ਟਰੰਪ ਦਾ ਨਵਾਂ ਕਾਰਨਾਮਾ : ਜੇਲਾਂ ’ਚ ਅਪਰਾਧੀ ਘੱਟ, ਬੇਕਸੂਰ ਵੱਧ

ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਵਾਹ ਨਾ ਕਰਦਿਆਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇਕ ਜਥੇ ਨੂੰ ਬਾਰਡਰ ਏਜੰਟਾਂ ਨੇ ਕਾਬੂ ਕਰ ਲਿਆ ਜਿਨ੍ਹਾਂ ਵਿਚੋਂ 12 ਪੰਜਾਬੀ ਦੱਸੇ ਜਾ ਰਹੇ ਹਨ

Update: 2025-11-28 13:39 GMT

ਵਾਸ਼ਿੰਗਟਨ : ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਪ੍ਰਵਾਹ ਨਾ ਕਰਦਿਆਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਏ ਤਕਰੀਬਨ 170 ਪ੍ਰਵਾਸੀਆਂ ਦੇ ਇਕ ਜਥੇ ਨੂੰ ਬਾਰਡਰ ਏਜੰਟਾਂ ਨੇ ਕਾਬੂ ਕਰ ਲਿਆ ਜਿਨ੍ਹਾਂ ਵਿਚੋਂ 12 ਪੰਜਾਬੀ ਦੱਸੇ ਜਾ ਰਹੇ ਹਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮੁਲਕ ਦੇ ਵੱਖ ਵੱਖ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ 65 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਵਿਚੋਂ 52,510 ਆਈਸ ਨੇ ਕਾਬੂ ਕੀਤੇ ਜਦਕਿ 12,625 ਨੂੰ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਹਿਰਾਸਤ ਵਿਚ ਲਿਆ। ਦੇਸ਼ ਨਿਕਾਲੇ ਦੀ ਉਡੀਕ ਕਰ ਰਹੇ 31 ਹਜ਼ਾਰ ਪ੍ਰਵਾਸੀਆਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਜਦਕਿ ਵੱਖ ਵੱਖ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ 17,171 ਪ੍ਰਵਾਸੀ ਅਮਰੀਕਾ ਦੇ ਵੱਖ ਵੱਖ ਡਿਟੈਨਸ਼ਨ ਸੈਂਟਰਾਂ ਵਿਚ ਬੰਦ ਹਨ।

31 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਵਿਰੁੱਧ ਨਹੀਂ ਕੋਈ ਅਪਰਾਧਕ ਦੋਸ਼

ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਜਨਵਰੀ ਤੋਂ ਬਾਅਦ 2 ਹਜ਼ਾਰ ਫ਼ੀ ਸਦੀ ਵਾਧਾ ਦੱਸਿਆ ਜਾ ਰਿਹਾ ਹੈ ਅਤੇ ਅਮਰੀਕਾ ਦੇ ਇਤਿਹਾਸ ਵਿਚ ਕਦੇ ਵੀ ਐਨੀ ਵੱਡੀ ਗਿਣਤੀ ਵਿਚ ਪ੍ਰਵਾਸੀ ਗ੍ਰਿਫ਼ਤਾਰ ਨਹੀਂ ਕੀਤੇ ਗਏ ਜਿਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਵੇ। ਡੀ.ਐਚ.ਐਸ. ਦੇ ਅੰਕੜੇ ਦਰਸਾਉਂਦੇ ਹਨ ਕਿ ਡਿਟੈਨਸ਼ਨ ਸੈਂਟਰਾਂ ਵਿਚ ਬੰਦ 16,798 ਪ੍ਰਵਾਸੀਆਂ ਵਿਰੁੱਧ ਅਤੀਤ ਵਿਚ ਵੱਖ ਵੱਖ ਦੋਸ਼ ਲੱਗੇ ਪਰ ਇਹ ਸਾਬਤ ਨਹੀਂ ਕੀਤੇ ਗਏ। ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵੀ ਅਮਰੀਕਾ ਵਿਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਪਰ ਮੈਕਸੀਕੋ ਜਾਂ ਕੈਨੇਡਾ ਦਾ ਬਾਰਡਰ ਪਾਰ ਕਰ ਕੇ ਆਉਣ ਵਾਲੇ ਅਪਰਾਧੀਆਂ ਦੀ ਸ਼੍ਰੇਣੀ ਵਿਚ ਗਿਣੇ ਜਾ ਰਹੇ ਹਨ। ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਆਈਸ ਦੀ ਹਿਰਾਸਤ ਵਿਚ ਸਿਰਫ਼ 945 ਪ੍ਰਵਾਸੀ ਅਜਿਹੇ ਸਨ ਜਿਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ ਪਰ ਇਸ ਵੇਲੇ ਅੰਕੜਾ ਹਜ਼ਾਰਾਂ ਵਿਚ ਪੁੱਜ ਗਿਆ ਹੈ।

17,771 ਅਪਰਾਧੀ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ

ਸਿਰਫ਼ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵੱਲੋਂ 21,614 ਪ੍ਰਵਾਸੀ ਕਾਬੂ ਕੀਤੇ ਗਏ ਜਿਨ੍ਹਾਂ ਦਾ ਕੋਈ ਅਪਰਾਧਕ ਪਿਛੋਕੜ ਨਹੀਂ। ਅਮਰੀਕਾ ਦੇ ਇਤਿਹਾਸ ਵਿਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਬਗੈਰ ਅਪਰਾਧਕ ਪਿਛੋਕੜ ਵਾਲੇ ਪ੍ਰਵਾਸੀਆਂ ਦੀ ਗਿਣਤੀ ਖ਼ਤਰਨਾਕ ਅਪਰਾਧੀਆਂ ਤੋਂ ਟੱਪ ਗਈ। ਦੂਜੇ ਪਾਸੇ ਡੀ.ਐਚ.ਐਸ. ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦਲੀਲ ਦਿਤੀ ਕਿ ਖ਼ਤਰਨਾਕ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਕਾਤਲ, ਬਲਾਤਕਾਰੀ, ਗਿਰੋਹ ਮੈਂਬਰ ਅਤੇ ਅਤਿਵਾਦੀ ਸ਼ਾਮਲ ਹਨ। ਆਈਸ ਵੱਲੋਂ ਹਿਰਾਸਤ ਵਿਚ ਲਏ 70 ਫ਼ੀ ਸਦੀ ਵਿਦੇਸ਼ੀ ਨਾਗਰਿਕਾਂ ਵਿਰੁੱਧ ਦੋਸ਼ ਸਾਬਤ ਹੋ ਚੁੱਕੇ ਹਨ ਜਾਂ ਗੰਭੀਰ ਦੋਸ਼ ਲੱਗ ਚੁੱਕੇ ਹਨ। ਮੈਕਲਾਫ਼ਲਿਨ ਨੇ ਦਾਅਵਾ ਕੀਤਾ ਕਿ ਜਿਹੜੇ ਪ੍ਰਵਾਸੀਆਂ ਨੂੰ ਬਗੈਰ ਅਪਰਾਧਕ ਪਿਛੋਕੜ ਵਾਲੇ ਦੱਸਿਆ ਗਿਆ ਹੈ ਉਨ੍ਹਾਂ ਵਿਰੁੱਧ ਅਮਰੀਕਾ ਤੋਂ ਬਾਹਰ ਕ੍ਰਿਮੀਨਲ ਕੇਸ ਚੱਲ ਰਹੇ ਹਨ ਜਾਂ ਉਹ ਕੌਮੀ ਸੁਰੱਖਿਆ ਵਾਸਤੇ ਖ਼ਤਰਾ ਪੈਦਾ ਕਰ ਰਹੇ ਹਨ।

16,798 ਪ੍ਰਵਾਸੀਆਂ ਵਿਰੁੱਧ ਅਤੀਤ ਵਿਚ ਲੱਗੇ ਸਨ ਵੱਖ ਵੱਖ ਦੋਸ਼

ਇਸੇ ਦੌਰਾਨ ਬਾਰਡਰ ਜ਼ਾਰ ਟੌਮ ਹੋਮਨ ਅਤੇ ਆਈਸ ਦੇ ਕਾਰਜਕਾਰੀ ਡਾਇਰੈਕਟਰ ਟੌਡ ਲਿਔਨਜ਼ ਨੇ ਕਿਹਾ ਕਿ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਹਰ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਚਾਹੇ ਉਹ ਸਬੰਧਤ ਕਾਰਵਾਈ ਦੇ ਘੇਰੇ ਵਿਚ ਨਾ ਵੀ ਆਉਂਦੇ ਹੋਣ। ਚੇਤੇ ਰਹੇ ਕਿ ਬਾਇਡਨ ਸਰਕਾਰ ਵੇਲੇ ਅਜਿਹੀਆਂ ਗ੍ਰਿਫ਼ਤਾਰੀਆਂ ’ਤੇ ਰੋਕ ਲੱਗੀ ਹੋਈ ਸੀ ਪਰ ਡੌਨਲਡ ਟਰੰਪ ਨੇ ਸੱਤਾ ਸੰਭਾਲਣ ਮਗਰੋਂ ਸਾਬਕਾ ਸਰਕਾਰ ਦੀ ਹਰ ਹਦਾਇਤ ਰੱਦ ਕਰ ਦਿਤੀ।

Tags:    

Similar News