ਵੈਨੇਜ਼ੁਏਲਾ ਵਿਚ ਨਿਕੋਲਸ ਮਾਦੂਰੋ ਦੀ ਤੀਜੀ ਜਿੱਤ ਮਗਰੋਂ ਹਿੰਸਾ

ਦੱਖਣੀ ਅਮਰੀਕਾ ਦੇ ਮੁਲਕ ਵੈਨੇਜ਼ੁਏਲਾ ਵਿਚ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਲਗਾਤਾਰ ਤੀਜੀ ਜਿੱਤ ਮਗਰੋਂ ਵੱਡੇ ਪੱਧਰ ’ਤੇ ਰੋਸ ਵਿਖਾਵੇ ਸ਼ੁਰੂ ਹੋ ਗਏ ਅਤੇ ਸੜਕਾਂ ’ਤੇ ਉਤਰੇ ਲੋਕਾਂ ਸਾੜ-ਫੂਕ ਕਰਨ ਲੱਗੇ।

Update: 2024-07-30 12:02 GMT

ਕਰਾਕਸ : ਦੱਖਣੀ ਅਮਰੀਕਾ ਦੇ ਮੁਲਕ ਵੈਨੇਜ਼ੁਏਲਾ ਵਿਚ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਲਗਾਤਾਰ ਤੀਜੀ ਜਿੱਤ ਮਗਰੋਂ ਵੱਡੇ ਪੱਧਰ ’ਤੇ ਰੋਸ ਵਿਖਾਵੇ ਸ਼ੁਰੂ ਹੋ ਗਏ ਅਤੇ ਸੜਕਾਂ ’ਤੇ ਉਤਰੇ ਲੋਕਾਂ ਸਾੜ-ਫੂਕ ਕਰਨ ਲੱਗੇ। ਵਿਰੋਧੀ ਧਿਰ ਵੱਲੋਂ ਚੋਣ ਨਤੀਜਿਆਂ ਵਿਚ ਹੇਰਾਫੇਰੀ ਦੇ ਦੋਸ਼ ਲਾਏ ਜਾ ਰਹੇ ਹਨ ਅਤੇ ਅਮਰੀਕਾ ਨੇ ਵੀ ਚੋਣ ਨਤੀਜਿਆਂ ਨੂੰ ਪੱਖਪਾਤੀ ਕਰਾਰ ਦਿਤਾ ਹੈ। ਹਜ਼ਾਰਾਂ ਲੋਕ ਰਾਜਧਾਨੀ ਕਰਾਕਸ ਵਿਖੇ ਰਾਸ਼ਟਰਪਤੀ ਭਵਨ ਨੇੜੇ ਪੁੱਜ ਰਹੇ ਹਨ। ਕੁਝ ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਭਵਨ ਦੇ ਗੇਟ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਰਬੜ ਦੀਆਂ ਗੋਲੀਆਂ ਦਾਗੀਆਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ। ਰਾਜਧਾਨੀ ਤੋਂ 400 ਕਿਲੋਮੀਟਰ ਦੂਰ ਵੱਡੀ ਗਿਣਤੀ ਵਿਚ ਲੋਕਾਂ ਨੇ ਮਾਦੂਰੋ ਦੇ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਦਫ਼ਤਰ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਸੁਰੱਖਿਆ ਬਲਾਂ ਨੇ ਇਸ ਨੂੰ ਨਾਕਾਮ ਕਰ ਦਿਤਾ। ਇਥੇ ਦਸਣਾ ਬਣਦਾ ਹੈ ਕਿ 28 ਜੁਲਾਈ ਨੂੰ ਵੋਟਾਂ ਤੋਂ ਪਹਿਲਾਂ ਹਰ ਸਰਵੇਖਣ ਵਿਚ ਵਿਰੋਧੀ ਧਿਰ ਦੇ ਉਮੀਦਵਾਰ ਐਡਮੰਡੋ ਗੌਂਜ਼ਾਲੇਜ਼ ਦੀ ਵੱਡੀ ਜਿੱਤ ਵੱਲ ਇਸ਼ਾਰਾ ਹੋ ਰਿਹਾ ਸੀ ਪਰ ਚੋਣ ਨਤੀਜੇ ਬਿਲਕੁਲ ਉਲਟ ਆਏ।

ਸੜਕਾਂ ’ਤੇ ਉਤਰੇ ਲੋਕਾਂ ਵੱਲੋਂ ਸਾੜ-ਫੂਕ

ਵਿਰੋਧੀ ਧਿਰ ਨੇ ਚੋਣ ਨਤੀਜਿਆਂ ਨੂੰ ਮੰਨਣ ਤੋਂ ਨਾਂਹ ਕਰ ਦਿਤੀ ਹੈ ਅਤੇ ਚੋਣ ਕਮਿਸ਼ਨ ’ਤੇ ਘਪਲਾ ਕਰਨ ਦੇ ਦੋਸ਼ ਲਾਏ ਹਨ। ਚੋਣ ਨਤੀਜਿਆਂ ਮਗਰੋਂ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ 51.2 ਫੀ ਸਦੀ ਵੋਟਾਂ ਮਿਲੀਆਂ ਜਦਕਿ ਗੌਂਜ਼ਾਲੇਜ਼ ਸਿਰਫ 45 ਫੀ ਸਦੀ ਵੋਟਾਂ ਹੀ ਲੈ ਸਕੇ। ਮੁਜ਼ਾਹਰਾਕਾਰੀਆਂ ਵੱਲੋਂ ਸਾਬਕਾ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਦੇ ਕਈ ਬੱਤ ਤੋੜ ਦਿਤੇ ਗਏ। ਇਕ ਵੀਡੀਓ ਵਿਚ ਸ਼ਾਵੇਜ਼ ਦੇ ਪੁਤਲੇ ਦਾ ਸਿਰ ਬਾਈਕ ’ਤੇ ਬੰਨ੍ਹ ਕੇ ਲਿਜਾਂਦਿਆਂ ਦੇਖਿਆ ਜਾ ਸਕਦਾ ਹੈ। ਹਿਊਗੋ ਸ਼ਾਵੇਜ਼ ਨੇ ਇਕ ਦਹਾਕੇ ਤੋਂ ਵੱਧ ਵੈਨੇਜ਼ੁਏਲਾ ਦੀ ਕਮਾਨ ਸੰਭਾਲੀ ਅਤੇ ਨਿਕੋਲਸ ਮਾਦੂਰੋ ਨੂੰ ਆਪਣਾ ਉਤਰਾਧਿਕਾਰੀ ਬਣਾਇਆ। ਤਾਜ਼ਾ ਚੋਣ ਨਤੀਜਿਆਂ ਮਗਰੋਂ 2030 ਤੱਕ ਮਾਦੂਰੋ ਦੀ ਸਰਕਾਰ ਰਹੇਗੀ। ਸੋਮਵਾਰ ਨੂੰ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਮਾਦੂਰੋ ਨੇ ਦਾਅਵਾ ਕੀਤਾ ਕਿ ਤਖਤਾ ਪਲਟਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਸਾਜ਼ਿਸ਼ ਘਾੜਿਆਂ ਦੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਦੱਸ ਦੇਈਏ ਕਿ ਵੈਨੇਜ਼ੁਏਲਾ ਕਈ ਵਰਿ੍ਹਆਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਅਮਰੀਕਾ ਅਤੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਬੰਦਿਸ਼ਾਂ ਕਾਰਨ ਤੇਲ ਦੇ ਅਥਾਹ ਭੰਡਾਰਾਂ ਵਾਲਾ ਇਹ ਮੁਲਕ ਅਲਗ-ਥਲੱਗ ਪੈ ਚੁੱਕਾ ਹੈ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬÇਲੰਕਨ ਨੇ ਚੋਣ ਨਤੀਜਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਰਾਹੀਂ ਵੈਨੇਜ਼ੁਏਨਾ ਦੇ ਲੋਕਾਂ ਦੇ ਮਨ ਦੀ ਗੱਲ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਚੀਨ, ਰੂਸ ਅਤੇ ਕਿਊਬਾ ਵਰਗੇ ਮੁਲਕਾਂ ਵੱਲੋਂ ਨਿਕੋਲਸ ਮਾਦੂਰੋ ਨੂੰ ਤੀਜੀ ਜਿੱਤ ’ਤੇ ਵਧਾਈ ਦਿਤੀ ਗਈ ਹੈ ਪਰ ਗੁਆਂਢੀ ਮੁਲਕ ਬਰਾਜ਼ੀਲ ਵੱਲੋਂ ਹੁਣ ਤੱਕ ਵਧਾਈ ਸੁਨੇਹਾ ਨਹੀਂ ਪੁੱਜਾ।

Tags:    

Similar News