ਟਰੰਪ ਵੱਲੋਂ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਬਹਾਲ

ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਇਕ ਵੱਡਾ ਫੈਸਲਾ ਲੈਂਦਿਆਂ ਟਰੰਪ ਸਰਕਾਰ ਵੱਲੋਂ ਸੈਂਕੜੇ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ

Update: 2025-04-26 11:14 GMT

ਵਾਸ਼ਿੰਗਟਨ : ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਇਕ ਵੱਡਾ ਫੈਸਲਾ ਲੈਂਦਿਆਂ ਟਰੰਪ ਸਰਕਾਰ ਵੱਲੋਂ ਸੈਂਕੜੇ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰ ਕੇ ਰੱਦ ਕਰ ਦਿਤੇ ਗਏ। ਵੀਜ਼ੇ ਰੱਦ ਹੋਣ ਮਗਰੋਂ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਅਦਾਲਤਾਂ ਵਿਚ ਮੁਕੱਦਮੇ ਦਾਇਰ ਕਰ ਦਿਤੇ ਅਤੇ ਇਨ੍ਹਾਂ ਦੀ ਸੁਣਵਾਈ ਦੌਰਾਨ ਹੀ ਚੰਗੀ ਖਬਰ ਸੁਣਨ ਨੂੰ ਮਿਲੀ। ਕੈਲੇਫੋਰਨੀਆ ਦੇ ਓਕਲੈਂਡ ਦੀ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ਦੀ ਸੁਣਵਾਈ ਮੌਕੇ ਸਹਾਇਕ ਅਟਾਰਨੀ ਐਲਿਜ਼ਾਬੈਥ ਕਰਲਨ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਰੱਦ ਕੀਤੇ ਸਟੱਡੀ ਵੀਜ਼ੇ ਆਈਸ ਵੱਲੋਂ ਬਹਾਲ ਕੀਤੇ ਜਾ ਰਹੇ ਹਨ।

2 ਇੰਮੀਗ੍ਰੇਸ਼ਨ ਵਕੀਲਾਂ ਨੇ ਕੀਤਾ ਦਾਅਵਾ

ਬਿਲਕੁਲ ਇਸੇ ਕਿਸਮ ਦਾ ਬਿਆਨ ਵਾਸ਼ਿੰਗਟਨ ਦੀ ਅਦਾਲਤ ਵਿਚ ਸਾਹਮਣੇ ਆਇਆ। ਕੌਮਾਂਤਰੀ ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਵਕੀਲ ਬਰਾਇਨ ਗਰੀਨ ਵੱਲੋਂ ਸਰਕਾਰੀ ਬਿਆਨ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵਿਚ ਲਿਖਿਆ ਹੈ ਕਿ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵੱਲੋਂ ਇਕ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਉਦੋਂ ਤੱਕ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫਰਮੇਸ਼ਨ ਸਿਸਟਮ ਦਾ ਰਿਕਾਰਡ ਐਕਟਿਵ ਰਹੇਗਾ ਜਾਂ ਇਸ ਨੂੰ ਰੀਐਕਟੀਵੇਟ ਕਰ ਦਿਤਾ ਜਾਵੇਗਾ। ਦੱਸ ਦੇਈਏ ਕਿ ਸਟੂਡੈਂਟ ਐਂਡ ਐਕਸਚੇਂਜ ਵਿਜ਼ਟਰ ਇਨਫਰਮੇਸ਼ਨ ਸਿਸਟਮ ਤਹਿਤ ਹੀ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਸਟੇਟਸ ਟਰੈਕ ਕੀਤੇ ਜਾਂਦੇ ਹਨ। 1,300 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਅਚਨਚੇਤ ਰੱਦ ਹੋਣ ਮਗਰੋਂ ਕੁਝ ਸੈਲਫ ਡਿਪੋਰਟ ਹੋ ਗਏ ਜਦਕਿ ਕੁਝ ਨੇ ਕਲਾਸਾਂ ਵਿਚ ਜਾਣਾ ਹੀ ਬੰਦ ਕਰ ਦਿਤਾ ਪਰ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਲਿਆ। ਦੂਜੇ ਪਾਸੇ ਹੋਮਲੈਂਡ ਸਕਿਉਰਿਟੀ ਵਿਭਾਗ ਦੀ ਸਹਾਇਕ ਮੰਤਰੀ ਟ੍ਰਿਸ਼ੀਆ ਮੈਕਲਾਫਲਿਨ ਨੇ ਕਿਹਾ ਕਿ ਆਈਸ ਵੱਲੋਂ ਰੱਦ ਵੀਜ਼ਿਆਂ ਬਾਰੇ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਦੇ ਗ੍ਰੈਗ ਚੈਨ ਦਾ ਕਹਿਣਾ ਹੈ ਕਿ ਗੈਰਯਕੀਨੀ ਵਾਲਾ ਮਾਹੌਲ ਬਰਕਰਾਰ ਹੈ। ਫਿਲਹਾਲ ਸਪੱਸ਼ਟ ਹੋਣ ਬਾਕੀ ਹੈ ਕਿ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਦਿਤੀ ਜਾ ਰਹੀ ਹੈ ਜਿਨ੍ਹਾਂ ਦੇ ਵੀਜ਼ੇ ਗਲਤੀ ਨਾਲ ਰੱਦ ਹੋ ਗਏ ਜਾਂ ਸਭਨਾਂ ਨੂੰ ਰਾਹਤ ਦੇ ਘੇਰੇ ਵਿਚ ਲਿਆਂਦਾ ਜਾਵੇਗਾ।

ਆਈ.ਸੀ.ਈ.ਵੱਲੋਂ ਲਿਆਂਦੀ ਜਾ ਰਹੀ ਨਵੀਂ ਨੀਤੀ

ਇਸੇ ਦੌਰਾਨ ਬਰਾਇਨ ਗਰੀਨ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਵਿਦਿਆਰਥੀਆਂ ਦਾ ਵੀਜ਼ਾ ਬਹਾਲ ਕਰਵਾਉਣਾ ਸੀ, ਜੋ ਆਈਸ ਦੇ ਬਿਆਨ ਮੁਤਾਬਕ ਹੋ ਚੁੱਕਾ ਹੈ ਪਰ ਓਕਲੈਂਡ ਦੇ ਵਕੀਲਾਂ ਨੇ ਕਿਹਾ ਕਿ ਉਹ ਅਦਾਲਤ ਤੋਂ ਕੌਮੀ ਪੱਧਰ ਦਾ ਹੁਕਮ ਚਾਹੁੰਦੇ ਹਨ ਜਿਸ ਰਾਹੀਂ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈਣ ’ਤੇ ਰੋਕ ਲੱਗੇ ਅਤੇ ਕੰਮ ਕਰਨ ਦੀ ਖੁੱਲ੍ਹ ਮਿਲੇ। ਉਧਰ ਐਟਲਾਂਟਾਂ ਵਿਖੇ 133 ਵਿਦਿਆਰਥੀਆਂ ਦਾ ਮੁਕੱਦਮਾ ਲੜ ਰਹੇ ਚਾਰਲਸ ਕਕ ਨੇ ਕਿਹਾ ਕਿ ਆਈਸ ਦੀ ਨੀਤੀ ਵਿਚ ਆਇਆ ਬਦਲਾਅ ਉਨ੍ਹਾਂ ਵਿਦਿਆਰਥੀਆਂ ਦੀਆਂ ਔਕੜਾਂ ਖਤਮ ਨਹੀਂ ਕਰ ਸਕਦਾ ਜੋ ਪਿਛਲੇ ਸਮੇਂ ਦੌਰਾਨ ਬੁਰੀ ਤਰ੍ਹਾਂ ਘਿਰ ਗਏ। ਕਈ ਵਿਦਿਆਰਥੀਆਂ ਦੀ ਨੌਕਰੀ ਚਲੀ ਗਈ ਜਦਕਿ ਕਈਆਂ ਨੂੰ ਕਾਲਜ ਤੋਂ ਜਵਾਬ ਮਿਲ ਗਿਆ। ਅਜਿਹੇ ਵਿਦਿਆਰਥੀਆਂ ਕੋਈ ਕਮੀ ਨਹੀਂ ਜੋ ਕੋਰਸ ਦੇ ਆਖਰੀ ਸਮੈਸਟਰ ਵਿਚ ਆ ਕੇ ਡਿਗਰੀ ਤੋਂ ਵਾਂਝੇ ਰਹਿ ਗਏ। ਵਿਦਿਆਰਥੀਆਂ ਨਾਲ ਐਨਾ ਮਾੜਾ ਸਲੂਕ ਹੋਇਆ ਜੋ ਬਿਆਨ ਕਰਨਾ ਮੁਸ਼ਕਲ ਹੈ ਅਤੇ ਭਵਿੱਖ ਵਿਚ ਇੰਟਰਨੈਸ਼ਨਲ ਸਟੂਡੈਂਟ ਅਮਰੀਕਾ ਵੱਲ ਮੂੰਹ ਨਹੀਂ ਕਰਨਗੇ। ਇਸੇ ਦੌਰਾਨ ਇੰਮੀਗ੍ਰੇਸ਼ਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਸਖਤੀ ਦਾ ਸ਼ਿਕਾਰ ਬਣੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਵਿਚ ਹੋ ਸਕਦੀ ਹੈ ਅਤੇ ਅਸਲ ਅੰਕੜਾ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਜਾਵੇਗਾ।

Tags:    

Similar News