ਅਮਰੀਕਾ : ਪਵਿੱਤਰ ਮਾਝਾ ਗਿਰੋਹ ਦੇ 2 ਮੈਂਬਰਾਂ ਨੂੰ ਮਿਲੀ ਜ਼ਮਾਨਤ
ਅਮਰੀਕਾ ਵਿਚ ਗ੍ਰਿਫ਼ਤਾਰ ਪਵਿੱਤਰ ਮਾਝਾ ਗੈਂਗ ਦੇ ਦੋ ਮੈਂਬਰਾਂ ਨੂੰ 50 ਹਜ਼ਾਰ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ
ਸਟੌਕਟਨ : ਅਮਰੀਕਾ ਵਿਚ ਗ੍ਰਿਫ਼ਤਾਰ ਪਵਿੱਤਰ ਮਾਝਾ ਗੈਂਗ ਦੇ ਦੋ ਮੈਂਬਰਾਂ ਨੂੰ 50 ਹਜ਼ਾਰ ਡਾਲਰ ਦੀ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ। ਸੈਨ ਵੌਕਿਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਆ ਕਿ ਅਰਸ਼ਪ੍ਰੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਦੇ ਗਿੱਟਿਆਂ ਵਿਚ ਇਲੈਕਟ੍ਰਾਨਿਕ ਯੰਤਰ ਲਾਉਂਦਿਆਂ ਨਿਗਰਾਨੀ ਦਾ ਪ੍ਰਬੰਧ ਕੀਤਾ ਗਿਆ ਹੈ। ਦੋਹਾਂ ਨੂੰ ਹੁਣ ਵੀ ਲੋਕ ਸੁਰੱਖਿਆ ਵਾਸਤੇ ਖਤਰਾ ਮੰਨਿਆ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਕੋਈ ਢਿੱਲ ਨਹੀਂ ਵਰਤੀ ਜਾਵੇਗੀ।ਇਥੇ ਦੱਸਣਾ ਬਣਦਾ ਹੈ ਕਿ ਜੁਲਾਈ ਮਹੀਨੇ ਦੌਰਾਨ ਕੈਲੇਫੋਰਨੀਆ ਦੀ ਸੈਨ ਵੌਕਿਨ ਕਾਊਂਟੀ ਵਿਚ ਇਕ ਵੱਡੀ ਕਾਰਵਾਈ ਕਰਦਿਆਂ ਪਵਿੱਤਰ ਮਾਝਾ ਗਿਰੋਹ ਦੇ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅੰਮ੍ਰਿਤਪਾਲ ਸਿੰਘ, ਪਵਿੱਤਰ ਪ੍ਰੀਤ ਸਿੰਘ ਅਤੇ ਵਿਸ਼ਾਲ ਵਜੋਂ ਕੀਤੀ ਗਈ।
ਪੁਲਿਸ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾਵੇਗੀ
ਕੈਨੇਡਾ ਅਤੇ ਨਿਊਜ਼ੀਲੈਂਡ ਵਿਚ ਵੀ ਗਿਰੋਹ ਦੇ ਮੈਂਬਰ ਸਰਗਰਮ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਅਮਰੀਕਾ ਦੇ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਮਦਦ ਮੰਗੀ ਗਈ। ਜਾਂਚਕਰਤਾਵਾਂ ਨੇ ਅਮਰੀਕਾ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਅੱਗੇ ਆਉਣ ਅਤੇ ਮਾਮਲੇ ਦੀ ਪੜਤਾਲ ਵਿਚ ਵੱਧ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਅਮਰੀਕਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ।
ਜੁਲਾਈ ਵਿਚ ਵੱਡੀ ਕਾਰਵਾਈ ਦੌਰਾਨ ਹੋਈ ਸੀ 8 ਜਣਿਆਂ ਦੀ ਗ੍ਰਿਫ਼ਤਾਰੀ
ਸੈਨ ਵਾਕਿਨ ਕਾਊਂਟੀ ਸ਼ੈਰਿਫ਼ ਪੈਟ੍ਰਿਕ ਵਿਥ੍ਰੋਅ, ਐਫ਼.ਬੀ.ਆਈ. ਦੇ ਸਪੈਸ਼ਲ ਏਜੰਟ ਸਿਡ ਪਟੇਲ ਅਤੇ ਜ਼ਿਲ੍ਹਾ ਅਟਾਰਨੀ ਰੌਨ ਫਰੇਟਸ ਮੁਤਾਬਕ ਇਹ ਗ੍ਰਿਫ਼ਤਾਰੀਆਂ 19 ਜੂਨ ਨੂੰ ਵਾਪਰੀ ਇਕ ਹੌਲਨਾਕ ਵਾਰਦਾਤ ਦੀ ਪੜਤਾਲ ਦੇ ਆਧਾਰ ’ਤੇ ਕੀਤੀਆਂ ਗਈਆਂ। ਮੈਨਟੀਕਾ ਵਿਖੇ ਵਾਪਰੀ ਵਾਰਦਾਤ ਬਾਰੇ ਪੀੜਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰਨ ਮਗਰੋਂ ਅਲਫ਼ ਨੰਗਾ ਕਰ ਦਿਤਾ ਗਿਆ ਅਤੇ ਲਗਾਤਾਰ ਤਸੀਹੇ ਦਿਤੇ ਗਏ। ਇਹ ਸਿਲਸਿਲਾ ਕਈ ਘੰਟੇ ਤੱਕ ਜਾਰੀ ਰਿਹਾ। ਤਿੰਨ ਹਫ਼ਤੇ ਬਾਅਦ ਵਾਰਦਾਤ ਦੇ ਸ਼ੱਕੀ ਪੁਲਿਸ ਨੇ ਕਾਬੂ ਕਰ ਲਏ ਜਿਨ੍ਹਾਂ ਵਿਰੁੱਧ ਅਗਵਾ, ਤਸੀਹਦੇ ਦੇਣ, ਜ਼ਬਰਦਸਤੀ ਬੰਦੀ ਬਣਾਉਣ, ਅਪਰਾਧ ਦੀ ਸਾਜ਼ਿਸ਼ ਘੜਨ, ਗਵਾਹ ਨੂੰ ਡਰਾਉਣ, ਸੈਮੀਆਟੋਮੈਟਿਕ ਹਥਿਆਰ ਨਾਲ ਹਮਲਾ ਕਰਨ ਅਤੇ ਦਹਿਸ਼ਤ ਭਰੀਆਂ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ।