ਚੰਗੀ ਬਾਰਿਸ਼ ਲਈ ਲੋਕਾਂ ਦੇ ਅਨੋਖੇ ਰਿਵਾਜ਼

ਜੇਕਰ ਮੀਂਹ ਨਾ ਪਵੇ ਤਾਂ ਸਮਝਿਆ ਜਾਂਦਾ ਏ ਕਿ ਇੰਦਰ ਦੇਵਤਾ ਨਾਰਾਜ਼ ਹੋ ਗਿਆ। ਫਿਰ ਰੁੱਸੇ ਦੇਵਤਾ ਨੂੰ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਕਰਮਕਾਂਡ ਕੀਤੇ ਜਾਂਦੇ ਨੇ। ਬਹੁਤ ਸਾਰੇ ਅੱਜ ਵੀ ਓਵੇਂ ਜਿਵੇਂ ਚਲਦੇ ਆ ਰਹੇ ਨੇ।

Update: 2024-06-19 14:33 GMT

ਬਾਰਿਸ਼ ਨੂੰ ਦੇਖਦਿਆਂ ਅਕਸਰ ਹੀ ਸਾਰਿਆਂ ਦੇ ਚਿਹਰੇ ਖਿੜ ਜਾਂਦੇ ਨੇ ਕਿਉਂਕਿ ਬਾਰਿਸ਼ ਸਾਰਿਆਂ ਲਈ ਖ਼ੁਸ਼ਹਾਲੀ ਜੋ ਲੈ ਕੇ ਆਉਂਦੀ ਐ ਪਰ ਜਦੋਂ ਲੰਬਾ ਸਮਾਂ ਬਾਰਿਸ਼ ਨਾ ਪਵੇ ਤਾਂ ਸਾਰਿਆਂ ਦੇ ਸਾਹ ਸੁੱਕ ਜਾਂਦੇ ਨੇ। ਖ਼ਾਸ ਤੌਰ ’ਤੇ ਉਨ੍ਹਾਂ ਖੇਤਰਾਂ ਦੇ ਕਿਸਾਨਾਂ ਲਈ ਵੱਡੀ ਚਿੰਤਾ ਦਾ ਸਬਬ ਬਣ ਜਾਂਦੈ, ਜਿਨ੍ਹਾਂ ਦੀ ਖੇਤੀ ਮੀਂਹ ਦੇ ਪਾਣੀ ’ਤੇ ਨਿਰਭਰ ਹੁੰਦੀ ਐ। ਜੇਕਰ ਮੀਂਹ ਨਾ ਪਵੇ ਤਾਂ ਸਮਝਿਆ ਜਾਂਦਾ ਏ ਕਿ ਇੰਦਰ ਦੇਵਤਾ ਨਾਰਾਜ਼ ਹੋ ਗਿਆ। ਫਿਰ ਰੁੱਸੇ ਦੇਵਤਾ ਨੂੰ ਮਨਾਉਣ ਲਈ ਤਰ੍ਹਾਂ ਤਰ੍ਹਾਂ ਦੇ ਕਰਮਕਾਂਡ ਕੀਤੇ ਜਾਂਦੇ ਨੇ। ਇਨ੍ਹਾਂ ਕਰਮਕਾਂਡਾਂ ਵਿਚੋਂ ਬਹੁਤ ਸਾਰੇ ਤਾਂ ਸਮੇਂ ਦੇ ਆਧੁਨਿਕ ਹੋਣ ਨਾਲ ਖ਼ਤਮ ਹੋ ਗਏ ਅਤੇ ਬਹੁਤ ਸਾਰੇ ਅੱਜ ਵੀ ਓਵੇਂ ਜਿਵੇਂ ਚਲਦੇ ਆ ਰਹੇ ਨੇ।

ਗੱਲ ਪੰਜਾਬ ਤੋਂ ਸ਼ੁਰੂ ਕਰਦੇ ਆਂ, ਪੰਜਾਬ ਵਿਚ ਜਦੋਂ ਮੀਂਹ ਨਹੀਂ ਸੀ ਪੈਂਦਾ ਤਾਂ ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਵੱਲੋਂ ਇਕੱਠੀਆਂ ਹੋ ਕੇ ਗੁੱਡੀ ਫੂਕੀ ਜਾਂਦੀ ਸੀ। ਇਸ ਰਸਮ ਨੂੰ ਪੂਰੀ ਗੰਭੀਰਤਾ ਨਾਲ ਕੀਤਾ ਜਾਂਦਾ ਸੀ, ਗੁੱਡੀ ਫੂਕਣ ਸਮੇਂ ਸਾਰੀਆਂ ਔਰਤਾਂ ਉਚੀ ਉਚੀ ਰੋਂਦੀਆਂ ਸਨ, ਬੱਚਿਆਂ ਨੂੰ ਮਿੱਠੀਆਂ ਰੋਟੀਆਂ ਤੇ ਪੰਜੀਰੀ ਆਦਿ ਵੰਡੀ ਜਾਂਦੀ ਸੀ ਪਰ ਸਮੇਂ ਦੇ ਨਾਲ ਇਹ ਰਸਮ ਪੰਜਾਬ ਵਿਚੋਂ ਲਗਪਗ ਖ਼ਤਮ ਹੋ ਚੁੱਕੀ ਐ। ਇਸ ਤੋਂ ਇਲਾਵਾ ਪਿੰਡਾਂ ਵਿਚ ਮਿੱਠੇ ਚੌਲਾਂ ਦਾ ਯੱਗ ਵੀ ਕੀਤਾ ਜਾਂਦਾ ਸੀ ਤਾਂ ਇਸ ਤੋਂ ਖ਼ੁਸ਼ ਹੋ ਕੇ ਰੱਬ ਮੀਂਹ ਵਰਸਾ ਦੇਵੇ, ਇਹ ਬਹੁਤ ਸਾਰੇ ਪਿੰਡਾਂ ਵਿਚ ਅਜੇ ਵੀ ਕੀਤਾ ਜਾਂਦਾ ਏ। ਆਓ ਤੁਹਾਨੂੰ ਬਾਰਿਸ਼ ਨਾਲ ਜੁੜੀਆਂ ਕੁੱਝ ਹੋਰ ਮਾਨਤਾਵਾਂ ਤੋਂ ਜਾਣੂ ਕਰਵਾਓਨੇ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਵੀ ਪ੍ਰਚਲਿਤ ਨੇ।

ਡੱਡੂ ਤੇ ਡੱਡੀ ਦਾ ਵਿਆਹ : ਇਹ ਪ੍ਰਥਾ ਕਿਸੇ ਸਮੇਂ ਆਸਾਮ ਵਿਚ ਕਾਫ਼ੀ ਜ਼ਿਆਦਾ ਪ੍ਰਚਲਿਤ ਸੀ ਪਰ ਅੱਜ ਯੂਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਕੁੱਝ ਹਿੱਸਿਆਂ ਵਿਚ ਮਨਾਈ ਜਾਂਦੀ ਐ। ਲੋਕਾਂ ਦਾ ਮੰਨਣਾ ਏ ਕਿ ਡੱਡੂ ਡੱਡੀ ਦੇ ਵਿਆਹ ਦਾ ਮੌਸਮ ਦੇ ਨਾਲ ਕੁਨੈਕਸ਼ਨ ਐ ਕਿਉਂਕਿ ਡੱਡੂਆਂ ਦੇ ਬਾਹਰ ਨਿਕਲਣ ਦਾ ਮੌਸਮ ਹੁੰਦਾ ਹੈ। ਲੋਕਾਂ ਦਾ ਮੰਨਣਾ ਏ ਕਿ ਇਸ ਰਸਮ ਦੇ ਕਰਨ ਨਾਲ ਬਾਰਿਸ਼ ਆ ਜਾਂਦੀ ਐ।

ਤੂੰਬਾ ਵਜਾਉਣ ਦੀ ਪ੍ਰਥਾ : ਬਸਤਰ ਵਿਚ ਗੋਂਡ ਜਾਤੀ ਦੇ ਲੋਕ ਪਾਂਡਵਾਂ ਵਿਚੋਂ ਭੀਮ ਨੂੰ ਅਪਣਾ ਦੇਵਤਾ ਮੰਨਦੇ ਨੇ, ਜਿਸ ਨੂੰ ਬਾਰਿਸ਼ ਅਤੇ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦੈ। ਸਥਾਨਕ ਮਾਨਤਾ ਦੇ ਅਨੁਸਾਰ ਜਦੋਂ ਭੀਮ ਤੁੰਬਾ ਵਜਾਉਂਦੇ ਸਨ ਤਾਂ ਬਾਰਿਸ਼ ਹੁੰਦੀ ਸੀ। ਤੁੰਬਾ ਇਕ ਤਰ੍ਹਾਂ ਦਾ ਸਾਜ਼ ਐ। ਗੋਂਡ ਜਾਤੀ ਇਕ ਸਮਾਜ ਇਸ ਨੂੰ ਵਜਾਉਣ ਦਾ ਕੰਮ ਕਰਦਾ ਹੈ, ਜਿਸ ਨੂੰ ਭੀਮਾ ਕਿਹਾ ਜਾਂਦੈ। ਗੋਂਡ ਜਨਜਾਤੀ ਵਿਚ ਇਸ ਦਾ ਬੇਹੱਦ ਸਨਮਾਨ ਕੀਤਾ ਜਾਂਦੈ। ਅੱਜ ਵੀ ਲੋਕਾਂ ਦਾ ਮੰਨਣਾ ਏ ਕਿ ਜਦੋਂ ਭੀਮਾ ਤੁੰਬਾ ਵਜਾਉਂਦੇ ਨੇ ਤਾਂ ਬਾਰਿਸ਼ ਹੁੰਦੀ ਐ। ਇਹ ਪ੍ਰਥਾ ਅੱਜ ਵੀ ਛੱਤੀਸਗੜ੍ਹ ਦੇ ਕਈ ਇਲਾਕਿਆਂ ਵਿਚ ਪ੍ਰਚਲਿਤ ਹੈ।

ਅਣਵਿਆਹੁਤਾ ਔਰਤਾਂ ਨੂੰ ਨਗਨ ਕਰਕੇ ਖੇਤ ਵਿਚ ਹਲ ਵਹਾਉਣਾ : ਬਿਹਾਰ, ਯੂਪੀ ਅਤੇ ਤਾਮਿਲਨਾਡੂ ਦੇ ਕੁੱਝ ਖੇਤਰਾਂ ਵਿਚ ਇਹ ਪ੍ਰਥਾ ਅੱਜ ਵੀ ਚਲ ਰਹੀ ਐ। ਲੋਕਾਂ ਦੀ ਮਾਨਤਾ ਹੈ ਕਿ ਇਸ ਨਾਲ ਬਾਰਿਸ਼ ਦੇ ਦੇਵਤਾ ਨੂੰ ਸ਼ਰਮ ਆ ਜਾਂਦੀ ਐ ਅਤੇ ਉਹ ਬਾਰਿਸ਼ ਕਰ ਦਿੰਦਾ ਹੈ। ਇਕ ਜਾਣਕਾਰੀ ਦੇ ਮੁਤਾਬਕ ਇਸ ਪੂਰੀ ਪ੍ਰਕਿਰਿਆ ਵਿਚ ਮਰਦਾਂ ਨੂੰ ਦੂਰ ਰੱਖਿਆ ਜਾਂਦਾ ਸੀ। ਕਿਸਾਨਾਂ ਦੀ ਇਹ ਵੀ ਮਾਨਤਾ ਸੀ ਕਿ ਜੇਕਰ ਖੇਤ ਵਹਾਉਂਦੀ ਮਹਿਲਾ ਨੂੰ ਕੋਈ ਦੇਖ ਲੈਂਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਂਦੇ ਸਨ।

ਬਾਰਿਸ਼ ਪਵਾਉਣ ਨੂੰ ਲੈ ਕੇ ਅਜਿਹੀਆਂ ਮਾਨਤਾਵਾਂ ਸਿਰਫ਼ ਭਾਰਤ ਵਿਚ ਹੀ ਨਹੀਂ ਬਲਕਿ ਹੋਰਨਾਂ ਕਈ ਦੇਸ਼ਾਂ ਵਿਚ ਵੀ ਅਜਿਹਾ ਕੀਤਾ ਜਾਂਦੈ। ਥਾਈਲੈਂਡ ਵਿਚ ਬਾਰਿਸ਼ ਦੇ ਲਈ ਬਿੱਲੀ ’ਤੇ ਪਾਣੀ ਸੁੱਟਣ ਦਾ ਰਿਵਾਜ਼ ਐ। ਇੱਥੇ ਪਿੰਜਰੇ ਵਿਚ ਕੈਦ ਬਿੱਲੀ ’ਤੇ ਪਾਣੀ ਦੀ ਬੌਛਾਰ ਮਾਰੀ ਜਾਂਦੀ ਐ। ਮਾਨਤਾ ਇਹ ਐ ਕਿ ਬਿੱਲੀ ਦੇ ਰੋਣ ਨਾਲ ਬਾਰਿਸ਼ ਆਉਂਦੀ ਐ। ਹਾਲਾਂਕਿ ਮੌਜੂਦਾ ਸਮੇਂ ਇਸ ਪ੍ਰਥਾ ਵਿਚ ਬਦਲਾਅ ਕਰਕੇ ਨਕਲੀ ਬਿੱਲੀ ਦੀ ਵਰਤੋਂ ਕੀਤੀ ਜਾਂਦੀ ਐ। ਹੋਰ ਤਾਂ ਹੋਰ ਅਮਰੀਕਾ ਵਰਗੇ ਅਗਾਂਹਵਧੂ ਮੁਲਕ ਵਿਚ ਬਾਰਿਸ਼ ਦੇ ਲਈ ਰਵਾਇਤੀ ਡਾਂਸ ਦੀ ਪ੍ਰਥਾ ਪ੍ਰਚਲਿਤ ਐ।

ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਣਾ, ਅਜਿਹੀ ਹੀ ਹੋਰ ਦਿਲਚਸਪ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤਕ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ

Tags:    

Similar News