿਆਂ ਰਾਹੀ ਇਰਾਨ ਨੂੰ ਘੇਰੀ ਬੈਠਾ ਸੀ, ਤੇ ਤੁਰੰਤ ਹਮਲਾ ਕਰਨ ਲਈ ਰਾਜੀ ਹੋ ਗਿਆ।ਇਹ ਗੱਲ ਖੁਦ ਟਰੰਪ ਨੇ ਮੰਨੀ ਹੈ ਕਿ ਉਸਨੇ ਆਪਣੀ ਯੋਜਨਾ ਤੋਂ ਪਹਿਲਾਂ ਇਹ ਹਮਲਾ ਕਰਨ ਦਾ ਨਿਰਣਾ ਲੈਣਾ ਪਿਆ । ਮਸ਼ਹੂਰ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ ਇਹ ਹਮਲਾ ਇਸਰਾਇਲ ਅਤੇ ਸਊਦੀ ਅਰਬ ਵੱਲੋਂ ਪਿਛਲੇ ਕੁਝ ਹਫਤਿਆਂ ਤੋਂ ਟਰੰਪ ਤੇ ਦਬਾਅ ਬਣਾਉਣ ਬਾਅਦ ਕੀਤਾ ਗਿਆ।
ਇਸ ਹਮਲੇ ਤੋਂ ਪਹਿਲਾਂ ਇਸਰਾਈਲੀ ਸ਼ੈਤਾਨ ਪ੍ਰਧਾਨ ਮੰਤਰੀ ਨੇਤਨਯਾਹੂ ਆਪਣੀ ਖੁਫੀਆ ਏਜੰਸੀ ਮੋਸਾਦ ਰਾਹੀਂ ਈਰਾਨ ਦੇ ਸੁਪਰੀਮ ਆਗੂ 86 ਸਾਲਾ ਆਇਤੁਲਾ ਅਲੀ ਖਾਮਨੇਈ ਦੇ ਸਟੀਕ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕਰ ਲਈ ਸੀ ।ਉਸ ਨੇ ਉਸਦੇ ਨਿੱਜੀ ਸਟਾਫ ਵਿੱਚ ਆਪਣੇ ਜਾਸੂਸ ਫਿਟ ਕਰ ਰੱਖੇ ਸਨ ।ਉਸ ਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਸੀ ਕਿ ਹਮਲੇ ਵਾਲੇ ਦਿਨ 28 ਫਰਵਰੀ ਨੂੰ ਅਲੀ ਖਾਮਨੇਈ ਆਪਣੇ ਤਹਿਰਾਨ ਵਿਖੇ ਘਰ ਅਤੇ ਦਫਤਰ ਵਿੱਚ ਮੀਟਿੰਗ ਕਰਨ ਵਾਲਾ ਹੈ । ਸੋ ਅਮਰੀਕੀ -ਇਸਰਾਇਲੀ ਤਾਬੜ ਤੋੜ 30 ਮਿਸਾਈਲ ਹਮਲੇ ਵਿੱਚ ਆਇਤੁਲਾ ਅਲੀ ਖਾਮਨੇਈ ਉੱਚ ਕਮਾਂਡਰਾਂ ਅਲੀ ਸ਼ਮਖਾਨੀ ਅਤੇ ਅਲੀ ਲਾਰਜਾਨੀ ਸਮੇਤ ਮਾਰੇ ਗਏ ।ਇਸ ਹਮਲੇ ਵਿੱਚ ਸੁਪਰੀਮ ਆਗੂ ਦੀ ਧੀ ,ਜਵਾਈ ,ਨੂੰਹ ਅਤੇ 14 ਮਹੀਨਿਆਂ ਦੀ ਨੰਨੀ ਪੋਤਰੀ ਜਿਹਰਾ ਮੁਹੰਮਦੀ ਗੋਲਪਾਇਗਾਨੀ ਆਦਿ ਮਾਰੇ ਗਏ ।ਇਸ ਤੋਂ ਇਲਾਵਾ 40 ਉੱਚ ਪੱਧਰੀ ਮਿਲਟਰੀ ਅਤੇ ਸਿਵਲ ਅਧਿਕਾਰੀ ਵੀ ਮਾਰੇ ਗਏ ।ਅਮਰੀਕੀ -ਇਸਰਾਇਲੀ ਸਾਂਝੀ ਕਮਾਨ ਨੇ ਇਰਾਨ ਦੇ ਅਨੇਕ ਮਿਲਟਰੀ ਅਤੇ ਸਿਵਿਲ ਟਿਕਾਣਿਆਂ ਤੇ ਹਮਲੇ ਕੀਤੇ ।ਅਤੀ ਸ਼ਰਮਨਾਕ ਅਤੇ ਅਨਮਨੁਖੀ ਕਾਰਵਾਈ ਵਿੱਚ ਇੱਕ ਲੜਕੀਆਂ ਦੇ ਸਕੂਲ ਤੇ ਹਮਲਾ ਕਰਕੇ 165 ਵਿਦਿਆਰਥਣਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਈਰਾਨ ਜੋ ਆਪਣੇ ਸੁਪਰੀਮ ਧਾਰਮਿਕ ਆਗੂ ਦੀ ਰਾਖੀ ਲਈ ਹਮੇਸ਼ਾ ਚੌਕੰਨਾ ਰਹਿੰਦਾ ਸੀ ਕਿਵੇਂ ਇਸਰਾਇਲ ਵੱਲੋਂ ਉਸਦੀ ਸੁਰੱਖਿਆ ਵਿੱਚ ਮੋਰੀ ਕਰਨ ਵਿੱਚ ਸਫਲਤਾ ਅਤੇ ਦਫਤਰ ਵਿੱਚ ਮੀਟਿੰਗ ਦੀ ਜਾਣਕਾਰੀ ਸਬੰਧੀ ਹੌਲਨਾਕ ਨਕਾਮੀ ਦਾ ਸ਼ਿਕਾਰ ਹੋ ਗਿਆ ਅਤੀ ਹੈਰਾਨਗੀ ਵਾਲੀ ਗੱਲ ਸੀ ।
ਲਾਜਵਾਬ ਸਿਸਟਮ :
ਲੇਕਿਨ ਦੂਸਰੇ ਪਾਸੇ ਇਰਾਨ ਦੀ ਲੀਡਰਸ਼ਿਪ ਦੇ ਲਾਜਵਾਬ ਉੱਤਰਾਧਿਕਾਰੀ ਅਤੇ ਪਰਪੱਕ ਰਾਜਨੀਤਿਕ ਅਤੇ ਧਾਰਮਿਕ ਸਿਸਟਮ ਤੋਂ ਅਮਰੀਕਾ ਹੀ ਨਹੀਂ ਬਲਕਿ ਪੂਰਾ ਵਿਸ਼ਵ ਹੈਰਾਨ ਰਹਿ ਗਿਆ ।ਅਰਬ ਬਹਾਰ ਲਹਰ ਦੀ ਤਰਜ ਤੇ ਸੁਪਰੀਮ ਲੀਡਰ ਆਇਤੁਲਾ ਅਲੀ ਖਾਮਨੇਈ ਦੀ ਮੌਤ ਬਾਅਦ ਇਰਾਨੀ ਲੀਡਰਸ਼ਿਪ ਅਤੇ ਸੱਤਾ ਵਿੱਚ ਤਬਦੀਲੀ ਦੀ ਅਮਰੀਕਾ ਅਤੇ ਇਸਰਾਈਲ ਜੋ ਆਸਾਂ ਲਾਈ ਬੈਠੇ ਸਨ ਉਹਨਾਂ ਤੇ ਬਿਲਕੁਲ ਪਾਣੀ ਫਿਰ ਗਿਆ । ਪਿਛਲੇ ਕੁਝ ਸਮੇਂ ਤੋਂ ਇਰਾਨ ਅੰਦਰ ਸੱਤਾ ਦੀ ਤਬਦੀਲੀ ਅਤੇ ਲੋਕਤੰਤਰ ਦੀ ਬਹਾਲੀ ਲਈ ਜੋ ਅਮਰੀਕਾ ਅਤੇ ਇਸਰਾਈਲ ਦੀ ਸ਼ਹਿ ਤੇ ਲੋਕ ਮੁਜਾਹਰੇ ਕਰ ਰਹੇ ਸਨ ,ਕੋਈ ਅੱਗੇ ਨਹੀਂ ਆਇਆ।ਉਲਟਾ ਸੁਪਰੀਮ ਆਗੂ ਦੀ ਸ਼ਹਾਦਤ ਨੇ ਪੂਰੇ ਇਰਾਨ ਨੂੰ ਇੱਕਜੁੱਟ ਕਰ ਦਿੱਤਾ ।ਜਿਸ ਦੀ ਪ੍ਰਾਪਤੀ ਸੁਪਰੀਮ ਆਗੂ ਆਪਣੇ ਜਿਉਂਦੇ ਜੀਅ ਨਾ ਕਰ ਸਕਿਆ ਉਹ ਆਪਣੀ ਸ਼ਹਾਦਤ ਨਾਲ ਪੂਰੀ ਕਰ ਗਿਆ ।
ਜਵਾਬੀ ਕਾਰਵਾਈ :
ਇਸ ਹਮਲੇ ਦੀ ਜਵਾਬੀ ਕਾਰਵਾਈ ਇਰਾਨ ਮਿਲਟਰੀ ਅਤੇ ਆਈਆਰਜੀਸੀ ਲੜਾਕੂਆਂ ਵੱਲੋਂ ਲਗਾਤਾਰ ਬੜੀ ਸ਼ਿੱਦਤ ਨਾਲ ਅਮਰੀਕੀ ਮੱਧ ਪੂਰਬੀ ਫੌਜੀ ਅਡਿਆਂ ਅਤੇ ਇਸਰਾਈਲ ਵਿਰੋਧੀ ਹੀ ਨਹੀਂ ਬਲਕਿ ਇਹਨਾਂ ਦੇ ਪਿੱਠੂ ਅਰਬ ਮੁਲਕਾਂ ਜਿਵੇਂ ਸਾਊਦੀ ਅਰਬ ,ਦੁਬਈ ,ਦੋਹਾ ,ਬਹਰੀਨ ,ਕਤਰ ,ਯੂ ਏ ਈ ,ਕੁਵੈਤ ਅਤੇ ਇਰਾਕ ਆਦਿੱ ਤੇ ਇਬਰਤਨਾਕ ਮਿਸਾਈਲ ਹਮਲਿਆਂ ਨਾਲ ਕੀਤੀ ਜਾ ਰਹੀ ਹੈ ।ਇਥੋਂ ਤੱਕ ਕਿ ਸਾਈਪ੍ਰਸ ਵਿੱਚ ਬਰਤਾਨਵੀ ਫੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ।ਅਮਰੀਕਾ ਦੇ ਕਈ ਲੜਾਕੂ ਜਹਾਜ ਦਾਗੇ ਗਏ ।ਇਸਰਾਇਲੀ ਪ੍ਰਧਾਨ ਮੰਤਰੀ ਦੇ ਦਫਤਰ ਤੇ ਵੀ ਹਮਲਾ ਕੀਤਾ ਗਿਆ ਲੇਕਿਨ ਉਹ ਬਚ ਨਿਕਲਿਆ ।ਇਹ ਵੀ ਡਰ ਹੈ ਕਿ ਭਵਿੱਖ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਉਹਨਾਂ ਦੇ ਨਿਸ਼ਾਨੇ ਤੇ ਰਹੇਗਾ ।
ਟਰੰਪ ਨੇ ਮੰਨਿਆ ਹੈ ਕਿ ਮੱਧ ਪੂਰਬ ਵਿੱਚ ਈਰਾਨ ਵਿਰੁੱਧ ਕਾਰਵਾਈ ਚਾਰ ਪੰਜ ਹਫਤੇ ਹੀ ਨਹੀਂ ਬਲਕਿ ਲੰਬੀ ਚੱਲ ਸਕਦੀ ਹੈ ।ਅਮਰੀਕੀ ਰਾਸ਼ਟਰਪਤੀ ਇਰਾਨ ਦੇ ਮਿਲਟਰੀ ਅਤੇ ਪੁਲਿਸ ਅਧਿਕਾਰੀਆਂ ਨੂੰ ਹਥਿਆਰ ਸੁੱਟਣ ਲਈ ਕਹਿ ਰਿਹਾ ਹੈ ।ਇਵੇਂ ਹੀ ਮੁਤਬਾਦਲ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੀ ਗੱਲ ਵੀ ਕਰ ਰਿਹਾ ਹੈ ਅਤੇ ਉਹਨਾਂ ਨੂੰ ਭਵਿੱਖ ਵਿੱਚ ਅਮਰੀਕਾ ਦੇ ਇਤਿਹਾਦੀ ਬਣ ਕੇ ਚੱਲਣ ਅਤੇ ਉਹਨਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ ।ਦੂਸਰੇ ਪਾਸੇ ਇਹ ਵੀ ਡਰਾਵੇ ਦਿੰਦਾ ਹੈ ਕਿ ਉਹ ਉਹਨਾਂ ਦਾ ਪੂਰਾ ਸਿਸਟਮ ਨੇਸਤੇ ਨਾਬੂਦ ਘਰ ਦੇਵੇਗਾ ।
ਇਰਾਨ ਦੇ ਸੁਪਰੀਮ ਧਾਰਮਿਕ ਆਗੂ ਆਇਤੁਲਾ ਖਮਨੇਈ ਦੀ ਮੌਤ ਵਿਰੁੱਧ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਅਤੇ ਅਮਰੀਕਾ ਅੰਦਰ ਮੁਜਾਹਰੇ ਹੋ ਰਹੇ ਹਨ ।ਪਾਕਿਸਤਾਨ ਅੰਦਰ ਕਰਾਚੀ ਵਿਖੇ ਅਮਰੀਕੀ ਦੂਤਾਵਾਸ ਅੱਗੇ 10ਮਜਾਹਰਾਕਾਰੀਆਂ ਨੂੰ ਅਮਰੀਕੀ ਸੁਰੱਖਿਆ ਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਭੁੰਨਣ ਅਤੇ ਕਈਆਂ ਨੂੰ ਜ਼ਖਮੀ ਕਰਨ ਕਰਕੇ ਪੂਰੇ ਵਿਸ਼ਵ ਵਿੱਚ ਰਾਸ਼ਟਰਪਤੀ ਟਰੰਪ ਦੀ ਨਿੰਦਿਆ ਹੋ ਰਹੀ ਹੈ । ਲੈਬਨਾਨ ਵਿੱਚ ਹਿਜਬੁੱਲਾ ਲੜਾਕੂ ਵੀ ਇਸ ਜੰਗ ਵਿੱਚ ਕੁੱਦ ਪਏ ਹਨ ਅਤੇ ਉਹਨਾਂ ਨੇ ਸੈਂਕੜੇ ਰਾਕਟ ਇਸਰਾਇਲ ਵਿੱਚ ਦਾਗੇ ਹਨ ।ਸਪੇਨ ਵਿੱਚੋਂ ਅਮਰੀਕਾ ਆਪਣੇ ਲੜਾਕੂ ਜਹਾਜ ਕੱਢ ਰਿਹਾ ਹੈ ਕਿਉਂਕਿ ਉਸਨੇ ਸਾਫ ਕਿਹਾ ਕਿ ਉਸ ਦੀ ਧਰਤੀ ਤੇ ਅਮਰੀਕੀ ਅੱਡਿਆਂ ਤੋਂ ਇਰਾਨ ਤੇ ਹਮਲਿਆਂ ਦੀ ਇਜਾਜ਼ਤ ਨਹੀਂ । ਇੰਜ ਲੱਗਦਾ ਹੈ ਕਿ ਅਮਰੀਕਾ ਵੀਅਤਨਾਮ,ਇਰਾਕ ਅਤੇ ਅਫਗਾਨਿਸਤਾਨ ਵਾਂਗ ਇਰਾਨ ਵਿੱਚ ਦੋ ਸ਼ੈਤਾਨ ਆਗੂਆਂ ਜਿਵੇਂ ਨੇਤਨਯਾਹੂ ਅਤੇ ਜੀਬੀਐਸ ਦੀ ਗਲਤ ਸਲਾਹ ਤੇ ਇਰਾਨ ਅੰਦਰ ਫਸ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਇਸ ਆਫਤ ਤੋਂ ਨਿਪਟਾਰਾ ਚਾਹੁੰਦਾ ਹੈ ।ਈਰਾਨ ਨਾ ਤਾਂ ਇਰਾਕ ਹੈ ਨਾ ਲਿਬੀਆ ਨਾ ਸੀਰੀਆ ਅਤੇ ਨਾ ਅਫਗਾਨਿਸਤਾਨ ।ਈਰਾਨ 2500 ਸਾਲਾ ਪਰਸ਼ੀਅਨ ਸਭਿਅਤਾ ਤੇ ਖੜਾ ਹੈ ।ਜੰਗ ਦਾ ਨਤੀਜਾ ਭਾਵੇਂ ਕੋਈ ਵੀ ਨਿਕਲੇ ਲੇਕਿਨ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦਾ ਸ਼ਰਮਨਾਕ ਜਨਾਜਾ ਨਿਕਲਣਾ ਨਿਸ਼ਚਿਤ ਹੈ ।ਅਮਰੀਕਾ ਨੂੰ ਇਸ ਜੰਗ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ।
ਆਰਥਿਕ ਪ੍ਰਭਾਵ :
ਹਾਰਮੋਜ ਜਲ ਡਮਰੂ ਦੀ ਨਾਕਾਬੰਦੀ ਕਾਰਨ ਸਾਊਦੀ ਅਰਬ ਦੀਆਂ ਰਿਫਾਇਨਰੀਆਂ ਤੇ ਇਰਾਨ ਵੱਲੋਂ ਮਿਸਾਇਲਾਂ ਦਾਗਣ ਅਤੇ ਬਾਕੀ ਮੱਧ ਪੂਰਬ ਅਰਬ ਦੇਸ਼ਾਂ ਤੇ ਹਮਲੇ ਕਰਨ ਕਰਕੇ ਆਵਾਜਾਈ ,ਵਪਾਰ ,ਤੇਲ ਸਪਲਾਈ ਅਤੇ ਕਾਰੋਬਾਰ ਤੇ ਬਹੁਤ ਵੱਡਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ ।ਸਟਾਕ ਮਾਰਕੀਟਾਂ ਧੜਾਧੜ ਮੂਧੇ ਮੂੰਹ ਪੈ ਰਹੀਆਂ ਹਨ ।ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹਰ ਦੇਸ਼ ਦੀ ਆਰਥਿਕਤਾ ਨੂੰ ਨਿਚੋੜ ਕੇ ਰੱਖ ਦੇਵੇਗਾ ।ਦੂਸਰੇ ਪਾਸੇ ਟਰੰਪ ਟੈਰਰ ਟੈਰਫ ਵੱਖ ਵੱਖ ਦੇਸ਼ਾਂ ਵਿਚ ਆਰਥਿਕ ਪਰੇਸ਼ਾਨੀਆ ਦਾ ਬਾਇਸ ਬਣੇਗਾ ।ਇਹ ਵੀ ਪ੍ਰਤੱਖ ਸਮਝ ਆ ਰਿਹਾ ਹੈ ਕਿ ਜਿਵੇਂ ਚੀਨ ਅਤੇ ਰੂਸ ਮਹਾਸ਼ਕਤੀਆਂ ਅਮਰੀਕਾ ਨੂੰ ਕਿਸੇ ਡੂੰਘੀ ਖਾਈ ਵਿੱਚ ਧਕੇਲਣ ਲਈ ਚੱਕਰਵਿਊ ਰਚਨਾ ਕਰ ਰਹੀਆਂ ਹੋਣ ।
ਸ਼ੈਤਾਨ ਇਸਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਕੱਟੜਵਾਦੀ ਅਤੇ ਨਸਲਘਾਤੀ ਯੋਜਨਾ ਹੈ ਕਿ ਇਸ ਜੰਗ ਦੀ ਆੜ ਵਿੱਚ ਫਲਸਤੀਨੀਆ ਨੂੰ ਗਾਜਾ ਅਤੇ ਪੱਛਮੀ ਕਿਨਾਰੇ ਵਿੱਚੋਂ ਜਬਰੀ ਭੱਜਣ ਲਈ ਮਜਬੂਰ ਕੀਤਾ ਜਾਵੇ ।ਲੇਕਿਨ ਇੰਜ ਲੱਗਦਾ ਹੈ ਕਿ ਉਹ ਆਪਣੀ ਇਸ ਘਨੌਣੀ ਕਾਰਵਾਈ ਵਿੱਚ ਕਾਮਯਾਬ ਨਹੀਂ ਹੋਵੇਗਾ ।
ਗੈਰ ਸੰਵਿਧਾਨਿਕ ਹਮਲਾ :
ਅਮਰੀਕੀ ਕੇਂਦਰੀ ਕਮਾਂਡ ਦੇ ਮੁਖੀ ਰਹੇ ਲੈਫ:ਕਰਨਲ ਰਾਚੇਲ ਵਾਲਡਿੰਗਹਮ ਦਾ ਕਹਿਣਾ ਹੈ,"ਟਰੰਪ ਨੇ ਈਰਾਨ ਤੇ ਹਮਲਾ ਕਰਕੇ ਕੌਮਾਂਤਰੀ ਕਾਨੂੰਨ ਦੀ ਹੀ ਕਈ ਪੱਖਾਂ ਤੋਂ ਉਲੰਘਣਾ ਨਹੀਂ ਕੀਤੀ ਬਲਕਿ ਅਮਰੀਕੀ ਸੰਵਿਧਾਨ ਅਤੇ ਜੰਗੀ ਸ਼ਕਤੀਆਂ ਦੇ ਮਤੇ ਦੀ ਵੀ ਉਲੰਘਣਾ ਕੀਤੀ ਹੈ ।"ਬੈਕਾ ਬਲਿੰਟ ਡੈਮੋਕਰੇਟ ਪ੍ਰਤਿਨਿਧ ਦਾ ਕਹਿਣਾ ਹੈ ਕਿ ਇਰਾਨੀ ਅਪਰੇਸ਼ਨ ਖਤਰਨਾਕ ਅਤੇ ਗੈਰ ਕਾਨੂੰਨੀ ਹੈ ਜੋ ਕਾਂਗਰਸ ਦੀ ਮਨਜ਼ੂਰੀ ਬਗੈਰ ਸ਼ੁਰੂ ਕੀਤਾ ਗਿਆ ਹੈ ।ਸਪੀਕਰ ਜਾਹਨਸਨ ਨੂੰ ਕਾਂਗਰਸ ਸੈਸ਼ਨ ਬੁਲਾ ਕੇ ਇਸ ਤੇ ਰੋਕ ਲਗਾਉਣੀ ਚਾਹੀਦੀ ਹੈ ।ਹਾਲ ਦੀ ਘੜੀ ਚੰਗੀ ਗੱਲ ਇਹ ਹੈ ਕਿ ਟਰੰਪ ਦੇ ਕੌਮਾਂਤਰੀ ਡਿਕਟੇਟਰਾਨਾ ਵਤੀਰੇ ਕਰਕੇ ਅਮਰੀਕਾ ਦੇ ਇਤਿਹਾਦੀ ਅਤੇ ਨਾਟੋ ਦੇਸ਼ ਇਸ ਜੰਗ ਤੋਂ ਦੂਰੀ ਬਣਾਈ ਰੱਖ ਰਹੇ ਹਨ ।ਫਿਰ ਵੀ ਖੌਫਨਾਕ ਡਰ ਇਹ ਹੈ ਕਿ ਕਿਤੇ ਇਹ ਜੰਗ ਤੀਸਰੀ ਵਿਸ਼ਵ ਜੰਗ ਦਾ ਰੂਪ ਨਾ ਧਾਰਨ ਕਰਕੇ ਮਾਨਵ ਬਰਬਾਦੀ ਦਾ ਕਾਰਨ ਨਾ ਬਣੇ ।ਇਸ ਲਈ ਰੂਸ ,ਚੀਨ ,ਬਰਤਾਨੀਆ, ਬਰਾਜ਼ੀਲ,ਸਾਊਥ ਅਫਰੀਕਾ,ਜਪਾਨ ,ਜਰਮਨੀ ਆਦਿ ਦੇਸ਼ਾਂ ਦੇ ਆਗੂਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਅਤੇ ਦਲੇਰਾਨਾ ਕਦਮ ਪੁੱਟਦਿਆ ਟਰੰਪ ਨੂੰ ਇਸ ਵਿਸ਼ਵ ਨੂੰ ਤੀਸਰੀ ਮਾਰੂ ਜੰਗ ਵਿਚ ਧਕੇਲਣ ਤੋਂ ਬਚਾਉਣਾ ਜਰੂਰੀ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ
ਕਿੰਗਸਟਨ -ਕੈਨੇਡਾ
+12898292929