ਯੂ.ਕੇ. : ਸਿੱਖ ਬੀਬੀਆਂ ਦੀ ਜ਼ਿੰਦਗੀ ਵਿਚ ਵੱਡੀ ਤਬਦੀਲੀ

ਯੂ.ਕੇ. ਦੇ ਮਿਡਲੈਂਡਜ਼ ਇਲਾਕੇ ਵਿਚ ਸਿੱਖ ਬੀਬੀਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਜਿਥੇ ਕੁਝ ਹਫ਼ਤੇ ਪਹਿਲਾਂ ਦੋ ਮੁਟਿਆਰਾਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰੀਆਂ

Update: 2025-11-12 13:31 GMT

ਲੰਡਨ : ਯੂ.ਕੇ. ਦੇ ਮਿਡਲੈਂਡਜ਼ ਇਲਾਕੇ ਵਿਚ ਸਿੱਖ ਬੀਬੀਆਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਜਿਥੇ ਕੁਝ ਹਫ਼ਤੇ ਪਹਿਲਾਂ ਦੋ ਮੁਟਿਆਰਾਂ ਨਾਲ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰੀਆਂ। ਸਿਰਫ਼ ਐਨਾ ਹੀ ਨਹੀਂ ਵੁਲਵਰਹੈਂਪਟਨ ਵਿਖੇ ਦੋ ਬਜ਼ੁਰਗ ਟੈਕਸੀ ਡਰਾਈਵਰਾਂ ’ਤੇ ਨਸਲੀ ਹਮਲਾ ਵੀ ਹੋਇਆ ਅਤੇ ਪਾਰਲੀਮੈਂਟ ਵਿਚ ਇਸ ਮੁੱਦੇ ’ਤੇ ਮੀਟਿੰਗ ਸੱਦੀ ਗਈ। ‘ਦਾ ਗਾਰਡੀਅਨ’ ਦੀ ਰਿਪੋਰਟ ਮੁਤਾਬਕ ਵੈਸਟ ਮਿਡਲੈਂਡਜ਼ ਵਿਚ ਘਰੇਲੂ ਹਿੰਸਾ ਦੇ ਮੁੱਦਿਆਂ ਨਾਲ ਨਜਿੱਠਣ ਲਈ ਬਣੀ ਖੈਰਾਤੀ ਜਥੇਬੰਦੀ ਸਿੱਖ ਵੁਮੈਨਜ਼ ਏਡ ਦੀ ਮੁਖੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਸਿੱਖ ਔਰਤਾਂ ਨੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਰੋਜ਼ਾਨਾ ਕੰਮਕਾਜ ਵਿਚ ਤਬਦੀਲੀ ਕੀਤੀ ਹੈ। ਬਿਨਾਂ ਸ਼ੱਕ ਡਰ ਮੌਜੂਦ ਹੈ ਅਤੇ ਅੱਜ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ। ਪਹਿਲੀ ਵਾਰ ਸਿੱਖ ਬੀਬੀਆਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਉਨ੍ਹਾਂ ਨੇ ਮਨ ਆਈਆਂ ਕਰਨੀਆਂ ਛੱਡ ਦਿਤੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਨੁਕਸਾਨ ਪੁੱਜ ਸਕਦਾ ਹੈ।

ਜਬਰ-ਜਨਾਹ ਦੀਆਂ ਵਾਰਦਾਤਾਂ ਮਗਰੋਂ ਪੈਦਾ ਹੋਇਆ ਡਰ ਦਾ ਮਾਹੌਲ

ਜਿੰਮ ਜਾਂਦਿਆਂ ਔਰਤਾਂ ਸਹਿਜ ਮਹਿਸੂਸ ਨਹੀਂ ਕਰਦੀਆਂ ਅਤੇ ਸਰੀਰਕ ਤੰਦਰੁਸਤੀ ਵਾਸਤੇ ਸੈਰ ਕਰਨ ਦਾ ਸਮਾਂ ਵੀ ਬਦਲ ਲਿਆ ਹੈ। ਆਪਣੀ ਲੋਕੇਸ਼ਨ ਪਰਵਾਰਕ ਮੈਂਬਰਾਂ ਜਾਂ ਦੋਸਤਾਂ ਸਾਂਝੀ ਕਰਦੀਆਂ ਰਹਿੰਦੀਆਂ ਹਨ। ਨਸਲੀ ਹਮਲੇ ਰੁਕਣ ਦਾ ਨਾ ਨਹੀਂ ਲੈ ਰਹੇ ਕਿਉਂਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਵੁਲਵਰਹੈਂਪਟਨ ਵਿਖੇ 50-55 ਸਾਲ ਦੀ ਔਰਤ ਉਤੇ ਨਸਲ ਹਮਲਾ ਹੋਣ ਬਾਰੇ ਤਸਦੀਕੀ ਕੀਤੀ ਜਿਥੇ ਹਮਲਾਵਰ ਨੇ ਕਰੰਟ ਲਾਉਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ। ਲੇਬਰ ਪਾਰਟੀ ਦੀ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਹਮਲੇ ਦੀ ਸ਼ਿਕਾਰ ਔਰਤ ਸਿੱਖ ਹੋਣ ਬਾਰੇ ਤਸਦੀਕ ਕਰ ਦਿਤੀ ਪਰ ਵੈਸਟਮਿਡਲੈਂਡਜ਼ ਪੁਲਿਸ ਨੇ ਚੁੱਪ ਵੱਟੀ ਹੋਈ ਹੈ। ਮਿਡਲੈਂਡਜ਼ ਦੇ ਗੁਰਦਵਾਰਾ ਸਾਹਿਬਾਨ ਵਿਚ ਸਿੱਖ ਔਰਤਾਂ ਨੂੰ ਸਕਿਉਰਿਟੀ ਅਲਾਰਮ ਵੰਡੇ ਜਾ ਰਹੇ ਹਨ ਤਾਂਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਵਾਲਸਾਲ ਦੇ ਨਾਨਕਸਰ ਗੁਰਦਵਾਰਾ ਸਾਹਿਬ ਵਿਚ ਸੀਸ ਨਿਵਾਉਣ ਪੁੱਜੀ ਕਰਮ ਕੌਰ ਨੇ ਦੱਸਿਆ ਕਿ ਉਹ ਇਕੱਲੀ ਗੁਰਦਵਾਰਾ ਸਾਹਿਬ ਵੀ ਨਹੀਂ ਆਉਂਦੀ। ਹਮਲਾਵਰ ਦਿਨ ਜਾਂ ਰਾਤ ਕਿਸੇ ਵੀ ਵੇਲੇ ਆ ਸਕਦੇ ਹਨ ਜਿਸ ਨੂੰ ਵੇਖਦਿਆਂ ਆਪਣੀ ਬਜ਼ੁਰਗ ਮਾਂ ਨੂੰ ਵੀ ਸੁਚੇਤ ਰਹਿਣ ਲਈ ਆਖਿਆ ਹੈ। 32 ਸਾਲ ਦੀ ਇੰਦਰਜੀਤ ਕੌਰ ਨੇ ਦੱਸਿਆ ਕਿ ਕੰਮ ’ਤੇ ਜਾਂਦਿਆਂ ਬੱਸ ਅੱਡੇ ਦੇ ਬਿਲਕੁਲ ਨੇੜੇ ਪਾਰਕਿੰਗ ਤਲਾਸ਼ੀ ਕੀਤੀ।

1970 ਅਤੇ 1980 ਦੇ ਦਹਾਕੇ ਆ ਗਏ ਯਾਦ

57 ਸਾਲ ਦੀ ਸੁਰਿੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਤਿੰਨ ਧੀਆਂ ਹਨ ਅਤੇ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਮਗਰੋਂ ਮਨ ਵਿਚ ਡਰ ਬੈਠ ਗਿਆ ਹੈ। ਮੌਜੂਦਾ ਨਸਲਵਾਦ ਨੇ 1970 ਅਤੇ 80 ਦੇ ਦਹਾਕੇ ਚੇਤੇ ਕਰਵਾ ਦਿਤੇ ਜਦੋਂ ਸਾਊਥ ਏਸ਼ੀਅਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਟਾਕਰਾ ਕਰਨਾ ਪੈਂਦਾ ਸੀ। ਲੇਬਰ ਪਾਰਟੀ ਦੀ ਕੌਂਸਲਰ ਸਿਮਰਨ ਚੀਮਾ ਨੇ ਇਨ੍ਹਾਂ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਆਪਣੇ ਆਪ ਨੂੰ ਅਤੀਤ ਵਿਚ ਖੜ੍ਹਾ ਮਹਿਸੂਸ ਕਰ ਰਹੇ ਹਨ ਜਦੋਂ ਨਸਲਵਾਦ ਸਿਖਰਾਂ ’ਤੇ ਹੁੰਦਾ ਸੀ। ਪੱਗ ਬੰਨ੍ਹਣ ਤੋਂ ਵੀ ਉਸ ਵੇਲੇ ਲੋਕ ਘਬਰਾਉਂਦੇ ਸਨ। ਸਿਮਰਨ ਚੀਮਾ ਮੁਤਾਬਕ ਵਾਲਸਾਲ ਕੌਂਸਲ ਵੱਲੋਂ ਗੁਰਦਵਾਰਾ ਸਾਹਿਬ ਦੇ ਨੇੜੇ-ਤੇੜੇ ਵਾਧੂ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ। ਪੁਲਿਸ ਵੱਲੋਂ ਸਥਾਨਕ ਸਿਆਸਤਦਾਨਾਂ, ਮਹਿਲਾ ਜਥੇਬੰਦੀਆਂ ਅਤੇ ਭਾਈਚਾਰੇ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੈਂਡਵੈਲ ਕੌਂਸਲ ਦੀ ਆਗੂ ਕੈਰੀ ਕਾਰਮਾਈਕਲ ਨੇ ਕਿਹਾ ਕਿ ਓਲਡਬਰੀ ਦੀ ਵਾਰਦਾਤ ਨਾਲ ਸਭਨਾਂ ਨੂੰ ਝੰਜੋੜ ਕੇ ਰੱਖ ਦਿਤਾ। ਸਿਟੀ ਕੌਂਸਲ ਵੱਲੋਂ ਇਲਾਕੇ ਨੂੰ ਸੁਰੱਖਿਅਤ ਰੱਖਣ ਲਈ ਪੁਲਿਸ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ।

Tags:    

Similar News