ਅਮਰੀਕਾ ਵਿਚ 20 ਸਾਲ ਦੇ ਜਸ਼ਨਦੀਪ ਸਿੰਘ ਦੀ ਅਚਨਚੇਤ ਮੌਤ
ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।
ਕੈਲੇਫੋਰਨੀਆ : ਅਮਰੀਕਾ ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪਿੰਡ ਕੋਹਾਟਵਿੰਡ ਹਿੰਦੂਆਂ ਨਾਲ ਸਬੰਧਤ 20 ਸਾਲ ਦੇ ਜਸ਼ਨਦੀਪ ਸਿੰਘ ਨੂੰ ਤਬੀਅਤ ਵਿਗੜਨ ਮਗਰੋਂ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿਤਾ। ਕੈਲੇਫੋਰਨੀਆ ਦੇ ਲੇਥਰੌਪ ਨਾਲ ਸਬੰਧਤ ਬਘੇਲ ਸਿੰਘ ਨੇ ਗੋਫੰਡਮੀ ਪੇਜ ਸਥਾਪਤ ਕੀਤਾ ਹੈ ਤਾਂਕਿ ਜਸ਼ਨਦੀਪ ਸਿੰਘ ਦਾ ਅੰਤਮ ਸਸਕਾਰ ਕੀਤਾ ਜਾ ਸਕੇ ਅਤੇ ਮਾਪਿਆਂ ਦੀ ਆਰਥਿਕ ਮਦਦ ਕੀਤੀ ਜਾ ਸਕੇ।
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸੀ ਜਸ਼ਨਦੀਪ ਸਿੰਘ
ਬਘੇਲ ਸਿੰਘ ਮੁਤਾਬਕ ਜਸ਼ਨਦੀਪ ਸਿੰਘ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਅਮਰੀਕਾ ਪੁੱਜਾ ਸੀ ਅਤੇ 8 ਦਸੰਬਰ ਨੂੰ ਅਚਾਨਕ ਉਸ ਦੀ ਤਬੀਅਤ ਵਿਗੜਨ ਲੱਗੀ। ਜਸ਼ਨਦੀਪ ਸਿੰਘ ਨੂੰ ਹਪਸਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਆਈ.ਸੀ.ਯੂ. ਵਿਚ ਭੇਜ ਦਿਤਾ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਆਮ ਗੱਲ ਹੋ ਚੁੱਕੀ ਹੈ ਜਿਨ੍ਹਾਂ ਦੇ ਦਿਮਾਗ ’ਤੇ ਵਧ ਰਿਹਾ ਤਣਾਅ ਵੀ ਇਨ੍ਹਾਂ ਅਣਹੋਣੀਆਂ ਵਿਚ ਵੱਡਾ ਯੋਗਦਾਨ ਪਾਉਂਦਾ ਹੈ।