ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਦਾ ਦਿਲ ਪਸੀਜਿਆ
ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਚ ਸੰਗਲਾਂ ਨਾਲ ਬੰਨ੍ਹੀ 19 ਸਾਲ ਦੀ ਕੁੜੀ ਨੂੰ ਆਈਸ ਵਾਲਿਆਂ ਨੇ ਰਿਹਾਅ ਕਰਨ ਦਾ ਫੈਸਲਾ ਲਿਆ ਹੈ।
ਐਟਲਾਂਟਾ : ਇੰਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਚ ਸੰਗਲਾਂ ਨਾਲ ਬੰਨ੍ਹੀ 19 ਸਾਲ ਦੀ ਕੁੜੀ ਨੂੰ ਆਈਸ ਵਾਲਿਆਂ ਨੇ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਸਿਰਫ਼ ਚਾਰ ਸਾਲ ਦੀ ਉਮਰ ਵਿਚ ਅਮਰੀਕਾ ਪੁੱਜੀ ਜ਼ਿਮਨਾ ਆਰੀਅਸ ਕ੍ਰਿਸਟਾਬੈਲ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਣ ਦੇ ਬਾਵਜੂਦ ਉਸ ਨੂੰ ਬੇੜੀਆਂ ਵਿਚ ਜਕੜ ਕੇ ਰੱਖਿਆ ਗਿਆ ਅਤੇ ਇਕ ਮਹੀਨੇ ਬਾਅਦ ਜੱਜ ਸਾਹਮਣੇ ਪੇਸ਼ ਕੀਤਾ। ਦੂਜੇ ਪਾਸੇ ਸਿਟੀਜ਼ਨਸ਼ਿਪ ਇੰਟਰਵਿਊ ਦੇ ਬਹਾਨੇ ਆਈਸ ਵੱਲੋਂ ਕਾਬੂ ਕੀਤੇ ਮੋਹਸਿਨ ਮਦਾਵੀ ਨੂੰ ਕੋਲੰਬੀਆ ਯੂਨੀਵਰਸਿਟੀ ਤੋਂ ਡਿਗਰੀ ਮਿਲ ਗਈ। ਮੋਹਸਿਨ ਨੂੰ ਕੁਝ ਦਿਨ ਪਹਿਲਾਂ ਇੰਮੀਗ੍ਰੇਸ਼ਨ ਹਿਰਾਸਤ ਵਿਚੋਂ ਰਿਹਾਅ ਕੀਤਾ ਗਿਆ ਸੀ। ਦੱਸ ਦੇਈਏ ਕਿ ਜਾਰਜੀਆ ਦੇ ਡਾਲਟਨ ਸ਼ਹਿਰ ਦੀ ਪੁਲਿਸ ਨੇ ਪਿਛਲੇ ਦਿਨੀਂ 19 ਸਾਲ ਦੀ ਵਿਦਿਆਰਥਣ ਵਿਰੁੱਧ ਲਾਏ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਾਪਸ ਲੈ ਲਏ ਪਰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਾਲੇ ਉਸ ਨੂੰ ਰਿਹਾਅ ਕਰਨ ਲਈ ਰਾਜ਼ੀ ਨਹੀਂ ਸਨ। ਕ੍ਰਿਸਟਾਬੈਲ ਇਸ ਵੇਲੇ ਜਾਰਜੀਆ ਦੇ ਲੰਪਕਿਨ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿਚ ਬੰਦ ਹੈ। ਆਈਸ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫਲਿਨ ਨੇ ਕਿਹਾ ਸੀ ਕਿ ਕ੍ਰਿਸਟਾਬੈਲ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਈ ਜਿਸ ਦੇ ਮੱਦੇਨਜ਼ਰ ਉਹ ਕਿਸੇ ਰਾਹਤ ਦੀ ਹੱਕਦਾਰ ਨਹੀਂ।
ਡਿਟੈਨਸ਼ਨ ਸੈਂਟਰ ਵਿਚੋਂ ਬਾਹਰ ਆਵੇਗੀ 19 ਸਾਲ ਦੀ ਕੁੜੀ
ਉਨ੍ਹਾਂ ਕਿਹਾ ਕਿ ਕ੍ਰਿਸਟਾਬੈਲ ਅਤੇ ਉਸ ਦੇ ਪਿਤਾ ਨੂੰ ਸੈਲਫ਼ ਡਿਪੋਰਟ ਹੋਣ ਦਾ ਮੌਕਾ ਵੀ ਦਿਤਾ ਜਾ ਸਕਦਾ ਹੈ ਪਰ ਮੁਲਕ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਕ੍ਰਿਸਟਾਬੈਲ ਨੇ ਓਬਾਮਾ ਸਰਕਾਰ ਵੱਲੋਂ ਲਿਆਂਦੇ ਡੈਫਰਡ ਐਕਸ਼ਨ ਫੌਰ ਚਾਈਲਡਹੁੱਡ ਅਰਾਈਵਲਜ਼ ਯਾਨੀ ਡਾਕਾ ਅਧੀਨ ਅਰਜ਼ੀ ਦਾਇਰ ਕਰਨ ਦਾ ਯਤਨ ਕੀਤਾ ਪਰ 2010 ਵਿਚ ਦਾਖਲ ਹੋਏ ਨਾਬਾਲਗ ਇਸ ਦੇ ਘੇਰੇ ਵਿਚ ਨਹੀਂ ਸਨ ਆਉਂਦੇ। ਉਧਰ ਮੋਹਸਿਨ ਮਦਾਵੀ ਨੇ ਕਿਹਾ ਕਿ ਉਹ ਸਤੰਬਰ ਵਿਚ ਕੋਲੰਬੀਆ ਯੂਨੀਵਰਸਿਟੀ ਪਰਤ ਰਿਹਾ ਹੈ ਅਤੇ ਪੋਸਟ ਗ੍ਰੈਜੁਏਸ਼ਨ ਕੋਰਸ ਆਰੰਭ ਕਰੇਗਾ। ਇਥੇ ਦਸਣਾ ਬਣਦਾ ਹੈ ਕਿ ਮੋਹਸਿਨ ਕੋਲ ਗਰੀਨ ਕਾਰਡ ਹੈ ਅਤੇ ਉਸ ਨੂੰ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਦਫ਼ਤਰ ਵਿਚੋਂ ਹਿਰਾਸਤ ਵਿਚ ਲਿਆ ਗਿਆ। ਸੀ.ਬੀ.ਐਸ. ਨਿਊਜ਼ ਨਾਲ ਗੱਲਬਾਤ ਕਰਦਿਆਂ ਮੋਹਸਿਨ ਨੇ ਕਿਹਾ ਕਿ ਕੁਝ ਲੋਕ ਨਹੀਂ ਚਾਹੁੰਦੇ ਸਨ ਕਿ ਮੇਰੀ ਪੜ੍ਹਾਈ ਮੁਕੰਮਲ ਹੋਵੇ ਪਰ ਅਮਰੀਕਾ ਵਿਚ ਵਸਦੇ ਕੁਝ ਚੰਗੇ ਲੋਕਾਂ ਸਦਕਾ ਡਿਗਰੀ ਮਿਲ ਚੁੱਕੀ ਹੈ।
ਮੋਹਸਿਨ ਮਦਾਵੀ ਨੂੰ ਮਿਲੀ ਡਿਗਰੀ, ਮੁਹੰਮਦ ਖਲੀਲ ਹੁਣ ਵੀ ਅੰਦਰ
ਮੋਹਸਿਨ ਦੋ ਹਫ਼ਤੇ ਤੋਂ ਵੱਧ ਸਮਾਂ ਇੰਮੀਗ੍ਰੇਸ਼ਨ ਹਿਰਾਸਤ ਵਿਚ ਰਿਹਾ ਅਤੇ ਜ਼ਿਲ੍ਹਾ ਜੱਜ ਜੈਫਰੀ ਕ੍ਰਾਅਫੋਰਡ ਦੇ ਹੁਕਮਾਂ ’ਤੇ ਰਿਹਾਈ ਮਿਲ ਸਕੀ। ਮੋਹਸਿਨ ਦਾ ਮੁਕੱਦਮਾ ਖਤਮ ਨਹੀਂ ਹੋਇਆ ਅਤੇ ਜੱਜ ਵੱਲੋਂ ਡੂੰਘਾਈ ਨਾਲ ਸਮੀਖਿਆ ਕੀਤੀ ਜਾ ਰਹੀ ਹੈ। ਟਰੰਪ ਸਰਕਾਰ ਮੋਹਸਿਨ ਨੂੰ ਡਿਪੋਰਟ ਕਰਨਾ ਚਾਹੁੰਦੀ ਹੈ ਅਤੇ ਦਲੀਲ ਦਿਤੀ ਜਾ ਰਹੀ ਹੈ ਕਿ ਵਿਦੇਸ਼ੀ ਨੀਤੀ ਵਾਸਤੇ ਵੱਡਾ ਖਤਰਾ ਬਣਨ ਵਾਲਿਆਂ ਲਈ ਇਸ ਮੁਲਕ ਵਿਚ ਕੋਈ ਜਗ੍ਹਾ ਨਹੀਂ। ਦੂਜੇ ਪਾਸੇ ਕੋਲੰਬੀਆ ਯੂਨੀਵਰਸਿਟੀ ਦਾ ਇਕ ਹੋਰ ਵਿਦਿਆਰਥੀ ਮੁਹੰਮਦ ਖਲੀਲ ਹੁਣ ਵੀ ਇੰਮੀਗ੍ਰੇਸ਼ਨ ਹਿਰਾਸਤ ਵਿਚ ਹੈ ਜਿਸ ਨੂੰ 8 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਰਤ ਦੀ ਰੰਜਨੀ ਸ੍ਰੀਨਿਵਾਸਨ ਵੀ ਕੋਲੰਬੀਆ ਯੂਨੀਵਰਸਿਟੀ ਦੇ ਧਰਨਿਆਂ ਵਿਚ ਸ਼ਮੂਲੀਅਤ ਕਰ ਕੇ ਹੀ ਸੈਲਫ਼ ਡਿਪੋਰਟ ਹੋਈ।