ਅਮਰੀਕਾ : ਬਗੈਰ ਸਜ਼ਾ ਤੋਂ ਡਿਪੋਰਟ ਹੋ ਸਕਦੈ ਜਸ਼ਨਪ੍ਰੀਤ ਸਿੰਘ
ਅਮਰੀਕਾ ਵਿਚ ਦੂਜਾ ਹਰਜਿੰਦਰ ਸਿੰਘ ਬਣ ਕੇ ਉਭਰੇ ਨੌਜਵਾਨ ਟਰੱਕ ਡਰਾਈਵਰ ਦਾ ਮਾਮਲਾ ਸੁਰਖੀਆਂ ਵਿਚ ਹੈ ਜੋ ਮਾਰਚ 2022 ਵਿਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ
ਕੈਲੇਫੇਰਨੀਆ : ਅਮਰੀਕਾ ਵਿਚ ਦੂਜਾ ਹਰਜਿੰਦਰ ਸਿੰਘ ਬਣ ਕੇ ਉਭਰੇ ਨੌਜਵਾਨ ਟਰੱਕ ਡਰਾਈਵਰ ਦਾ ਮਾਮਲਾ ਸੁਰਖੀਆਂ ਵਿਚ ਹੈ ਜੋ ਮਾਰਚ 2022 ਵਿਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ। ਕੈਲੇਫੋਰਨੀਆ ਹਾਈਵੇਅ ਪੈਟਰੋਲ ਨੇ ਦਾਅਵਾ ਕੀਤਾ ਹੈ ਕਿ ਸਾਹਮਣੇ ਜਾ ਰਹੀ ਗੱਡੀ ਨਾਲ ਟੱਕਰ ਹੋਣ ਤੋਂ ਪਹਿਲਾਂ 21 ਸਾਲ ਦੇ ਜਸ਼ਨਪ੍ਰੀਤ ਸਿੰਘ ਨੇ ਬਰੇਕ ਲਾਉਣ ਦਾ ਯਤਨ ਨਹੀਂ ਕੀਤਾ ਅਤੇ ਇਸੇ ਕਰ ਕੇ ਤਿੰਨ ਜਣਿਆਂ ਨੂੰ ਜਾਨ ਗਵਾਉਣੀ ਪਈ। ਹਾਈਵੇਅ ਪੈਟਰੋਲ ਦੇ ਜਾਂਚਕਰਤਾ ਰੌਡਰੀਗੋ ਜਿਮੇਨੇਜ਼ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਮੈਡੀਕਲ ਸਟਾਫ਼ ਨੇ ਉਸ ਦਾ ਸਰੀਰਕ ਮੁਆਇਨਾ ਕੀਤਾ ਅਤੇ ਇਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿਤਾ ਗਿਆ।
ਇੰਮੀਗੇ੍ਰਸ਼ਨ ਵਿਭਾਗ ਨੇ ਕੈਲੇਫੋਰਨੀਆ ਪੁਲਿਸ ਤੋਂ ਮੰਗੀ ਹਿਰਾਸਤ
ਰੌਡਰੀਗੋ ਮੁਤਾਬਕ ਯੂਬਾ ਸਿਟੀ ਨਾਲ ਸਬੰਧਤ ਜਸ਼ਨਪ੍ਰੀਤ ਸਿੰਘ ਵਿਰੁੱਧ ਡ੍ਰਗਜ਼ ਦੇ ਨਸ਼ੇ ਵਿਚ ਡਰਾਈਵਿੰਗ ਕਰਨ ਅਤੇ ਵਹੀਕੁਲਰ ਮੈਨਸਲੌਟਰ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਅਦਾਲਤ ਵਿਚ ਪਹਿਲੀ ਪੇਸ਼ੀ ਅੱਜ ਹੋਵੇਗੀ। ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਟਰੱਕ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂਕਿ ਕਿਸੇ ਮਕੈਨੀਕਲ ਨੁਕਸ ਦੀ ਸੰਭਾਵਨਾ ਨੂੰ ਰੱਦ ਕੀਤਾ ਜਾ ਸਕੇ। ਦੂਜੇ ਪਾਸੇ ਜਸ਼ਨਪ੍ਰੀਤ ਦੇ ਟਰੱਕ ਉਤੇ ਸੰਧੂ ਟ੍ਰਾਂਸਪੋਰਟ ਦਾ ਨਾਂ ਲਿਖਿਆ ਨਜ਼ਰ ਆ ਰਿਹਾ ਹੈ ਅਤੇ ਹਰਜਿੰਦਰ ਸਿੰਘ ਵਾਲੇ ਮਾਮਲੇ ਦੀ ਤਰਜ਼ ’ਤੇ ਟ੍ਰਾਂਸਪੋਰਟ ਕੰਪਨੀ ਨੂੰ ਵੀ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਹਰਕਤਾਂ ਕਰ ਕੇ ਕੈਲੇਫੋਰਨੀਆ ਨੂੰ ਮਿਲਣ ਵਾਲੀ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੀਆਂ ਸੜਕਾਂ ਨੂੰ ਖ਼ਤਰਨਾਕ ਬਣਾਉਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਅਤੇ ਕੈਲੇਫੋਰਨੀਆ ਦੇ ਗਵਰਨਰ ਤੋਂ ਜਵਾਬ ਤਲਬੀ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਜਸ਼ਨਪ੍ਰੀਤ ਦੇ ਬੇਕਾਬੂ ਟਰੱਕ ਨੇ ਸਭ ਤੋਂ ਪਹਿਲਾਂ ਸਾਹਮਣੇ ਜਾ ਰਹੀ ਇਕ ਐਸ.ਯੂ.ਵੀ. ਨੂੰ ਟੱਕਰ ਮਾਰੀ ਅਤੇ ਫਿਰ ਲਗਾਤਾਰ ਕਈ ਗੱਡੀਆਂ ਨੂੰ ਦਰੜਦਾ ਹੋਇਆ ਅੱਗੇ ਵਧਣ ਲੱਗਾ।
ਮਾਰਚ 2022 ਵਿਚ ਮੈਕਸੀਕੋ ਦੇ ਬਾਰਡਰ ਰਾਹੀਂ ਹੋਇਆ ਸੀ ਦਾਖਲ
ਇਸੇ ਦੌਰਾਨ ਕੁਝ ਗੱਡੀਆਂ ਵਿਚ ਅੱਗ ਲੱਗ ਗਈ ਅਤੇ ਤਿੰਨ ਵਿਚੋਂ ਦੋ ਜਣਿਆਂ ਦੀ ਮੌਤ ਸੜਨ ਕਾਰਨ ਹੋਈ। ਜਸ਼ਨਪ੍ਰੀਤ ਦੇ ਟਰੱਕ ਦਾ ਮੂਹਰਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜੋ ਸੜਕ ਦੇ ਸੱਜੇ ਪਾਸੇ ਖੜ੍ਹੇ ਇਕ ਹੋਰ ਟਰੱਕ ਵਿਚ ਜਾ ਵੱਜਾ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਤੋਂ ਮਿਲੇ ਵੇਰਵੇ ਮੁਤਾਬਕ ਜਸ਼ਨਪ੍ਰੀਤ ਸਿੰਘ ਨੂੰ ਪਹਿਲੀ ਵਾਰ ਮਾਰਚ 2022 ਵਿਚ ਕੈਲੇਫੋਰਨੀਆ ਦੇ ਐਲ ਸੈਂਟਰੋ ਇਲਾਕੇ ਵਿਚ ਇੰਟਰਨੈਸ਼ਨਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਜੋਅ ਬਾਇਡਨ ਸਰਕਾਰ ਦੀ ਨੀਤੀ ਸਦਕਾ ਇੰਮੀਗ੍ਰੇਸ਼ਨ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਰਿਹਾਅ ਕਰ ਦਿਤਾ ਗਿਆ। ਆਈਸ ਵੱਲੋਂ ਮੰਗਲਵਾਰ ਦੇ ਹਾਦਸੇ ਮਗਰੋਂ ਜਸ਼ਨਪ੍ਰੀਤ ਸਿੰਘ ਦਾ ਇੰਮੀਗ੍ਰੇਸ਼ਨ ਡਿਟੇਨਰ ਦਾਖਲ ਕਰ ਦਿਤਾ ਗਿਆ ਹੈ ਅਤੇ ਅਦਾਲਤ ਤੋਂ ਜ਼ਮਾਨਤ ਮਿਲਣ ਦੀ ਸੂਰਤ ਵਿਚ ਉਸ ਨੂੰ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਲਿਜਾਇਆ ਜਾਵੇਗਾ। ਦੂਜੇ ਪਾਸੇ ਇਕ ਟਰੱਕ ਡਰਾਈਵਰ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਲੁਤਫਉੱਲ੍ਹਾ ਸੋਹੇਬ ਲਤੀਫ਼ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿਤਾ ਗਿਆ ਹੈ ਜਿਸ ਨੂੰ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਹਾਦਸਾ 9 ਜੂਨ 2019 ਨੂੰ ਕੈਲੇਫੋਰਨੀਆ ਦੇ ਗਾਰਡਨ ਗਰੋਵ ਇਲਾਕੇ ਵਿਚ ਵਾਪਰਿਆ ਅਤੇ 58 ਸਾਲ ਦਾ ਟਰੱਕ ਡਰਾਈਵਰ ਮੌਕੇ ’ਤੇ ਹੀ ਦਮ ਤੋੜ ਗਿਆ। ਲੁਤਫ਼ਉਲ੍ਹਾ ਸੋਹੇਬ ਲਤੀਫ਼ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਜੋ ਬੇਕਾਬੂ ਹੋਣ ਮਗਰੋਂ ਗਾਰਡ ਰੇਲ ਤੋੜਦੀ ਹੋਈ ਅੱਗੇ ਵਧੀ ਅਤੇ ਟਰੱਕ ਡਰਾਈਵਰ ਨੂੰ ਦਰੜ ਦਿਤਾ।