ਟਰੰਪ ਦੇ ਦਾਅਵਿਆਂ ਦੀ ਨਿਕਲੀ ਫੂਕ
ਡੌਨਲਡ ਟਰੰਪ ਵੱਲੋਂ ਸੱਤਾ ਵਿਚ ਆਉਣ ਮਗਰੋਂ ਕੀਤੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ ਜਦੋਂ ਸਰਫ਼ਾ ਕਰਨ ਦੀ ਮੁਹਿੰਮ ਰਾਹੀਂ ਅਗਲੇ ਵਿੱਤੀ ਵਰ੍ਹੇ ਦੌਰਾਨ ਸਿਰਫ 150 ਅਰਬ ਡਾਲਰ ਦੀ ਬੱਚਤ ਹੋਣ ਦਾ ਅੰਕੜਾ ਸਾਹਮਣੇ ਆਇਆ।
ਵਾਸ਼ਿੰਗਟਨ : ਡੌਨਲਡ ਟਰੰਪ ਵੱਲੋਂ ਸੱਤਾ ਵਿਚ ਆਉਣ ਮਗਰੋਂ ਕੀਤੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ ਜਦੋਂ ਸਰਫ਼ਾ ਕਰਨ ਦੀ ਮੁਹਿੰਮ ਰਾਹੀਂ ਅਗਲੇ ਵਿੱਤੀ ਵਰ੍ਹੇ ਦੌਰਾਨ ਸਿਰਫ 150 ਅਰਬ ਡਾਲਰ ਦੀ ਬੱਚਤ ਹੋਣ ਦਾ ਅੰਕੜਾ ਸਾਹਮਣੇ ਆਇਆ। ਕੈਬਨਿਟ ਮੀਟਿੰਗ ਦੌਰਾਨ ਡੌਜ ਦੇ ਮੁਖੀ ਈਲੌਨ ਮਸਕ ਵੱਲੋਂ ਪੇਸ਼ ਅੰਕੜਾ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਜਿਨ੍ਹਾਂ ਵੱਲੋਂ 2 ਖਰਬ ਡਾਲਰ ਦੀ ਬੱਚਤ ਕੀਤੇ ਜਾਣ ਦੇ ਦਮਗਜ਼ੇ ਮਾਰੇ ਜਾ ਰਹੇ ਸਨ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਬੱਚਤ ਦਾ 20 ਫੀ ਸਦੀ ਹਿੱਸਾ ਪੰਜ-ਪੰਜ ਹਜ਼ਾਰ ਡਾਲਰ ਦੀ ਰਕਮ ਵਜੋਂ ਅਮਰੀਕਾ ਦੇ ਪਰਵਾਰਾਂ ਨੂੰ ਵੰਡਣ ਦਾ ਐਲਾਨ ਵੀ ਕਰ ਦਿਤਾ ਗਿਆ ਪਰ 150 ਅਰਬ ਡਾਲਰ ਦੀ ਰਕਮ ਨਾਲ ਤਾਂ ਲੋਕਾਂ ਨੂੰ 500-500 ਡਾਲਰ ਵੀ ਨਹੀਂ ਦਿਤੇ ਜਾਣੇ।
ਅਗਲੇ ਸਾਲ ਸਿਰਫ 150 ਅਰਬ ਡਾਲਰ ਦੀ ਹੋਵੇਗੀ ਬੱਚਤ
ਟਰੰਪ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਬੱਚਤ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ, ਸਰਕਾਰੀ ਠੇਕੇ ਅਤੇ ਲੀਜ਼ ਰੱਦ ਕਰਦਿਆਂ ਅਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਕੀਤਾ ਜਾਵੇਗਾ। ਬੱਚਤ ਦਾ 20 ਫੀ ਸਦੀ ਹਿੱਸਾ ਅਮਰੀਕਾ ਸਿਰ ਚੜ੍ਹਿਆ ਕਰਜ਼ਾ ਉਤਾਰਨ ਵਾਸਤੇ ਵਰਤਿਆ ਜਾਣਾ ਸੀ ਪਰ ਇਹ ਕੰਮ ਵੀ ਵਿਚਾਲੇ ਲਟਕਦਾ ਮਹਿਸੂਸ ਹੋ ਰਿਹਾ ਹੈ। ਉਧਰ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ਼ ਬੱਚਤ ਦਾ ਹੀ ਜ਼ਿਕਰ ਕੀਤਾ ਗਿਆ ਅਤੇ ਅਸਲ ਰਕਮ ਸਭ ਦੇ ਸਾਹਮਣੇ ਆ ਚੁੱਕੀ ਹੈ ਪਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਡਿਪੋਰਟ ਕੀਤੇ ਜਾਣ ’ਤੇ ਹੋ ਰਹੇ ਖਰਚੇ ਦਾ ਹਿਸਾਬ ਦੇਣ ਵਾਸਤੇ ਕੋਈ ਤਿਆਰ ਨਹੀਂ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੀ ਹੈ। ਮੈਕਸੀਕੋ ਨਾਲ ਲਗਦੇ ਬਾਰਡਰ ’ਤੇ ਫੌਜ ਦੀ ਤੈਨਾਤੀ ਅਤੇ ਮੁਲਕ ਦੇ ਸ਼ਹਿਰਾਂ ਦੇ ਕਸਬਿਆਂ ਵਿਚ ਮਾਰੇ ਜਾ ਰਹੇ ਛਾਪਿਆਂ ’ਤੇ ਹੋ ਰਹੇ ਖਰਚੇ ਬਾਰੇ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਇਸੇ ਦੌਰਾਨ ਈਲੌਨ ਮਸਕ ਨੇ ਕੈਬਨਿਟ ਮੀਟਿੰਗ ਦੌਰਾਨ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਸਰਕਾਰੀ ਪੈਸੇ ਦੀ ਫਜ਼ੂਲ ਵਰਤੋਂ ਜਾਂ ਫਰੌਡ ਰੋਕਣ ਵਾਸਤੇ ਕੀ ਕੁਝ ਕਰ ਰਹੇ ਹੋ? ਤਾਂ ਮੇਰਾ ਇਹੋ ਜਵਾਬ ਹੁੰਦਾ ਹੈ ਕਿ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਬਿਲਕੁਲ ਸਹੀ ਰਾਹ ’ਤੇ ਅੱਗੇ ਵਧ ਰਿਹਾ ਹੈ।
ਰਾਸ਼ਟਰਪਤੀ ਨੇ ਲੋਕਾਂ ਨੂੰ 5-5 ਹਜ਼ਾਰ ਡਾਲਰ ਦੇਣ ਦਾ ਕੀਤਾ ਸੀ ਵਾਅਦਾ
ਦੱਸ ਦੇਈਏ ਕਿ ਟਰੰਪ ਸਰਕਾਰ ਵੱਲੋਂ ਫ਼ਜ਼ੂਲ ਖਰਚ ਖਤਮ ਕਰਨ ਦੀ ਮੁਹਿੰਮ ਦੌਰਾਨ ਯੂ.ਐਸ. ਏਜੰਸੀ ਫ਼ੌਰ ਇੰਟਰਨੈਸ਼ਨਲ ਡਿਵੈਲਪਮੈਂਟ ਨੂੰ ਭੰਗ ਕਰ ਦਿਤਾ ਗਿਆ ਅਤੇ ਵੱਖ ਵੱਖ ਮਹਿਕਮਿਆਂ ਦੇ ਹਜ਼ਾਰਾਂ ਮੁਲਾਜ਼ਮ ਵਿਹਲੇ ਕਰ ਦਿਤੇ ਗਏ। ਹਾਲ ਹੀ ਵਿਚ ਡੌਜ ਵੱਲੋਂ ਅਫਰੀਕੀ ਮੁਲਕਾਂ ਨੂੰ ਦਿਤੀ ਜਾ ਰਹੀ 51 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ’ਤੇ ਆਰਾ ਚਲਾਇਆ ਗਿਆ ਹੈ। ਇਸ ਰਕਮ ਵਿਚੋਂ 2 ਲੱਖ 30 ਹਜ਼ਾਰ ਡਾਲਰ ਬੁਰਕੀਨਾ ਫਾਸੋ ਵਿਖੇ ਸ਼ੇਅਰ ਦੀ ਮਾਰਕੀਟਿੰਗ ’ਤੇ ਖਰਚ ਕੀਤੇ ਜਾਣੇ ਸਨ ਜਦਕਿ 84 ਹਜ਼ਾਰ ਡਾਲਰ ਨਾਇਜੀਰੀਆ ਵਿਚ ਸਪਾਅ ਅਤੇ ਵੈਲਨੈਸ ਦੇ ਉਦਮੀਆਂ ਨੂੰ ਦਿਤੇ ਜਾਣ ਸਨ। ਇਸ ਤੋਂ ਇਲਾਵਾ 2 ਲੱਖ 40 ਹਜ਼ਾਰ ਡਾਲਰ ਦੀ ਬੈਨਿਨ ਵਿਖੇ ਪਾਈਨੈਪਲ ਜੂਸ ਦੀ ਮਾਰਕਿਟਿੰਗ ਵਾਸਤੇ ਖਰਚ ਕੀਤੀ ਜਾਣਾ ਸੀ।