ਅਮਰੀਕਾ ਵਾਲਿਆਂ ਦੀਆਂ ਜੜਾਂ ਵਿਚ ਬੈਠਾ ਟਰੰਪ
ਟਰੰਪ ਦੀਆਂ ਟੈਰਿਫ਼ਸ ਦਾ ਅਸਰ ਅਮਰੀਕਾ ਵਿਚ ਸਾਫ਼ ਨਜ਼ਰ ਆਉਣ ਲੱਗਾ ਹੈ ਅਤੇ ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਦੇ ਭਾਅ 80 ਫ਼ੀ ਸਦੀ ਤੱਕ ਵਧ ਚੁੱਕੇ ਹਨ।
ਵਾਸ਼ਿੰਗਟਨ : ਟਰੰਪ ਦੀਆਂ ਟੈਰਿਫ਼ਸ ਦਾ ਅਸਰ ਅਮਰੀਕਾ ਵਿਚ ਸਾਫ਼ ਨਜ਼ਰ ਆਉਣ ਲੱਗਾ ਹੈ ਅਤੇ ਰੋਜ਼ਾਨਾ ਕੰਮ ਆਉਣ ਵਾਲੀਆਂ ਚੀਜ਼ਾਂ ਦੇ ਭਾਅ 80 ਫ਼ੀ ਸਦੀ ਤੱਕ ਵਧ ਚੁੱਕੇ ਹਨ। ਮਿਸਾਲ ਵਜੋਂ 225 ਗ੍ਰਾਮ ਕੋਕੋਅ ਪਾਊਡਰ ਵਾਲਾ ਡੱਬਾ 3.44 ਡਾਲਰ ਤੋਂ ਵੱਧ ਕੇ 6.18 ਡਾਲਰ ਦਾ ਹੋ ਗਿਆ ਹੈ ਅਤੇ ਇਹ ਵਾਧਾ ਤਕਰੀਬਨ ਦੁੱਗਣਾ ਬਣਦਾ ਹੈ। ਕੇਲਿਆਂ ਦਾ ਭਾਅ 50 ਸੈਂਟ ਪ੍ਰਤੀ ਪਾਊਂਡ ਤੋਂ ਵਧ ਕੇ 54 ਸੈਂਟ ਪ੍ਰਤੀ ਪਾਊਂਡ ਹੋ ਗਿਆ ਹੈ ਅਤੇ ਇਹ ਵਾਧਾ 8 ਫ਼ੀ ਸਦੀ ਬਣਦਾ ਹੈ। ਇਸੇ ਤਰ੍ਹਾਂ ਇਕ ਖਿਡੌਣੇ ਦੀ ਕੀਮਤ 34.97 ਡਾਲਰ ਤੋਂ ਵਧ ਕੇ 49.97 ਹੋ ਚੁੱਕੀ ਹੈ ਅਤੇ ਇਹ ਵਾਧਾ 43 ਫੀ ਸਦੀ ਬਣਦਾ ਹੈ। ਦੱਸ ਦੇਈਏ ਕਿ ਵਾਲਮਾਰਟ ਨੇ ਟਰੰਪ ਦੇ ਸੱਤਾ ਵਿਚ ਆਉਂਦਿਆਂ ਹੀ ਕੀਮਤਾਂ ਵਧਣ ਦੀ ਚਿਤਾਵਨੀ ਜਾਰੀ ਕਰਨੀ ਸ਼ੁਰੂ ਕਰ ਦਿਤੀ ਸੀ ਕਿਉਂਕਿ ਕੰਪਨੀ ਦੇ ਸਟੋਰਾਂ ’ਤੇ ਵਿਕਣ ਵਾਲਾ 60 ਫ਼ੀ ਸਦੀ ਸਮਾਨ ਚੀਨ ਤੋਂ ਆਉਂਦਾ ਹੈ।
ਜ਼ੂਰਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੋਹਣ ਲੱਗੀਆਂ
ਇਸ ਵੇਲੇ ਚੀਨ ਤੋਂ ਆਉਣ ਵਾਲੀਆਂ ਆਇਟਮਜ਼ ’ਤੇ 30 ਫ਼ੀ ਸਦੀ ਤੱਕ ਟੈਰਿਫ਼ਸ ਲਾਗੂ ਹਨ। ਵਾਲਮਾਰਟ ਦੇ ਸੀ.ਈ.ਓ. ਡਗ ਮੈਕਮਿਲੌਨ ਨੇ ਕਿਹਾ ਕਿ ਕੀਮਤਾਂ ਨੂੰ ਘੱਟ ਤੋਂ ਘੱਟ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਟੈਰਿਫ਼ਸ ਦੇ ਮੱਦੇਨਜ਼ਰ ਸਾਰਾ ਦਬਾਅ ਕੰਪਨੀ ਵਾਸਤੇ ਬਰਦਾਸ਼ਤ ਕਰਨਾ ਮੁਸ਼ਕਲ ਹੈ। ਭਾਵੇਂ ਟਰੰਪ ਸ਼ਰ੍ਹੇਆਮ ਚਿਤਾਵਨੀ ਦੇ ਚੁੱਕੇ ਹਨ ਕਿ ਵਾਲਮਾਰਟ ਨੂੰ ਕੀਮਤਾਂ ਵਿਚ ਵਾਧਾ ਨਹੀਂ ਕਰਨਾ ਚਾਹੀਦਾ ਪਰ ਚੁੱਪ-ਚਪੀਤੇ ਸਟੋਰਾਂ ’ਤੇ ਵਿਕ ਰਹੀਆਂ ਚੀਜ਼ਾਂ ਦੇ ਪ੍ਰਾਈਸ ਟੈਗ ਲਗਾਤਾਰ ਬਦਲ ਰਹੇ ਹਨ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਸਿਰਫ਼ ਵਾਲਮਾਰਟ ਵੱਲੋਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ ਸਗੋਂ ਟਾਰਗੈਟ ਦੇ ਸਟੋਰਾਂ ’ਤੇ ਵੀ ਕੀਮਤਾਂ ਵਧ ਚੁੱਕੀਆਂ ਹਨ। ਟਾਰਗੈਟ ਦੇ ਇਕ ਮੁਲਾਜ਼ਮ ਨੇ ਸੋਸ਼ਲ ਮੀਡੀਆ ਰਾਹੀਂ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਤਕਰੀਬਨ 10 ਡਾਲਰ ਵਾਲੀ ਯੂ.ਐਸ.ਬੀ.-ਸੀ ਕੌਰਡ ਦੀ ਕੀਮਤ ਵਧ ਕੇ 18 ਡਾਲਰ ਹੋ ਚੁੱਕੀ ਹੈ। ਇਸੇ ਦੌਰਾਨ ਰਿਟੇਲ ਖੇਤਰ ਦੇ ਮਾਹਰਾਂ ਨੇ ਕਿਹਾ ਕਿ ਕੱਪੜੇ, ਇਲੈਕਟ੍ਰਾਨਿਕ ਵਸਤਾਂ ਅਤੇ ਘਰਾਂ ਵਿਚ ਵਰਤਿਆ ਜਾਣ ਵਾਲਾ ਹੋਰ ਸਮਾਨ ਵੀ ਮਹਿੰਗਾ ਹੋ ਰਿਹਾ ਹੈ। ਗਲੋਬਲ ਡਾਟਰ ਦੇ ਨੀਲ ਸੌਂਡਰਜ਼ ਦਾ ਕਹਿਣਾ ਸੀ ਕਿ ਟੈਰਿਫ਼ਸ ਦੇ ਅਸਰ ਤੋਂ ਕੋਈ ਚੀਜ਼ ਨਹੀਂ ਬਚ ਸਕੇਗੀ। ਉਨ੍ਹਾਂ ਕਿਹਾ ਕਿ ਮੁਨਾਫ਼ਾ ਜ਼ਿਆਦਾ ਨਾ ਹੋਣ ਕਰ ਕੇ ਕੰਪਨੀਆਂ ਵੱਲੋਂ ਗਾਹਕਾਂ ’ਤੇ ਬੋਝ ਪਾਇਆ ਜਾ ਰਿਹਾ ਹੈ।
ਵਾਲਮਾਰਟ ਅਤੇ ਟਾਰਗੈਟ ਦੇ ਸਟੋਰਾਂ ਵਿਚ ਨਜ਼ਰ ਆਏ ਨਵੇਂ ਪ੍ਰਾਈਸ ਟੈਗ
ਆਉਣ ਵਾਲੇ ਦਿਨਾਂ ਵਿਚ ਮੈਕਸੀਕੋ ਤੋਂ ਆਉਣ ਵਾਲੇ ਐਵਾਕਾਡੋ 16 ਫੀ ਸਦੀ ਤੱਕ ਮਹਿੰਗੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜਦਕਿ ਲੈਟਿਨ ਅਮਰੀਕਾ ਤੋਂ ਆਉਣ ਵਾਲੀਆਂ ਕੌਫ਼ੀ ਬੀਨਜ਼ 10 ਫ਼ੀ ਸਦੀ ਤੱਕ ਮਹਿੰਗੀਆਂ ਹੋਣਗੀਆਂ। ਵਿਦੇਸ਼ਾਂ ਤੋਂ ਆਉਣ ਵਾਲਾ ਪਨੀਰ 15 ਫ਼ੀ ਸਦੀ ਤੱਕ ਮਹਿੰਗਾ ਹੋ ਸਕਦਾ ਹੈ ਜਦਕਿ ਬੈਡਸ਼ੀਟਸ ਅਤੇ ਤੌਲੀਏ 15 ਫੀ ਸਦੀ ਤੱਕ ਮਹਿੰਗੇ ਹੋ ਸਕਦੇ ਹਨ। ਟੈਰਿਫ਼ਸ ਲਾਗੂ ਹੋਣ ਤੋਂ ਪਹਿਲਾਂ ਹੀ ਵਾਲਮਾਰਟ ਨੇ ਕਹਿ ਦਿਤਾ ਸੀ ਕਿ ਕੰਪਨੀ ਦਾ ਮੁਨਾਫ਼ਾ ਪ੍ਰਭਾਵਤ ਹੋ ਸਕਦੀ ਹੈ। ਡਗ ਮੈਕਮਿਲੌਨ ਨੇ ਦੱਸਿਆ ਕਿ ਕੰਪਨੀ ਨੂੰ ਇਸ ਸਾਲ ਤਿੰਨ ਤੋਂ ਚਾਰ ਫ਼ੀ ਸਦੀ ਵਾਧਾ ਦਰ ਹਾਸਲ ਹੋਣ ਦੀ ਉਮੀਦ ਹੈ ਜਦਕਿ ਪਿਛਲੇ ਸਾਲ 9 ਫ਼ੀ ਸਦੀ ਦੀ ਵਾਧਾ ਦਰ ਹਾਸਲ ਕੀਤੀ ਗਈ।