ਯੂ.ਕੇ. ਨੇ ਡਿਪੋਰਟ ਕੀਤੇ 1200 ਭਾਰਤੀ

ਯੂ.ਕੇ. ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦੀ ਰਫ਼ਤਾਰ ਦੁੱਗਣੀ ਹੋ ਚੁੱਕੀ ਹੈ ਅਤੇ ਹਾਲ ਹੀ ਵਿਚ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ 2,715 ਭਾਰਤੀਆਂ ਨੂੰ ਕਾਬੂ ਕੀਤਾ ਗਿਆ

Update: 2025-08-22 12:49 GMT

ਲੰਡਨ : ਯੂ.ਕੇ. ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦੀ ਰਫ਼ਤਾਰ ਦੁੱਗਣੀ ਹੋ ਚੁੱਕੀ ਹੈ ਅਤੇ ਹਾਲ ਹੀ ਵਿਚ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ 2,715 ਭਾਰਤੀਆਂ ਨੂੰ ਕਾਬੂ ਕੀਤਾ ਗਿਆ। 1 ਜੁਲਾਈ 2024 ਤੋਂ 30 ਜੂਨ 2025 ਦਰਮਿਆਨ 1 ਲੱਖ 12 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੇ ਯੂ.ਕੇ. ਵਿਚ ਅਸਾਇਲਮ ਮੰਗਿਆ ਅਤੇ ਪਿਛਲੇ 50 ਸਾਲ ਦਾ ਇਹ ਸਿਖਰਲਾ ਅੰਕੜਾ ਮੰਨਿਆ ਜਾ ਰਿਹਾ ਹੈ। ਯੂ.ਕੇ. ਵਿਚ ਫੜੇ ਗਏ ਭਾਰਤੀਆਂ ਦੀ ਗਿਣਤੀ ਵਿਚ 108 ਫੀ ਸਦੀ ਵਾਧਾ ਦਸਿਆ ਜਾ ਰਿਹਾ ਹੈ ਕਿ ਬਰਾਜ਼ੀਲੀਅਨ ਨਾਗਰਿਕਾਂ ਦੀ ਗਿਣਤੀ 91 ਫ਼ੀ ਸਦੀ ਵਧੀ।

ਇੰਮੀਗ੍ਰੇਸ਼ਨ ਵਾਲਿਆਂ ਨੇ ਛਾਪੇ ਕੀਤੇ ਦੁੱਗਣੇ

ਵਿਜ਼ਟਰ ਵੀਜ਼ਾ ’ਤੇ ਯੂ.ਕੇ. ਆਉਣ ਮਗਰੋਂ ਅਸਾਇਲਮ ਮੰਗਣ ਵਾਲਿਆਂ ਵਿਚ ਭਾਰਤੀ ਲੋਕਾਂ ਨੂੰ ਛੇਵਾਂ ਸਥਾਨ ਮਿਲਿਆ ਜਦਕਿ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਸਿਖਰ ’ਤੇ ਚੱਲ ਰਹੇ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਨੇ ਵਰਕ ਵੀਜ਼ਾ ਅਤੇ ਸਟੱਡੀ ਵੀਜ਼ਾ ਵਰਗੀਆਂ ਸ਼੍ਰੇਣੀਆਂ ਵਿਚ 4 ਲੱਖ ਦੀ ਵੱਡੀ ਕਟੌਤੀ ਕਰ ਦਿਤੀ ਅਤੇ ਜਾਇਜ਼ ਤਰੀਕੇ ਨਾਲ ਯੂ.ਕੇ. ਪੁੱਜਣ ਵਾਲਿਆਂ ਦੀ ਗਿਣਤੀ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ। ਅਮਰੀਕਾ ਦੀ ਤਰਜ਼ ’ਤੇ ਯੂ.ਕੇ. ਵਿਚ ਵੀ ਗੈਰਕਾਨੂੰਨੀ ਪ੍ਰਵਾਸੀਆਂ ਦਾ ਮਸਲਾ ਬੇਹੱਦ ਭਖਿਆ ਹੋਇਆ ਹੈ ਅਤੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਵਿਚ ਕੋਈ ਕਸਾਰ ਬਾਕੀ ਨਹੀਂ ਛੱਡੀ ਜਾ ਰਹੀ। ਵਿਰੋਧੀ ਧਿਰ ਵੱਲੋਂ ਦੇਸ਼ ਨਿਕਾਲੇ ਦੀ ਰਫ਼ਤਾਰ ਹੋਰ ਤੇਜ਼ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ ਜਦਕਿ ਪਨਾਹ ਮੰਗਣ ਵਾਲਿਆਂ ਨੂੰ ਹੋਟਲਾਂ ਵਿਚ ਠਹਿਰਾਏ ਜਾਣ ’ਤੇ ਮੁਲਕ ਦੇ ਆਮ ਲੋਕਾਂ ਵਿਚ ਰੋਸ ਵਧ ਰਿਹਾ ਹੈ। ਜਾਇਜ਼ ਤਰੀਕੇ ਨਾਲ ਯੂ.ਕੇ. ਵਿਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ 30 ਫੀ ਸਦੀ ਕਮੀ ਆਈ ਹੈ ਅਤੇ ਇਸ ਦਾ ਮੁੱਖ ਕਾਰਨ ਵਰਕ ਵੀਜ਼ਿਆਂ ਦੀ ਗਿਣਤੀ ਵਿਚ ਹੋਈ ਕਟੌਤੀ ਨੂੰ ਮੰਨਿਆ ਜਾ ਰਿਹਾ ਹੈ। ਵਰਕ ਵੀਜ਼ਾ ਸ਼੍ਰੇਣੀ ਵਿਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੁੰਦੀ ਹੈ ਪਰ ਰੁਜ਼ਗਾਰ ਦੇ ਮੌਕਿਆਂ ਵਿਚ ਆਈ ਕਮੀ ਅਤੇ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਿਆਂ ਦੀ ਗਿਣਤੀ ਹੋਰ ਘਟਾਈ ਜਾ ਸਕਦੀ ਹੈ। ਯੂ.ਕੇ. ਦੀ ਗ੍ਰਹਿ ਮੰਤਰੀ ਅਵੈਟ ਕੂਪਰ ਨੇ ਕਿਹਾ ਕਿ ਕਾਨੂੰਨੀ ਪ੍ਰਵਾਸ ਨੂੰ ਸੀਮਤ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਵਰਕ ਵੀਜ਼ਿਆਂ ਦੀ ਗਿਣਤੀ ਅੱਧੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੀਜ਼ਾ ਨਿਯਮ ਸਖਤ ਕਰਦਿਆਂ ਯੋਗਤਾ ਸ਼ਰਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।

1 ਲੱਖ ਤੋਂ ਵੱਧ ਪ੍ਰਵਾਸੀਆਂ ਨੇ ਮੰਗਿਆ ਅਸਾਇਲਮ

ਦੂਜੇ ਪਾਸੇ ਯੂ.ਕੇ. ਦਾ ਸਟੱਡੀ ਵੀਜ਼ਾ ਹਾਸਲ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਘਟ ਕੇ 98 ਹਜ਼ਾਰ ਰਹਿ ਗਈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਹ ਅੰਕੜਾ 11 ਫੀ ਸਦੀ ਹੇਠਾਂ ਆਇਆ ਹੈ। ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਮੁਤਾਬਕ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਵੀਜ਼ੇ ਬੰਦ ਕੀਤੇ ਜਾਣ ਮਗਰੋਂ ਵੱਡਾ ਫ਼ਰਕ ਪਿਆ ਹੈ ਅਤੇ ਗ੍ਰੈਜੁਏਟ ਲੈਵਲ ਕੋਰਸਾਂ ਵਿਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ ਸਭ ਤੋਂ ਵੱਧ ਹੇਠਾਂ ਗਿਆ ਹੈ। ਪੋਸਟ ਗ੍ਰੈਜੁਏਸ਼ਨ ਕੋਰਸਾਂ ਵਿਚ ਵੀ ਦਾਖਲਾ ਘਟਿਆ ਹੈ ਪਰ ਇਸ ਵਿਚ ਜ਼ਿਆਦਾ ਕਮੀ ਸਾਹਮਣੇ ਨਹੀਂ ਆਈ। ਅਸਾਇਲਮ ਅਰਜ਼ੀਆਂ ਵਿਚ ਵਾਧੇ ਬਾਰੇ ਮਾਇਗ੍ਰੇਸ਼ਨ ਔਬਜ਼ਰਵੇਟਰੀ ਦੀ ਡਾਇਰੈਕਟਰ ਡਾ. ਮੈਡਲਿਨ ਸੰਪਸ਼ਨ ਦਾ ਕਹਿਣਾ ਸੀ ਕਿ ਯੂਰਪ ਵਿਚ ਪਨਾਹ ਦੇ ਦਾਅਵੇ ਵੱਡੀ ਗਿਣਤੀ ਵਿਚ ਰੱਦ ਹੋ ਰਹੇ ਹਨ ਅਤੇ ਪ੍ਰਵਾਸੀਆਂ ਨਾਲ ਲੱਦੀਆਂ ਕਿਸ਼ਤੀਆਂ ਯੂ.ਕੇ. ਵੱਲ ਆਉਂਦੀਆਂ ਦੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵਿਜ਼ਟਰ ਵੀਜ਼ਾ ’ਤੇ ਮੁਲਕ ਵਿਚ ਦਾਖਲ ਸੈਂਕੜੇ ਲੋਕ ਯੂ.ਕੇ. ਵਿਚ ਪਨਾਹ ਦਾ ਦਾਅਵਾ ਕਰ ਰਿਹੇ ਹਨ। ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਅਸਾਇਲਮ ਅਰਜ਼ੀਆਂ ਦਾ ਬੈਕਲਾਗ ਲੱਖਾਂ ਵਿਚ ਜਾ ਸਕਦਾ ਹੈ।

Tags:    

Similar News