ਅਮਰੀਕਾ ਪੁਲਿਸ ਨੇ ਝੂਠੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸਿੱਖ ਆਗੂ
ਅਮਰੀਕਾ ਵਿਚ ਇਕ ਹੋਰ ਸਿੱਖ ਆਗੂ ਜਗਬਿੰਦਰਬੀਰ ਸਿੰਘ ਸੰਧੂ ਨੂੰ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਝੂਠੇ ਦੋਸ਼ਾਂ ਵਿਚ ਫਸਾਉਣ ਦਾ ਯਤਨ ਕੀਤਾ ਗਿਆ
ਟੈਕਸਸ : ਅਮਰੀਕਾ ਵਿਚ ਨਾਮੀ ਸਿੱਖ ਕਾਰੋਬਾਰੀ ਪਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜਣ ਤੋਂ ਬਾਅਦ ਇਕ ਹੋਰ ਸਿੱਖ ਆਗੂ ਜਗਬਿੰਦਰਬੀਰ ਸਿੰਘ ਸੰਧੂ ਨੂੰ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਝੂਠੇ ਦੋਸ਼ਾਂ ਵਿਚ ਫਸਾਉਣ ਦਾ ਯਤਨ ਕੀਤਾ ਗਿਆ। ਸਿਰਫ਼ ਐਨਾ ਹੀ ਨਹੀਂ ਪੁਲਿਸ ਅਫ਼ਸਰਾਂ ਨੇ ਸਿੱਧੇ ਤੌਰ ’ਤੇ ਨਸਲੀ ਵਿਤਕਰੇ ਵਾਲੇ ਸਵਾਲ ਪੁੱਛੇ ਅਤੇ ਦੁਰਵਿਹਾਰ ਕੀਤਾ। ਟੈਕਸਸ ਦੇ ਕੈਲਰ ਸ਼ਹਿਰ ਵਿਚ ਵਾਪਰੀ ਘਟਨ ਦੌਰਾਨ ਜਗਬਿੰਦਰਬੀਰ ਸਿੰਘ ਉਰਫ਼ ਜੋਗਾ ਸੰਧੂ ਆਪਣੀ ਗੱਡੀ ਵਿਚ ਜਾ ਰਹੇ ਸਨ ਜਦੋਂ ਇਕ ਟ੍ਰੈਫ਼ਿਕ ਸਟੌਪ ਦੌਰਾਨ ਉਨ੍ਹਾਂ ਨੂੰ ਰੋਕਿਆ ਗਿਆ। ਗੱਡੀ ਰੁਕੀ ਤਾਂ ਪੁਲਿਸ ਵਾਲੇ ਦਾਅਵਾ ਕਰਨ ਲੱਗੇ ਕਿ ਇਹ ਕਰੌਸਵਾਕ ’ਤੇ ਜਾ ਕੇ ਰੁਕੀ। ਜਗਬਿੰਦਰਬੀਰ ਸਿੰਘ ਵੱਲੋਂ ਆਪਣਾ ਡਰਾਈਵਿੰਗ ਲਾਇਸੰਸ ਦਿਖਾਇਆ ਗਿਆ ਅਤੇ ਹਰ ਸਵਾਲ ਦਾ ਜਵਾਬ ਦਿਤਾ ਪਰ ਪੁਲਿਸ ਅਫ਼ਸਰਾਂ ਨੇ ਅਚਨਚੇਤ ਕਾਂਟਾ ਬਦਲਿਆ ਅਤੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੰਗਣ ਲੱਗੇ।
ਜੋਗਾ ਸੰਧੂ ’ਤੇ ਬੇਵਜ੍ਹਾ ਲਾਏ ਨਸ਼ਾ ਕਰ ਕੇ ਡਰਾਈਵਿੰਗ ਦੇ ਦੋਸ਼
ਇਕ ਪੁਲਿਸ ਅਫ਼ਸਰ ਨੇ ਤਾਂ ਇਥੋਂ ਤੱਕ ਪੁੱਛ ਲਿਆ ਕਿ ਕੀ ਉਹ ਯੂ.ਐਸ. ਸਿਟੀਜ਼ਨ ਹਨ ਜਦਕਿ ਟ੍ਰੈਫ਼ਿਕ ਸਟੌਪ ’ਤੇ ਅਜਿਹੇ ਸਵਾਲ ਨਹੀਂ ਪੁੱਛੇ ਜਾ ਸਕਦੇ। ਜਗਬਿੰਦਰਬੀਰ ਸਿੰਘ ਨੇ ਪੁਲਿਸ ਅਫ਼ਸਰਾਂ ਦੀ ਗੈਰਜ਼ਰੂਰੀ ਪੁੱਛ-ਪੜਤਾਲ ’ਤੇ ਇਤਰਾਜ਼ ਪ੍ਰਗਟਾਇਆ। ਪੁਲਿਸ ਅਫ਼ਸਰਾਂ ਦੀ ਹਰ ਹਦਾਇਤ ਮੰਨਣ ਦੇ ਬਾਵਜੂਦ ਜਗਬਿੰਦਰਬੀਰ ਸਿੰਘ ਨੂੰ ਗੱਡੀ ਵਿਚੋਂ ਬਾਹਰ ਕੱਢ ਕੇ ਨਸ਼ੇ ਦੀ ਲੋਰ ਵਿਚ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਸਿਰਫ਼ ਇਥੇ ਹੀ ਬੱਸ ਨਹੀਂ ਡਾਕਟਰ ਦੀਆਂ ਲਿਖੀਆਂ ਦਵਾਈਆਂ ਪਾਬੰਦੀਸ਼ੁਦਾ ਨਸ਼ੇ ਬਣ ਗਏ ਅਤੇ ਮਾਮਲਾ ਹੋਰ ਗੁੰਝਲਦਾਰ ਬਣਨ ਲੱਗਾ। ਪੁਲਿਸ ਵਾਲਿਆਂ ਨੇ ਜਗਬਿੰਦਰਬੀਰ ਸਿੰਘ ਦੇ ਅੱਧੇ ਕੱਪੜੇ ਉਤਾਰ ਕੇ ਹਸਪਤਾਲ ਭੇਜ ਦਿਤਾ ਅਤੇ ਠੰਢ ਦੇ ਬਾਵਜੂਦ ਕੋਈ ਜੈਕਟ ਜਾਂ ਕੰਬਲ ਮੌਜੂਦ ਨਹੀਂ ਸੀ।
ਸਿਟੀਜ਼ਨਸ਼ਿਪ ਬਾਰੇ ਸਵਾਲ ਪੁੱਛਣ ਲੱਗੇ ਪੁਲਿਸ ਅਫ਼ਸਰ
ਛੇ ਘੰਟੇ ਪਾਣੀ ਵੀ ਪੀਣ ਵਾਸਤੇ ਨਾ ਦਿਤਾ ਅਤੇ ਕਿਸੇ ਨੂੰ ਫੋਨ ਕਰਨ ਦੀ ਇਜਾਜ਼ਤ ਵੀ ਨਾ ਦਿਤੀ। ਦਵਾਈਆਂ ਦੀ ਅਣਹੋਂਦ ਵਿਚ ਬਲੱਡ ਪ੍ਰੈਸ਼ਰ ਵਧ ਗਿਆ। ਨੌਰਥ ਟੈਕਸਸ ਵਿਚ ਉਚਾ ਰੁਤਬਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੀਤੇ ਸਲੂਕ ਬਾਰੇ ਕੈਲਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਵੀਜ਼ਨ ਕੋਲ ਸ਼ਿਕਾਇਤ ਦਾਇਰ ਕੀਤੀ ਗਈ ਹੈ। ਸਿੱਖ ਭਾਈਚਾਰੇ ਦੀਆਂ ਮੋਹਤਬਰ ਸ਼ਖਸੀਅਤਾਂ ਵੱਲੋਂ ਪੁਲਿਸ ਅਫ਼ਸਰਾਂ ਦੇ ਬੌਡੀ ਕੈਮਰੇ ਦੀ ਫੁਟੇਜ ਵੀ ਮੰਗੀ ਜਾ ਰਹੀ ਹੈ। ਜੋਗਾ ਸੰਧੂ ਨਾਲ ਸਬੰਧਤ ਇਹ ਮਾਮਲਾ ਡੂੰਘੇ ਸਵਾਲ ਖੜ੍ਹੇ ਕਰ ਰਿਹਾ ਹੈ ਕਿ ਆਖਰਕਾਰ ਬਗੈਰ ਕਿਸੇ ਜਾਂਚ ਤੋਂ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ਕਿਵੇਂ ਲਾਏ ਜਾ ਸਕਦੇ ਹਨ। ਉਧਰ ਨਾਗਰਿਕਾਂ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀਆਂ ਗ੍ਰਿਫ਼ਤਾਰੀਆਂ ਨਸਲ ਅਤੇ ਧਰਮ ਦੇ ਆਧਾਰ ’ਤੇ ਘੱਟ ਗਿਣਤੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਸਕਦੀਆਂ ਹਨ। ਕੈਲਰ ਪੁਲਿਸ ਦੀ ਅੰਦਰੂਨੀ ਮਾਮਲਿਆਂ ਬਾਰੇ ਡਵੀਜ਼ਨ ਵੱਲੋਂ ਸ਼ਿਕਾਇਤ ਦੀ ਘੋਖ ਕੀਤੀ ਜਾ ਰਹੀ ਹੈ ਪਰ ਫ਼ਿਲਹਾਲ ਕੋਈ ਸਿੱਟਾ ਸਾਹਮਣੇ ਨਹੀਂ ਆ ਸਕਿਆ।