ਮਹਿੰਗਾਈ - ਗਾਲੜ ਦੇ ਸਿਰ ਵਿਚ ਚਵਾਨੀ

ਮਕੈਨਿਕ ਨੂੰ ਸੱਦਣਾ ਤੇ ਉਸ ਆਖਣਾ, ਕੇਸ ਦੀਆਂ ਤਾਰਾਂ ਨੂੰ ਕਾਟੋ ਉਰਫ ਗਲਹਿਰੀ ਖਾ ਗਈ ਹੈ। ਬੜੀ ਵੱਡੀ ਸਮੱਸਿਆ ਖੜੀ ਹੋ ਗਈ । ਫਿਰ ਯਾਦ ਆਇਆ ਵੀ ਚਲੋ ਇਹਨਾਂ ਗਲਹਿਰੀਆਂ

By :  Gill
Update: 2026-04-02 00:39 GMT

-ਜਨਮੇਜਾ ਸਿੰਘ ਜੌਹਲ 

 ਗਾਲੜ ਦੇ ਸਿਰ ਵਿਚ ਚਵਾਨੀ

ਛੋਟੇ ਹੁੰਦੇ ਸੋਚੀ ਦਾ ਸੀ ਕਿ ਜੇਕਰ ਕਾਟੋ ਜਾਂ ਜਿਸ ਨੂੰ ਗਲਹਿਰੀ ਵੀ ਕਹਿੰਦੇ ਹਨ,  ਉਹ ਮਾਰ ਦਿੱਤੀ ਜਾਵੇ ਤਾਂ ਉਹਦੇ ਸਿਰ ਦੇ ਵਿੱਚੋਂ ਦੁਆਨੀ  ਨਿਕਲਦੀ ਹੈ ਵੱਟੇ  ਮਾਰ ਕੇ ਬੜੀ  ਕੋਸ਼ਿਸ਼ ਕੀਤੀ ਪਰ ਕਦੇ ਕਾਟੋ ਨਾ ਮਰੀ ਤੇ ਨਾ ਹੀ ਕਦੇ ਸਾਨੂੰ ਦੁਆਨੀ ਮਿਲੀ,  ਤੇ ਦੁਆਨੀ ਦੀ ਖਾਤਰ ਲਏ ਹੋਏ ਸੁਪਨੇ ਕਿ ਹੱਟੀ ਤੋਂ ਮਿੱਠੀਆਂ ਗੋਲੀਆਂ ਲੈ ਕੇ ਖਾਵਾਂਗੇ , ਨਾ ਉਹ ਰੀਜ ਹੀ ਪੂਰੀ ਹੋਈ।  ਸਮਾਂ ਬੀਤਦਾ ਗਿਆ,  ਥੋੜੇ ਵੱਡੇ ਹੋਏ ਤਾਂ ਫਿਰ ਕਿਸੇ ਦੱਸਿਆ ਕਿ  ਹੁਣ ਇਹਦੇ ਸਿਰ ਦੇ ਵਿੱਚੋਂ ਅਠਿਆਨੀ ਨਿਕਲਦੀ ਹੈ। ਪਰ ਅਸੀਂ ਉਹ ਅਠਿਆਨੀ ਵੀ ਪ੍ਰਾਪਤ ਨਾ ਕਰ ਸਕੇ,  ਕਿਉਂਕਿ ਇਹ  ਜਾਨਵਰ ਭੱਜ ਜਾਂਦਾ ਸੀ ਅਤੇ ਸਾਡੇ ਅੜਿਕੇ ਕਦੇ ਵੀ ਨਹੀਂ ਆਇਆ । ਨਾ ਸੋਟੀਆਂ ਨਾਲ,  ਨਾ ਵੱਟਿਆਂ ਨਾਲ । ਸੋ ਅਠਿਆਨੀ ਨਾਲ ਹੋਰ ਮਹਿੰਗੇ ਭਾ ਦੀਆਂ ਟਾਫੀਆਂ ਖਰੀਦਣ ਦੀ ਰੀਜ ਉਹ ਵੀ ਵਿੱਚੇ ਹੀ ਦੱਬ ਗਈ । ਫਿਰ ਸਮੇਂ ਨੇ ਕਰਵਟ ਲਈ ਤੇ ਅਸੀਂ ਵੱਡੇ ਹੋ ਗਏ। ਘਰਾਂ ਦੇ ਵਿੱਚ ਏਸੀ ਲੱਗ ਗਏ,  ਦਫਤਰਾਂ ਦੇ ਵਿੱਚ ਏਸੀ ਲੱਗ ਗਏ, ਗਰਮੀਆਂ ਦੇ ਵਿੱਚ ਕਈ ਵਾਰੀ ਇੰਝ ਹੋਣਾ ਕਿ ਏਸੀ ਬੰਦ ਹੋ ਜਾਂਦੇ । 

ਮਕੈਨਿਕ ਨੂੰ ਸੱਦਣਾ ਤੇ ਉਸ ਆਖਣਾ,  ਕੇਸ ਦੀਆਂ ਤਾਰਾਂ ਨੂੰ ਕਾਟੋ ਉਰਫ ਗਲਹਿਰੀ ਖਾ ਗਈ ਹੈ।  ਬੜੀ ਵੱਡੀ ਸਮੱਸਿਆ ਖੜੀ ਹੋ ਗਈ ।  ਫਿਰ ਯਾਦ ਆਇਆ ਵੀ ਚਲੋ ਇਹਨਾਂ ਗਲਹਿਰੀਆਂ ਨੂੰ ਹੀ ਫੜ ਲੈਦੇ ਆਂ ਤੇ ਨਾਲੇ ਇਹਨਾਂ ਦੇ ਸਿਰ ਵਿੱਚੋਂ ਅਠਿਆਨੀ ਕੱਢ ਲੈਦੇ ਹਾਂ । ਹੋ ਸਕਦਾ ਹੈ ਅਠਿਆਨੀ ਦੀ ਜਗ੍ਹਾ ਇਹ ਪੈਸੇ  ਰੁਪਏ ਹੋਰ ਵਧ ਗਏ ਹੋਣ।  

ਫਿਰ ਇਸੇ ਤਰ੍ਹਾਂ ਇੱਕ ਦਿਨ  ਸਿਕੰਜਾ ਲਾ ਕੇ ਇੱਕ ਗਲਹਿਰੀ ਫੜ ਲਈ।  ਜਦੋਂ ਉਹ ਫੜ ਲਈ ਤਾਂ ਉਹ ਬੜੀ ਘਬਰਾਈ ਹੋਈ ਸੀ । ਮੈਂ ਉਸ ਨੂੰ ਆਖਿਆ , ਬੱਚੂ ਸਾਰੀ ਜ਼ਿੰਦਗੀ ਗੁਜ਼ਰ ਗਈ ਨਾ ਤੇਰੇ ਚੋਂ ਅਸੀਂ ਦੁਆਨੀ ਕੱਢ ਸਕੇ ਤੇ ਨਾ ਅਠਿਆਨੀ ਕੱਢ ਸਕੇ , ਹੁਣ ਤੇਰੇ ਚੋਂ ਰੁਪਈਏ ਕੱਢਾਂਗੇ । ਤਾਂ ਉਸ ਘਬਰਾਈ ਹੋਈ ਨੇ ਬੋਲਿਆ,  ਬਾਓ ਜੀ ਸਰਦਾਰ ਜੀ ਮਾਫ ਕਰਨਾ,  ਹੁਣ ਮੇਰੇ ਸਿਰ ਦੇ ਵਿੱਚ ਕੈਸ਼ ਨਹੀਂ ਹੁੰਦਾ । ਆਪਣਾ ਕਿਊਆਰ ਕੋਡ ਦੇ ਦਿਓ ਮੈਂ ਤੁਹਾਨੂੰ ਪੇ ਟੀ ਐਮ  ਕਰ ਦਿੰਦੀ ਆਂ,  ਪਰ ਮੈਨੂੰ ਮਾਰਿਓ ਨਾ।  ਮੈਂ ਜਲਦੀ ਵਿੱਚ ਆਪਣਾ ਫੋਨ ਕੱਢਿਆ ਤੇ ਕਿਊ ਆਰ ਕੋਡ ਲੱਭਣ ਲੱਗ ਪਿਆ।  ਤਾਂ ਮੇਰੇ ਹੱਥ ਦੇ ਵਿੱਚੋਂ ਫੋਨ ਇਕਦਮ ਤਿਲਕ ਪਿਆ ਅਤੇ ਉਹ ਥੱਲੇ ਜਾ ਡਿੱਗਿਆ । ਮੈਂ ਜਿਉਂ ਹੀ ਝੁੱਕ ਕੇ ਫੋਨ ਚੁੱਕਣ ਲੱਗਾ ਤਾਂ ਧੜੰਮ ਦੇਣੇ ਮੈਂ ਮੰਜੇ ਦੀ ਬਾਹੀ ਤੋਂ ਥੱਲੇ ਡਿੱਗ ਪਿਆ ਤੇ ਮੇਰੀ ਜਾਗ ਖੁੱਲ ਗਈ । ਕਾਟੋ  ਭੱਜ ਚੁੱਕੀ ਸੀ ਤੇ ਕਿਊਆਰ ਕੋਡ ਮੇਰਾ ਮੂੰਹ ਚਿੜ੍ਹਾ ਰਿਹਾ ਸੀ। 


Similar News