ਅਮਰੀਕਾ ਚੋਣਾਂ : ਭਾਰਤੀ ਮੂਲ ਦੇ ਉਮੀਦਵਾਰਾਂ ਦੀ ਗਿਣਤੀ ਵਧੀ

Update: 2024-06-20 12:14 GMT

ਨਿਊ ਯਾਰਕ : ਅਮਰੀਕਾ ਵਿਚ ਇਸ ਵਾਰ ਹੋ ਰਹੀਆਂ ਆਮ ਚੋਣਾਂ ਦੌਰਾਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਭਾਰਤੀ ਮੂਲ ਦੇ ਮੈਂਬਰਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਵੇਲੇ ਭਾਰਤੀ ਮੂਲ ਦੇ ਪੰਜ ਮੈਂਬਰ ਸੰਸਦ ਦੇ ਹੇਠਲੇ ਸਦਨ ਵਿਚ ਮੌਜੂਦ ਹਨ ਅਤੇ ਇਨ੍ਹਾਂ ਵਿਚ ਸੁਹਾਸ ਸਬਰਾਮਣੀਅਮ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਵਰਜੀਨੀਆ ਤੋਂ ਉਮੀਦਵਾਰੀ ਹਾਸਲ ਕਰ ਲਈ। ਸੂਬਾ ਅਸੈਂਬਲੀ ਵਿਚ ਸੈਨੇਟ ਮੈਂਬਰ ਸੁਹਾਸ ਸੁਬਰਾਮਣੀਅਮ ਨੇ 11 ਜਣਿਆਂ ਦੇ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ। ਸੁਹਾਸ ਦੀ ਹਮਾਇਤ ਕਰਨ ਵਾਲਿਆਂ ਵਿਚ ਸੇਵਾ ਮੁਕਤ ਹੋ ਰਹੀ ਮੈਂਬਰ ਜੈਨੀਫਰ ਵੈਕਸਟਨ ਵੀ ਸ਼ਾਮਲ ਹੈ ਜਿਨ੍ਹਾਂ ਨੇ 2018 ਵਿਚ ਇਹ ਸੀਟ ਜਿੱਤੀ ਅਤੇ 2022 ਵਿਚ 53 ਫੀ ਸਦੀ ਵੋਟਾਂ ਲੈਣ ਵਿਚ ਸਫਲ ਰਹੇ।

ਕਾਂਗਰਸ ਮੈਂਬਰਾਂ ਦੀ ਗਿਣਤੀ ਹੋਰ ਵਧਣ ਦੇ ਆਸਾਰ

ਜੈਨੀਫਰ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਡੈਮੋਕ੍ਰੈਟਿਕ ਪਾਰਟੀ ਲਈ ਇਹ ਸੀਟ ਸੁਰੱਖਿਅਤ ਮੰਨੀ ਜਾ ਰਹੀ ਹੈ। ਪੇਸ਼ੇ ਵਜੋਂ ਵਕੀਲ ਸੁਹਾਸ ਸੁਬਰਾਮਣੀਅਮ ਬੰਗਲੌਰ ਸ਼ਹਿਰ ਨਾਲ ਸਬੰਧਤ ਹਨ ਅਤੇ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਸਾਈਬਰ ਸੁਰੱਖਿਆ ਦਾ ਕੰਮ ਕਰਦੀਆਂ ਏਜੰਸੀਆਂ ਦੇ ਮਾਮਲੇ ਵਿਚ ਬਤੌਰ ਸਲਾਹਕਾਰ ਕੰਮ ਕੀਤਾ। 2019 ਵਿਚ ਉਹ ਵਰਜੀਨੀਆ ਦੀ ਜਨਰਲ ਅਸੈਂਬਲੀ ਵਿਚ ਚੁਣੇ ਗਏ ਅਤੇ ਪਿਛਲੇ ਸਾਲ ਸੈਨੇਟ ਮੈਂਬਰ ਬਣੇ। ਸੁਹਾਸ ਤੋਂ ਪਹਿਲਾਂ ਨਿਊ ਜਰਸੀ ਸੂਬੇ ਵਿਚ ਭਾਰਤੀ ਮੂਲ ਦੇ ਰਾਜੇਸ਼ ਮੋਹਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਚੁੱਕੇ ਹਨ ਪਰ ਡੈਮੋਕ੍ਰੈਟਿਕ ਪਾਰਟੀ ਦੇ ਦਬਦਬੇ ਵਾਲੇ ਹਲਕੇ ਵਿਚ ਰਾਜੇਸ਼ ਦਾ ਜਿੱਤਣਾ ਮੁਸ਼ਕਲ ਹੋਵੇਗਾ। ਰਾਜੇਸ਼ ਨੇ ਉਮੀਦਵਾਰੀ ਹਾਸਲ ਕਰਨ ਲਈ ਰਿਪਬਲਿਕਨ ਪਾਰਟੀ ਦੇ ਤਿੰਨ ਆਗੂਆਂ ਨਾਲ ਸੰਘਰਸ਼ ਕੀਤਾ। ਨਿਊ ਜਰਸੀ ਵਿਚ ਹੀ ਰਵਿੰਦਰ ਸਿੰਘ ਭੱਲਾ ਉਮੀਦਵਾਰੀ ਦੀ ਦੌੜ ਹਾਰ ਗਏ ਜਦਕਿ ਪ੍ਰਮਿਲਾ ਜੈਪਾਲ ਦੀ ਭੈਣ ਸੁਸ਼ੀਲਾ ਜੈਪਾਲ ਵੀ ਓਰੇਗਾਨ ਸੂਬੇ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਨਾ ਬਣ ਸਕੀ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਇਸ ਵੇਲੇ ਸਮੋਸਾ ਕੌਕਸ ਵਜੋਂ ਜਾਣੇ ਜਾਂਦੇ ਭਾਰਤੀ ਮੂਲ ਦੇ ਪੰਜ ਮੈਂਬਰ ਹਨ ਜਿਨ੍ਹਾਂ ਵਿਚ ਐਮੀ ਬੇਰਾ, ਰੋਅ ਖੰਨਾ, ਪ੍ਰਮਿਲਾ ਜੈਪਾਲ, ਰਾਜਾ ਕ੍ਰਿਸ਼ਨਾ ਮੂਰਤੀ ਅਤੇ ਸ੍ਰੀ ਥਾਣੇਦਾਰ ਸ਼ਾਮਲ ਹਨ।

Tags:    

Similar News