ਯੂ.ਕੇ. ਦੇ ਪਹਿਲੇ ਦਸਤਾਰਧਾਰੀ ਐਮ.ਪੀ. ਨੂੰ ਵੱਡੀ ਜ਼ਿੰਮੇਵਾਰੀ

ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ਦੀ ਰੱਖਿਆ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ।

Update: 2024-09-13 12:03 GMT

ਲੰਡਨ : ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਸੰਸਦ ਦੀ ਰੱਖਿਆ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ। ਤਨਮਨਜੀਤ ਸਿੰਘ ਢੇਸੀ ਨੂੰ 563 ਵਿਚੋਂ 320 ਵੋਟਾਂ ਮਿਲੀਆਂ। 2017 ਮਗਰੋਂ ਲਗਾਤਾਰ ਤੀਜੀ ਵਾਰ ਐਮ.ਪੀ. ਚੁਣੇ ਗਏ ਤਨਮਨਜੀਤ ਸਿੰਘ ਢੇਸੀ ਨੂੰ ਅਗਸਤ 2023 ਵਿਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਰੋਕ ਕੇ ਦੋ ਘੰਟੇ ਪੁੱਛ-ਪੜਤਾਲ ਕੀਤੀ ਗਈ ਸੀ। ਡਿਫੈਂਸ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਮਗਰੋਂ ਉਨ੍ਹਾਂ ਕਿਹਾ, ‘‘ਸੰਸਦ ਵਿਚ ਮਿਲੀ ਵੱਡੀ ਜ਼ਿੰਮੇਵਾਰੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੁਲਕ ਨੂੰ ਸੁਰੱਖਿਅਤ ਰੱਖਣ ਲਈ ਵਿਰੋਧੀ ਧਿਰ ਨਾਲ ਤਾਲਮੇਲ ਤਹਿਤ ਕੰਮ ਕਰਨ ’ਤੇ ਜ਼ੋਰ ਦਿਤਾ ਜਾਵੇਗਾ। ਕੌਮਾਂਤਰੀ ਪੱਧਰ ’ਤੇ ਕਈ ਗੁੰਝਲਦਾਰ ਖਤਰੇ ਸਿਰ ਚੁੱਕ ਰਹੇ ਹਨ ਜਿਨ੍ਹਾਂ ਨਾਲ ਫੌਰੀ ਤੌਰ ’ਤੇ ਨਜਿੱਠਣਾ ਹੋਵੇਗਾ। ਬਤੌਰ ਚੇਅਰਮੈਨ ਮੈਂ ਇਹ ਯਕੀਨੀ ਬਣਾਉਣ ਵੱਲ ਧਿਆਨ ਕੇਂਦਰਤ ਕਰਾਂਗਾ ਕਿ ਸਾਡਾ ਮੁਲਕ ਹਰ ਚੁਣੌਤੀ ਦਾ ਟਾਕਰਾ ਕਰਨ ਦੇ ਸਮਰੱਥ ਹੋਵੇ। ਹਥਿਆਰਬੰਦ ਫੌਜਾਂ ਅਤੇ ਮੁਲਕ ਦੀ ਰਾਖੀ ਵਿਚ ਯੋਗਦਾਨ ਪਾਉਣ ਹਰ ਸ਼ਖਸ ਦੀ ਆਵਾਜ਼ ਸੰਸਦ ਵਿਚ ਉਠਾਈ ਜਾਵੇਗੀ।’’

ਪਾਰਲੀਮੈਂਟ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਬਣੇ

ਤਨਮਨਜੀਤ ਸਿੰਘ ਸੱਤਾਧਾਰੀ ਲੇਬਰ ਪਾਰਟੀ ਨਾਲ ਸਬੰਧਤ ਹਨ ਅਤੇ ਐਮ.ਪੀ. ਚੁਣੇ ਜਾਣ ਦੇ ਪਹਿਲੇ ਦਿਨ ਤੋਂ ਸਿੱਖ ਮਸਲਿਆਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਉਂਦੇ ਆਏ ਹਨ। ਤਨਮਨਜੀਤ ਸਿੰਘ ਢੇਸੀ ਦਾ ਜਨਮ 17 ਅਗਸਤ 1978 ਨੂੰ ਯੂ.ਕੇ. ਦੇ ਸਲੋਅ ਵਿਖੇ ਸਿੱਖ ਪਰਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਯੂ.ਕੇ. ਵਿਚ ਇਕ ਕੰਸਟ੍ਰਕਸ਼ਨ ਕੰਪਨੀ ਚਲਾਉਂਦੇ ਹਨ ਅਤੇ ਕੈਂਟ ਵਿਖੇ ਸਥਿਤ ਯੂ.ਕੇ. ਦੇ ਸਭ ਤੋਂ ਵੱਡੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਯੂ.ਕੇ. ਵਿਚ ਜੰਮੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਜਲੰਧਰ ਤੋਂ ਹਾਸਲ ਕੀਤੀ ਅਤੇ ਇਸ ਰਾਹੀਂ ਦੁਨੀਆਂ ਭਰ ਵਿਚ ਵਸਦੇ ਸਾਊਥ ਏਸ਼ੀਅਨ ਮੂਲ ਦੇ ਲੋਕਾਂ ਨਾਲ ਜੁੜਨ ਦੀ ਸਮਰੱਥਾ ਪੈਦਾ ਹੋਈ। ਤਨਮਨਜੀਤ ਸਿੰਘ ਪੰਜਾਬੀ, ਅੰਗਰੇਜ਼ੀ, ਉਰਦੂ, ਹਿੰਦੀ ਅਤੇ ਫਰੈਂਚ ਸਣੇ ਦੁਨੀਆਂ ਦੇ ਅੱਠ ਭਾਸ਼ਾਵਾਂ ਵਿਚ ਮੁਹਾਰਤ ਰਖਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕਿਸਾਲ ਅੰਦੋਲਨ ਦੀ ਜ਼ੋਰਦਾਰ ਹਮਾਇਤ ਕੀਤੇ ਜਾਣ ਕਰ ਕੇ ਤਨਮਨਜੀਤ ਸਿੰਘ ਢੇਸੀ ਨੂੰ 2023 ਵਿਚ ਭਾਰਤ ਫੇਰੀ ਦੌਰਾਨ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਦੋ ਘੰਟੇ ਖੱਜਲ ਖੁਆਰ ਕੀਤਾ ਗਿਆ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਨਹੀਂ ਸੀ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਰੋਕਿਆ ਗਿਆ। ਦੂਜੇ ਪਾਸੇ ਤਨਮਨਜੀਤ ਸਿੰਘ ਢੇਸੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਓ.ਸੀ.ਆਈ. ਕਾਰਡ ਮੌਜੂਦ ਸੀ ਪਰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਦਲੀਲ ਦਿਤੀ ਕਿ ਇਸ ਵਿਚ ਕੋਈ ਦਿੱਕਤ ਆ ਰਹੀ ਏ ਅਤੇ ਸੰਭਾਵਤ ਤੌਰ ’ਤੇ ਇਹ ਮੁਅੱਤਲ ਕਰ ਦਿਤਾ ਗਿਆ ਹੈ। ਤਨਮਨਜੀਤ ਸਿੰਘ ਮੁਤਾਬਕ ਯੂ.ਕੇ. ਤੋਂ ਅੰਮ੍ਰਿਤਸਰ ਆਈ ਫਲਾਈਟ ਵਿਚ ਤਕਰੀਬਨ ਹਰ ਮੁਸਾਫਰ ਪੰਜਾਬੀ ਸੀ ਪਰ ਉਨ੍ਹਾਂ ਖਾਸ ਤੌਰ ’ਤੇ ਕਤਾਰ ਵਿਚੋਂ ਬਾਹਰ ਕੱਢ ਕੇ ਚੈਕ ਕੀਤਾ ਗਿਆ। ਜਦੋਂ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲਣ ਲੱਗੀ ਤਾਂ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿਤੀ। ਤਨਮਨਜੀਤ ਸਿੰਘ ਮੁਤਾਬਕ ਘੱਟ ਗਿਣਤੀਆਂ ਲਈ ਸਮੇਂ ਸਮੇਂ ’ਤੇ ਆਵਾਜ਼ ਬੁਲੰਦ ਕੀਤੇ ਜਾਣ ਕਾਰਨ ਭਾਰਤ ਸਰਕਾਰ ਉਨ੍ਹਾਂ ’ਤੇ ਮੁਲਕ ਵਿਰੋਧੀ ਹੋਣ ਦਾ ਠੱਪਾ ਲਾਉਣਾ ਚਾਹੁੰਦੀ ਹੈ।

Tags:    

Similar News