ਟਰੰਪ ਵੱਲੋਂ ਵਿਜ਼ਟਰ ਵੀਜ਼ਾ ਨਿਯਮਾਂ ’ਚ ਵੱਡੀ ਤਬਦੀਲੀ
ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਵਿਜ਼ਟਰ ਵੀਜ਼ਾਂ ਨਿਯਮਾਂ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ ਅਤੇ ਲੱਖਾਂ ਭਾਰਤੀਆਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਜਾ ਸਕਦੀ ਹੈ।;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਵਿਜ਼ਟਰ ਵੀਜ਼ਾਂ ਨਿਯਮਾਂ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ ਅਤੇ ਲੱਖਾਂ ਭਾਰਤੀਆਂ ਨੂੰ ਵੀਜ਼ੇ ਤੋਂ ਨਾਂਹ ਕੀਤੀ ਜਾ ਸਕਦੀ ਹੈ। ਵਿਜ਼ਟਰ ਵੀਜ਼ਾ ’ਤੇ ਅਮਰੀਕਾ ਪੁੱਜੇ ਪਰ ਵਾਪਸ ਨਾ ਜਾਣ ਵਾਲੇ ਭਾਰਤੀਆਂ ਦੀ ਸਾਲਾਨਾ ਗਿਣਤੀ 25 ਹਜ਼ਾਰ ਦੇ ਨੇੜੇ ਦੱਸੀ ਜਾ ਰਹੀ ਜਦਕਿ ਕੈਨੇਡਾ ਅਤੇ ਮੈਕਸੀਕੋ ਦਾ ਬਾਰਡਰ ਟੱਪ ਕੇ ਆਉਣ ਵਾਲੇ ਇਨ੍ਹਾਂ ਵਿਚ ਸ਼ਾਮਲ ਨਹੀਂ। 2023 ਵਿਚ 17 ਲੱਖ 60 ਹਜ਼ਾਰ ਭਾਰਤੀ ਬੀ-1 ਅਤੇ ਬੀ-2 ਵੀਜ਼ਾ ’ਤੇ ਅਮਰੀਕਾ ਪੁੱਜੇ ਜਿਨ੍ਹਾਂ ਵਿਚੋਂ ਡੇਢ ਫ਼ੀ ਸਦੀ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਵਾਪਸ ਨਾ ਗਏ ਅਜਿਹੇ ਵਿਚ ਵਿਜ਼ਟਰ ਵੀਜ਼ਾ ਨਿਯਮ ਸਖਤ ਕਰਨੇ ਬੇਹੱਦ ਲਾਜ਼ਮੀ ਹੋ ਗਏ।
ਲੱਖਾਂ ਭਾਰਤੀਆਂ ਨੂੰ ਹੋਵੇਗੀ ਵੀਜ਼ੇ ਤੋਂ ਨਾਂਹ
ਤਾਜ਼ਾ ਤਬਦੀਲੀਆਂ ਮੁਤਾਬਕ ਵੀਜ਼ਾ ਇੰਟਰਵਿਊ ਤੋਂ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲ ਸਕੇਗੀ ਜਿਨ੍ਹਾਂ ਦਾ ਵੀਜ਼ਾ 12 ਮਹੀਨੇ ਦੇ ਅੰਦਰ ਐਕਸਪਾਇਰ ਹੋਣ ਵਾਲਾ ਹੈ ਜਦਕਿ ਇਸ ਤੋਂ ਪਹਿਲਾਂ 48 ਮਹੀਨੇ ਤੱਕ ਵੀਜ਼ਾ ਮਿਆਦ ਪੁੱਗਣ ਵਾਲਿਆਂ ਨੂੰ ਵੀ ਇੰਟਰਵਿਊ ਤੋਂ ਛੋਟ ਮਿਲੀ ਹੋਈ ਸੀ। ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਅਤੇ ਮੁੰਬਈ ਕੌਂਸਲੇਟ ਵਿਚ ਵੀਜ਼ਾ ਇੰਟਰਵਿਊ ਵਾਸਤੇ ਔਸਤ ਉਡੀਕ ਸਮਾਂ 440 ਦਿਨ ਚੱਲ ਰਿਹਾ ਹੈ ਜਦਕਿ ਚੇਨਈ ਕੌਂਸਲੇਟ ਵਿਚ 436 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਹੈਦਰਾਬਾਦ ਕੌਂਸਲੇਟ ਵਿਚ ਇੰਟਰਵਿਊ ਲਈ ਉਡੀਕ ਸਮਾਂ 429 ਦਿਨ ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ ਵਿਖੇ 415 ਦਿਨ ਦੀ ਉਡੀਕ ਕਰਨੀ ਪੈ ਰਹੀ ਹੈ। ਇਸੇ ਦੌਰਾਨ ਹਾਲ ਹੀ ਵਿਚ ਸਾਹਮਣੇ ਆਏ ਅਧਿਐਨ ਮੁਤਾਬਕ ਕੈਲੇਫੋਰਨੀਆ, ਟੈਕਸਸ, ਨਿਊ ਜਰਸੀ, ਨਿਊ ਯਾਰਕ ਅਤੇ ਇਲੀਨੌਇ ਵਿਚ ਸਭ ਤੋਂ ਵੱਧ ਭਾਰਤੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਜਦਕਿ ਓਹਾਇਓ ਵਿਚ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਵਿਚੋਂ 16 ਫ਼ੀ ਸਦੀ ਭਾਰਤੀ ਹਨ ਅਤੇ ਮਿਸ਼ੀਗਨ ਵਿਚ ਇਹ ਅੰਕੜਾ 14 ਫ਼ੀ ਸਦੀ ਦੱਸਿਆ ਜਾ ਰਿਹਾ ਹੈ। ਟੈਨੇਸੀ, ਇੰਡਿਆਨਾ, ਜਾਰਜੀਆ ਅਤੇ ਵਿਸਕੌਨਸਿਨ ਵਿਚ ਮੌਜੂਦ ਭਾਰਤੀ ਮੂਲ ਦੇ ਲੋਕਾਂ ਵਿਚੋਂ 20 ਫੀ ਸਦੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ।
25 ਹਜ਼ਾਰ ਭਾਰਤੀ ਵੀਜ਼ਾ ਖ਼ਤਮ ਹੋਣ ਮਗਰੋਂ ਅਮਰੀਕਾ ’ਚ ਹੀ ਲਾਉਂਦੇ ਡੇਰੇ
ਇਸੇ ਦੌਰਾਨ ਮੋਹਾਲੀ ਜ਼ਿਲ੍ਹੇ ਦੇ ਪਿੰਡ ਜੌਲਾ ਖੁਰਦ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਮਨਪ੍ਰੀਤ ਕੌਰ 80 ਲੱਖ ਰੁਪਏ ਗਵਾ ਕੇ ਆਪਣੇ ਪਿੰਡ ਪਰਤ ਆਏ। ਟਰੰਪ ਵੱਲੋਂ ਡਿਪੋਰਟ ਕੀਤੇ ਪੰਜਾਬੀ ਨੌਜਵਾਨਾਂ ਵਿਚ ਸ਼ਾਮਲ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਦੇ ਇਕ ਏਜੰਟ ਰਾਹੀਂ ਅਮਰੀਕਾ ਦਾ ਸਫ਼ਰ ਸ਼ੁਰੂ ਕੀਤਾ ਅਤੇ ਵੱਖ ਵੱਖ ਮੁਲਕਾਂ ਤੋਂ ਹੁੰਦੇ ਹੋਏ 5 ਫ਼ਰਵਰੀ ਨੂੰ ਮੈਕਸੀਕੋ ਤੋਂ ਅਮਰੀਕਾ ਵਿਚ ਦਾਖਲ ਹੋਏ। ਗੁਰਪ੍ਰੀਤ ਅਤੇ ਉਸ ਦੀ ਪਤਨੀ 9 ਮਹੀਨੇ ਪਹਿਲਾਂ ਦੁਬਾਈ ਰਵਾਨਾ ਹੋਏ ਸਨ ਅਤੇ ਲੰਮੀ ਜੱਦੋ-ਜਹਿਦ ਤੋਂ ਬਾਅਦ ਹੀ ਅਮਰੀਕਾ ਦੀ ਧਰਤੀ ’ਤੇ ਕਦਮ ਰੱਖਣ ਦਾ ਮੌਕਾ ਮਿਲਿਆ ਪਰ ਐਨੇ ਲੰਮੇ ਸਮੇਂ ਦੌਰਾਨ ਸੱਤਾ ਬਦਲ ਚੁੱਕੀ ਸੀ ਅਤੇ ਜੋਅ ਬਾਇਡਨ ਦੀ ਥਾਂ ਡੌਨਲਡ ਟਰੰਪ ਰਾਸ਼ਟਰਪਤੀ ਬਣ ਗਏ। ਪੰਜਾਬ ਪੁਲਿਸ ਵਿਚ ਏ.ਐਸ.ਆਈ. ਵਜੋਂ ਤੈਨਾਤ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਧਰ ਰੂਪਨਗਰ ਦਾ ਹਰਸਿਮਰਜੀਤ ਸਿੰਘ ਵੀ ਡਿਪੋਰਟ ਹੋਣ ਵਾਲੀ ਨੌਜਵਾਨਾਂ ਵਿਚ ਸ਼ਾਮਲ ਹੈ ਜਿਸ ਮਾਪੇ ਉਸ ਨੂੰ ਅੰਮ੍ਰਿਤਸਰ ਲੈ ਕੇ ਅਣਦੱਸੀ ਮੰਜ਼ਿਲ ਵੱਲ ਰਵਾਨਾ ਹੋ ਗਏ।