ਅਮਰੀਕਾ ਦੀ ਵਸੋਂ 34 ਕਰੋੜ ਤੋਂ ਟੱਪੀ, ਦੋ ਦਹਾਕੇ ਦਾ ਸਭ ਤੋਂ ਤੇਜ਼ ਵਾਧਾ
ਅਮਰੀਕਾ ਦੀ ਆਬਾਦੀ ਵਿਚ ਮੌਜੂਦਾ ਵਰ੍ਹੇ ਦੌਰਾਨ 33 ਲੱਖ ਦਾ ਵਾਧਾ ਹੋਇਆ ਜਿਨ੍ਹਾਂ ਵਿਚੋਂ ਤਕਰੀਬਨ 28 ਲੱਖ ਵਿਦੇਸ਼ਾਂ ਤੋਂ ਪੁੱਜੇ।
ਨਿਊ ਯਾਰਕ : ਅਮਰੀਕਾ ਦੀ ਆਬਾਦੀ ਵਿਚ ਮੌਜੂਦਾ ਵਰ੍ਹੇ ਦੌਰਾਨ 33 ਲੱਖ ਦਾ ਵਾਧਾ ਹੋਇਆ ਜਿਨ੍ਹਾਂ ਵਿਚੋਂ ਤਕਰੀਬਨ 28 ਲੱਖ ਵਿਦੇਸ਼ਾਂ ਤੋਂ ਪੁੱਜੇ। ਦੂਜੇ ਪਾਸੇ ਮੁਲਕ ਵਿਚ ਹੋਈਆਂ ਮੌਤਾਂ ਦੇ ਮੁਕਾਬਲੇ ਜੰਮਣ ਵਾਲਿਆਂ ਦੀ ਗਿਣਤੀ 5 ਲੱਖ 19 ਹਜ਼ਾਰ ਵੱਧ ਦਰਜ ਕੀਤੀ ਗਈ ਜੋ 2021 ਵਿਚ ਸਿਰਫ 1 ਲੱਖ 41 ਹਜ਼ਾਰ ਰਹਿ ਗਈ ਸੀ। ਮਰਦਮਸ਼ੁਮਾਰੀ ਵਿਭਾਗ ਦੇ ਅੰਕੜਿਆਂ ਮੁਤਾਬਕ ਮੁਲਕ ਦੀ ਆਬਾਦੀ 34 ਕਰੋੜ ਤੋਂ ਟੱਪ ਚੁੱਕੀ ਹੈ ਪਰ ਵਰਮੌਂਟ, ਵੈਸਟ ਵਰਜੀਨੀਆ ਅਤੇ ਮਿਸੀਸਿਪੀ ਵਰਗੇ ਰਾਜਾਂ ਦੀ ਵਸੋਂ ਵਿਚ ਕਮੀ ਦਰਜ ਕੀਤੀ ਗਈ।
28 ਲੱਖ ਲੋਕ ਵਿਦੇਸ਼ਾਂ ਆਏ, ਜੰਮਣ ਵਾਲਿਆਂ ਦੀ ਗਿਣਤੀ ਮੌਤਾਂ ਤੋਂ 5.19 ਲੱਖ ਵਧੀ
ਕੈਲੇਫੋਰਨੀਆ ਨੂੰ ਵੀ 2 ਲੱਖ 40 ਹਜ਼ਾਰ ਲੋਕਾਂ ਦਾ ਘਾਟਾ ਬਰਦਾਸ਼ਤ ਕਰਨਾ ਪਿਆ ਕਿਉਂਕਿ ਅੰਦਰੂਨੀ ਪ੍ਰਵਾਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਅਮਰੀਕਾ ਦੇ ਹੋਰਨਾਂ ਰਾਜਾਂ ਵਿਚ ਵਸਣ ਨੂੰ ਤਰਜੀਹ ਦਿਤੀ ਪਰ ਕੌਮਾਂਤਰੀ ਪ੍ਰਵਾਸ ਸਦਕਾ 3 ਲੱਖ 61 ਹਜ਼ਾਰ ਤੋਂ ਵੱਧ ਲੋਕ ਸੂਬੇ ਵਿਚ ਆ ਕੇ ਵਸੇ। ਅਮਰੀਕਾ ਦੀ ਆਬਾਦੀ ਵਿਚ 2024 ਦੌਰਾਨ ਹੋਇਆ ਵਾਧਾ ਪਿਛਲੇ 23 ਸਾਲ ਵਿਚ ਸਭ ਤੋਂ ਵੱਧ ਮੰਨਿਆ ਜਾ ਰਿਹਾ ਹੈ। 2023 ਦੌਰਾਨ ਮੁਲਕ ਦੀ ਆਬਾਦੀ ਵਿਚ 23 ਲੱਖ ਦਾ ਵਾਧਾ ਹੋਇਆ ਜਦਕਿ 2022 ਵਿਚ ਇਹ ਅੰਕੜਾ 17 ਲੱਖ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2001 ਵਿਚ ਮੁਲਕ ਦੀ ਕੁਲ ਆਬਾਦੀ ਦਾ ਇਕ ਫ਼ੀ ਸਦੀ ਦੇ ਬਰਾਬਰ ਵਸੋਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਅਮਰੀਕਾ ਦੇ ਦੱਖਣੀ ਰਾਜਾਂ ਵਿਚ ਤਕਰੀਬਨ 13 ਕਰੋੜ 27 ਲੱਖ ਲੋਕ ਵਸਦੇ ਹਨ ਅਤੇ ਪਿਛਲੇ ਸਾਲ ਦੇ ਮੁਕਾਬਲੇ ਵਸੋਂ ਵਿਚ 1.4 ਫੀ ਸਦੀ ਵਾਧਾ ਹੋਇਆ ਹੈ। ਮਰਦਮਸ਼ੁਮਾਰੀ ਬਿਊਰੋ ਦੀ ਡੈਮੋਗ੍ਰਾਫ਼ਰ ਕ੍ਰਿਸਟੀ ਵਾਇਲਡਰ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਦੌਰਾਨ ਅਮਰੀਕਾ ਦੀ ਵਸੋਂ ਵਿਚ ਕੁਦਰਤੀ ਵਾਧਾ ਓਨਾ ਨਹੀਂ ਰਿਹਾ ਜਿੰਨਾ ਹੋਣਾ ਚਾਹੀਦਾ ਸੀ ਪਰ ਕੌਮਾਂਤਰੀ ਪ੍ਰਵਾਸ ਨੇ ਆਬਾਦੀ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ।
17 ਸਾਲ ਦੇ ਤੱਕ ਦੇ ਬੱਚਿਆਂ ਦੀ ਗਿਣਤੀ ਵਿਚ ਆਈ ਕਮੀ
ਤਾਜ਼ਾ ਅੰਕੜੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਡੌਨਲਡ ਟਰੰਪ ਇਕ ਕਰੋੜ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕਰ ਚੁੱਕੇ ਹਨ। 20 ਤੋਂ 40 ਸਾਲ ਉਮਰ ਵਾਲੇ ਪ੍ਰਵਾਸੀਆਂ ਦੀ ਕਮੀ ਕਿਰਤੀ ਬਾਜ਼ਾਰ ਉਤੇ ਵੱਡਾ ਦਬਾਅ ਪਾ ਸਕਦੀ ਹੈ। ਆਬਾਦੀ ਦੇ ਅੰਕੜਿਆਂ ਦੀ ਡੂੰਘਾਈ ਨਾਲ ਘੋਖ ਕੀਤੀ ਜਾਵੇ ਤਾਂ ਮੌਜੂਦਾ ਵਰ੍ਹੇ ਦੌਰਾਨ ਜੰਮਣ ਵਾਲੇ ਦਿਨ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੀ ਗਿਣਤੀ ਵਿਚ 73 ਲੱਖ 33 ਹਜ਼ਾਰ ਤੋਂ ਘਟ ਕੇ 73 ਲੱਖ 10 ਹਜ਼ਾਰ ਰਹਿ ਗਈ। ਇਹ ਕਮੀ ਭਾਵੇਂ 0.2 ਦੋ ਫ਼ੀ ਸਦੀ ਮੰਨੀ ਜਾ ਰਹੀ ਹੈ ਪਰ ਲੰਮੇ ਸਮੇਂ ਦੌਰਾਨ ਇਸ ਦੇ ਵੱਡੇ ਅਸਰ ਦੇਖਣ ਨੂੰ ਮਿਲ ਸਕਦੇ ਹਨ। ਨੌਜਵਾਨ ਦੀ ਘੱਟ ਗਿਣਤੀ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਕਿਰਤੀਆਂ ਦੀ ਫੌਜ ਵਿਚ ਸ਼ਮੂਲੀਅਤ ਵੀ ਘਟੇਗੀ ਅਤੇ ਹੈਲਥਕੇਅਰ, ਟੈਕਨਾਲੋਜੀ ਜਾਂ ਮੈਨੁਫੈਕਚਰਿੰਗ ਸੈਕਟਰ ਵਿਚ ਕਿਰਤੀਆਂ ਦੀ ਕਿੱਲਤ ਦਾ ਟਾਕਰਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਵਡੇਰੀ ਉਮਰ ਦੇ ਲੋਕਾਂ ਦੀ ਗਿਣਤੀ ਵਿਚ ਵਾਧੇ ਕਾਰਨ ਸਮਾਜਿਕ ਸੁਰੱਖਿਆ ਪ੍ਰਣਾਲੀ ’ਤੇ ਬੋਝ ਪੈਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।