ਟਰੰਪ ਦਾ ਬੈਂਕ ਦੀ ਗਵਰਨਰ ਨਾਲ ਪਿਆ ਪੇਚਾ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਫੈਡਰਲ ਰਿਜ਼ਰਵ ਦੇ ਬੋਰਡ ਆਫ਼ ਗਵਰਨਰਜ਼ ਦੀ ਮੈਂਬਰ ਲੀਜ਼ਾ ਕੁੱਕ ਦਾ ਪੇਚਾ ਪੈ ਗਿਆ ਜਦੋਂ ਟਰੰਪ ਨੇ ਲੀਜ਼ਾ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿਤੇ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਫੈਡਰਲ ਰਿਜ਼ਰਵ ਦੇ ਬੋਰਡ ਆਫ਼ ਗਵਰਨਰਜ਼ ਦੀ ਮੈਂਬਰ ਲੀਜ਼ਾ ਕੁੱਕ ਦਾ ਪੇਚਾ ਪੈ ਗਿਆ ਜਦੋਂ ਟਰੰਪ ਨੇ ਲੀਜ਼ਾ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿਤੇ ਪਰ ਉਨ੍ਹਾਂ ਨੇ ਅਹੁਦਾ ਛੱਡਣ ਤੋਂ ਸਾਫ਼ ਨਾਂਹ ਕਰ ਦਿਤੀ। ਕੇਂਦਰੀ ਬੈਂਕ ਦੇ 111 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਵੱਲੋਂ ਗਵਰਨਰ ਦੀ ਬਰਖਾਸਤਗੀ ਕੀਤੀ ਗਈ ਹੈ ਅਤੇ ਲੀਜ਼ਾ ਕੁੱਕ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਕੋਲ ਕੇਂਦਰੀ ਬੈਂਕ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ। ਲੀਜ਼ਾ ਕੁੱਕ ਦੀ ਨਿਯੁਕਤੀ 2022 ਵਿਚ ਬਾਇਡਨ ਸਰਕਾਰ ਵੇਲੇ ਕੀਤੀ ਗਈ ਅਤੇ ਪਿਛਲੇ ਦਿਨੀਂ ਉਨ੍ਹਾਂ ਵਿਰੁੱਧ ਮੌਰਗੇਜ ਫਰੌਡ ਦੇ ਦੋਸ਼ ਲੱਗੇ ਸਨ।
ਰਾਸ਼ਟਰਪਤੀ ਵੱਲੋਂ ਲੀਜ਼ਾ ਕੁੱਕ ਦੀ ਬਰਖਾਸਤਗੀ ਦੇ ਹੁਕਮ
ਦੋਸ਼ ਲਾਉਣ ਵਾਲੇ ਫੈਡਰਲ ਹਾਊਸਿੰਗ ਫਾਇਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਪੁਲਟਾ ਹਨ ਜਿਨ੍ਹਾਂ ਨੂੰ ਟਰੰਪ ਦਾ ਕੱਟੜ ਹਮਾਇਤੀ ਮੰਨਿਆ ਜਾਂਦਾ ਹੈ। ਲੀਜ਼ਾ ਕੁੱਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਨ੍ਹਾਂ ਨੇ ਜੂਨ 2021 ਵਿਚ ਮਿਸ਼ੀਗਨ ਵਿਖੇ ਇਕ ਘਰ ਖਰੀਦਿਆ ਅਤੇ 15 ਸਾਲ ਦੇ ਮੌਰਗੇਜ ਐਗਰੀਮੈਂਟ ਵਿਚ ਇਸ ਨੂੰ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਦੱਸਿਆ। ਜੁਲਾਈ 2021 ਵਿਚ ਲੀਜ਼ਾ ਕੁੱਕ ਨੇ ਜਾਰਜੀਆ ਦੇ ਐਟਲਾਂਟਾ ਵਿਖੇ ਇਕ ਹੋਰ ਘਰ ਖਰੀਦਿਆ ਅਤੇ 30 ਸਾਲ ਦੇ ਮੌਰਗੇਜ ਐਗਰੀਮੈਂਟ ਵਿਚ ਇਸ ਨੂੰ ਵੀ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਕਰਾਰ ਦਿਤਾ। ਪ੍ਰਿੰਸੀਪਲ ਰੈਜ਼ੀਡੈਂਸ ਹੋਣ ’ਤੇ ਕਰਜ਼ੇ ਦੀ ਵਿਆਜ ਦਰ ਘਟ ਜਾਂਦੀ ਹੈ ਅਤੇ ਝੂਠਾ ਦਾਅਵਾ ਕਰਨ ਵਾਲਿਆਂ ਨੂੰ ਧੋਖੇਬਾਜ਼ ਮੰਨਿਆ ਜਾ ਸਕਦਾ ਹੈ। ਬਿਲ ਪੁਲਟਾ ਨੇ ਕਿਹਾ ਕਿ ਜਿਹੜੀ ਔਰਤ ਵਿਆਜ ਬਚਾਉਣ ਲਈ ਝੂਠ ਬੋਲ ਰਹੀ ਹੈ, ਉਹ ਵਿਆਜ ਦਰਾਂ ਕੰਟਰੋਲ ਕਰਨ ਲਈ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਦੀ ਹੈ। ਬਿਲ ਪੁਲਟਾ 20 ਅਗਸਤ ਨੂੰ ਇਸ ਮਾਮਲੇ ਤਹਿਤ ਡਿਪਾਰਟਮੈਂਟ ਆਫ਼ ਜਸਟਿਸ ਨੂੰ ਇਕ ਕ੍ਰਿਮੀਨਲ ਰੈਫ਼ਰਲ ਭੇਜਿਆ ਜਿਸ ਮਗਰੋਂ ਵਕੀਲ ਐਡ ਮਾਰਟਿਨ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਿਰੋਮ ਪਾਵੈਲ ਨੂੰ ਪੱਤਰ ਲਿਖਦਿਆਂ ਲੀਜ਼ਾ ਕੁੱਕ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਸਿਫਾਰਸ਼ ਕੀਤੀ।
ਲੀਜ਼ਾ ਕੁੱਕ ਨੇ ਅਹੁਦਾ ਛੱਡਣ ਕੀਤਾ ਸਾਫ਼ ਇਨਕਾਰ
ਟਰੰਪ ਨੇ ਵੀ ਇਸ ਮੁੱਦੇ ਨੂੰ ਹਵਾ ਦਿੰਦਿਆਂ ਲੀਜ਼ਾ ਕੁੱਕ ਦਾ ਅਸਤੀਫ਼ਾ ਮੰਗਿਆ ਅਤੇ ਫਿਰ ਕਿਹਾ ਕਿ ਜੇ ਅਸਤੀਫ਼ਾ ਨਹੀਂ ਆਉਂਦਾ ਤਾਂ ਉਹ ਕੁੱਕ ਨੂੰ ਬਰਖਾਸਤ ਕਰ ਦੇਣਗੇ। ਉਧਰ ਲੀਜ਼ਾ ਕੁੱਕ ਨੇ ਕਿਹਾ ਕਿ 4 ਸਾਲ ਪੁਰਾਣੀ ਮੌਰਗੇਜ ਐਪਲੀਕੇਸ਼ਨ ਦੇ ਆਧਾਰ ’ਤੇ ਕ੍ਰਿਮੀਨਲ ਰੈਫ਼ਰਲ ਬਣਾਇਆ ਗਿਆ ਜੋ ਫੈਡਰਲ ਰਿਜ਼ਰਵ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਦਾ ਦਾ ਹੈ। ਲੀਜ਼ਾ ਨੇ ਕਿਹਾ ਕਿ ਉਹ ਕਿਸੇ ਦਬਾਅ ਹੇਠ ਅਹੁਦਾ ਨਹੀਂ ਛੱਡਣਗੇ ਅਤੇ ਆਪਣੇ ਵਿੱਤੀ ਪਿਛੋਕੜ ਨਾਲ ਸਬੰਧਤ ਸਵਾਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਲੀਜ਼ਾ ਕੁੱਕ ਦੇ ਅਹੁਦੇ ਦੀ ਮਿਆਦ 2038 ਤੱਕ ਬਣਦੀ ਹੈ ਅਤੇ ਇਸ ਤੋਂ ਪਹਿਲਾਂ ਉਹ ਬਰਾਕ ਓਬਾਮਾ ਦੀ ਸਰਕਾਰ ਵਿਚ ਕੌਂਸਲ ਆਫ਼ ਇਕਨੌਮਿਕ ਐਡਵਾਇਜ਼ਰਜ਼ ਵਿਚ ਕੰਮ ਕਰ ਚੁੱਕੇ ਹਨ।