ਆਸਟ੍ਰੇਲੀਆ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ
ਆਸਟ੍ਰੇਲੀਆ ਵਿਚ ਪੜ੍ਹ ਰਹੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।;
ਐਡੀਲੇਡ/ਬਰੈਂਪਟਨ : ਆਸਟ੍ਰੇਲੀਆ ਵਿਚ ਪੜ੍ਹ ਰਹੇ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। 21 ਸਾਲ ਦਾ ਅਣਖਪਾਲ ਸਿੰਘ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਆਇਆ ਸੀ ਅਤੇ ਤਿੰਨ ਹਫ਼ਤੇ ਪਹਿਲਾਂ ਹੀ ਉਸ ਨੇ ਵਿਆਹ ਕਰਵਾਇਆ। ਦੂਜੇ ਪਾਸੇ ਬਰੈਂਪਟਨ ਵਿਖੇ ਪਛਾਣ ਦੇ ਭੁਲੇਖੇ ਕਾਰਨ ਗੋਲੀਆਂ ਨਾਲ ਵਿੰਨੇ ਪਰਮਜੀਤ ਸਿੰਘ ਦੀ ਰੀੜ੍ਹ ਦੀ ਹੱਡੀ ਵਿਚ ਗੋਲੀ ਵੱਜਣ ਕਾਰਨ ਅਧਰੰਗ ਹੋ ਗਿਆ ਹੈ। ਅਣਖਪਾਲ ਸਿੰਘ ਦੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਜਦਕਿ ਹਾਲ ਹੀ ਵਿਚ ਵਿਆਹ ਕੇ ਆਈ ਉਸ ਦੀ ਪਤਨੀ ਦਾ ਰੋਅ ਰੋਅ ਕੇ ਬੁਰਾ ਹਾਲ ਹੈ।
ਤਿੰਨ ਹਫ਼ਤੇ ਪਹਿਲਾਂ ਹੋਇਆ ਸੀ ਅਣਖਪਾਲ ਸਿੰਘ ਦਾ ਵਿਆਹ
ਸਾਊਥ ਆਸਟ੍ਰੇਲੀਆ ਦੇ ਓਵਿੰਗਮ ਸ਼ਹਿਰ ਨਾਲ ਸਬੰਧਤ ਸ਼ਰਨਜੀਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਅਣਖਪਾਲ ਸਿੰਘ ਦੇ ਪਰਵਾਰ ਦੀ ਮਦਦ ਕਰਨ ਦਾ ਸੱਦਾ ਦਿਤਾ ਗਿਆ ਹੈ। ਉਧਰ ਬਰੈਂਪਟਨ ਦੇ ਮੇਅਫੀਲਡ ਰੋਡ ਨੇੜੇ ਇੰਦਰ ਹਾਈਟਸ ਡਰਾਈਵ ਦੇ 30 ਬਲੌਕ ਵਿਚ ਗੋਲੀਬਾਰੀ ਦਾ ਨਿਸ਼ਾਨਾ ਬਣੇ 29 ਸਾਲ ਦੇ ਪਰਮਜੀਤ ਸਿੰਘ ਦੀ ਹਾਲਤ ਬਦਤਰ ਦੱਸੀ ਜਾ ਰਹੀ ਹੈ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੱਗੂਪੁਰ ਨਾਲ ਸਬੰਧਤ ਪਰਮਜੀਤ ਸਿੰਘ ਔਲਖ ਛੇ ਸਾਲ ਤੋਂ ਬਰੈਂਪਟਨ ਵਿਖੇ ਰਹਿ ਰਿਹਾ ਹੈ ਅਤੇ ਪੀ.ਆਰ. ਵਾਸਤੇ ਅਪਲਾਈ ਕੀਤਾ ਹੋਇਆ ਹੈ। ਡੀ.ਬੀ. ਡੀ.ਸੀ. 720 ਲਾਇਸੰਸ ਪਲੇਟ ਵਾਲੀ ਹੌਂਡਾ ਸਿਵਿਕ ਵਿਚ ਆਏ ਹਮਲਾਵਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਪੰਜਾਬੀ ਨੌਜਵਾਨ ਦੀ ਰੀੜ੍ਹ ਦੀ ਹੱਡੀ ਵਿਚ ਗੋਲੀ ਲੱਗਣ ਦੀ ਰਿਪੋਰਟ ਹੈ ਅਤੇ ਇਸ ਕਰ ਕੇ ਉਸ ਨੂੰ ਅਧਰੰਗ ਵੀ ਹੋ ਗਿਆ ਹੈ। ਪਰਮਜੀਤ ਸਿੰਘ ਦੀ ਪਤਨੀ ਸਦਮੇ ਵਿਚ ਹੈ ਅਤੇ ਉਸ ਦੇ ਦੋਸਤਾਂ ਵੱਲੋਂ ਹਸਪਤਾਲ ਦਾ ਭਾਰੀ ਭਰਕਮ ਬਿਲ ਅਦਾ ਕਰਨ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।