ਟਰੰਪ ਨੇ ਬਰਖਾਸਤ ਕੀਤਾ ਫੌਜ ਦਾ ਚੋਟੀ ਦਾ ਅਫ਼ਸਰ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁਲਕ ਦੇ ਸਭ ਤੋਂ ਵੱਡੇ ਫੌਜੀ ਅਫ਼ਸਰ ਨੂੰ ਬਰਖਾਸਤ ਕਰ ਦਿਤਾ ਹੈ;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁਲਕ ਦੇ ਸਭ ਤੋਂ ਵੱਡੇ ਫੌਜੀ ਅਫ਼ਸਰ ਨੂੰ ਬਰਖਾਸਤ ਕਰ ਦਿਤਾ ਹੈ। ਯੂ.ਐਸ. ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਚਾਰਲਸ ਸੀ.ਕਿਊ. ਬ੍ਰਾਊਨ ਦੀ ਬਰਖਾਸਤਗੀ ਪੈਂਟਾਗਨ ਵਾਸਤੇ ਵੱਡਾ ਝਟਕਾ ਮੰਨੀ ਜਾ ਰਹੀ ਹੈ ਜੋ ਇਸ ਅਹੁਦੇ ’ਤੇ ਪੁੱਜਣ ਵਾਲੇ ਅਫ਼ਰੀਕੀ ਮੂਲ ਦੇ ਦੂਜੇ ਅਫ਼ਸਰ ਸਨ। ਜਨਰਲ ਬ੍ਰਾਊਨ ਨੇ ਏਅਰ ਫੋਰਸ ਦਾ ਮੁਖੀ ਹੁੰਦਿਆਂ 2020 ਵਿਚ ‘ਬਲੈਕ ਲਾਈਵਜ਼ ਮੈਟਰ’ ਅੰਦੋਲਨ ਦੀ ਹਮਾਇਤ ਕੀਤੀ ਸੀ ਜੋ ਪੁਲਿਸ ਅਫ਼ਸਰਾਂ ਵੱਲੋਂ ਧੌਣ ’ਤੇ ਗੋਡਾ ਰੱਖ ਕੇ ਮਾਰੇ ਗਏ ਜਾਰਜ ਫਲਾਇਡ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਆਰੰਭਿਆ ਗਿਆ।
ਪੈਂਟਗਨ ਦੇ 5,400 ਮੁਲਾਜ਼ਮ ਕੱਢਣ ਦੀ ਤਿਆਰੀ
ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਜਾਰੀ ਕਰਦਿਆਂ ਕਿਹਾ, ‘‘ਸਾਡੇ ਮੁਲਕ ਲਈ 40 ਸਾਲ ਸੇਵਾਵਾਂ ਨਿਭਾਉਣ ਵਾਲੇ ਜਨਰਲ ਚਾਰਲਸ ਸੀ.ਕਿਊ. ਬ੍ਰਾਊਨ ਦਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਉਹ ਇਕ ਸ਼ਾਨਦਾਰ ਇਨਸਾਨ ਅਤੇ ਲਾਮਿਸਾਲ ਆਗੂ ਹਨ। ਮੈਂ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਅਰਦਾਸ ਕਰਦਾ ਹਾਂ।’’ ਜਨਰਲ ਬ੍ਰਾਊਨ ਦੀ ਬਰਖਾਸਤਗੀ ਪੈਂਟਾਗਨ ਵਿਖੇ ਹੋਣ ਵਾਲੀ ਛਾਂਟੀ ਦਾ ਪਹਿਲਾ ਕਦਮ ਹੈ ਜਿਥੇ 5,400 ਤੋਂ ਵੱਧ ਸਿਵੀਲੀਅਨ ਪ੍ਰੋਬੇਸ਼ਨਰੀ ਮੁਲਾਜ਼ਮਾਂ ਨੂੰ ਕੱਢਿਆ ਜਾ ਸਕਦਾ ਹੈ ਅਤੇ ਅਗਲੇ ਸਾਲ 50 ਅਰਬ ਡਾਲਰ ਦੀਆਂ ਯੋਜਨਾਵਾਂਵਿਚ ਕਟੌਤੀ ਕੀਤੀ ਜਾ ਸਕਦੀ ਹੈ। ਟਰੰਪ ਨੇ ਅੱਗੇ ਕਿਹਾ ਕਿ ਏਅਰ ਫੋਰਸ ਦੇ ਲੈਫ਼ਟੀਨੈਂਟ ਜਨਰਲ ਡੈਨ ਕੇਨ ਨੂੰ ਨਵਾਂ ਚੇਅਰਮੈਨ ਥਾਪਿਆ ਜਾ ਰਿਹਾ ਹੈ। ਜਨਰਲ ਬ੍ਰਾਊਨ ਤੋਂ ਇਲਾਵਾ ਪੰਜ ਹੋਰਨਾਂ ਅਫ਼ਸਰਾਂ ਨੂੰ ਵੀ ਹਟਾਇਆ ਗਿਆ ਹੈ ਜਿਨ੍ਹਾਂ ਵਿਚ ਚੀਫ਼ ਆਫ਼ ਨਵਲ ਅਪ੍ਰੇਸ਼ਨਜ਼ ਐਡਮਨਿਸਟ੍ਰੇਸ਼ਨ ਲਿਜ਼ਾ ਫ੍ਰੈਂਚੈਟੀ ਅਤੇ ਏਅਰ ਫੋਰਸ ਦੇ ਵਾਇਸ ਚੀਫ਼ ਆਫ਼ ਸਟਾਫ਼ ਜਿਮ ਸਲਾਈਫ਼ ਸ਼ਾਮਲ ਹਨ।
2020 ਵਿਚ ਟਰੰਪ ਦੀ ਹਾਰ ਦਾ ਕਾਰਨ ਬਣੇ ਸਨ ਜਨਰਲ ਬ੍ਰਾਊਨ
ਇਸ ਤੋਂ ਪਹਿਲਾਂ ਟਰੰਪ ਸਰਕਾਰ ਕੋਸਟ ਗਾਰਡ ਕਮਾਂਡੈਂਟ Çਲੰਡਾ ਫੈਗਨ ਨੂੰ ਵੀ ਬਰਖਾਸਤ ਕਰ ਚੁੱਕੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ ਵੱਲੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਸੀ.ਕਿਊ ਬ੍ਰਾਊਨ ਨੂੰ ਹਟਾਉਣ ਦੇ ਸੰਕੇਤ ਦੇ ਦਿਤੇ ਗਏ ਸਨ। ਉਨ੍ਹਾਂ ਕਿਹਾ ਸੀ ਕਿ ਅਮਰੀਕੀ ਫੌਜ ਵਿਚੋਂ ਵੰਨ-ਸੁਵੰਨਤਾ ਅਤੇ ਬਰਾਬਰੀ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇਸ ਵਾਸਤੇ ਸਭ ਤੋਂ ਪਹਿਲਾਂ ਜੁਆਇੰਟ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਨੂੰ ਬਰਖਾਸਤ ਕਰਨਾ ਪੈਣਾ ਹੈ। ਇਥੇ ਦੱਸਣਾ ਬਣਦਾ ਹੈ ਕਿ ਚੇਅਰਮੈਨ ਦਾ ਅਹੁਦਾ 1949 ਵਿਚ ਸਿਰਜਿਆ ਗਿਆ ਜੋ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਦੇ ਸਲਾਹਕਾਰ ਵਜੋਂ ਕੰਮ ਕਰਦਾ ਹੈ। ਸ਼ੁੱਕਰਵਾਰ ਰਾਤ ਬਰਖਾਸਤਗੀ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਜਨਰਲ ਬ੍ਰਾਊਨ ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਦਾ ਦੌਰਾ ਕਰ ਰਹੇ ਸਨ ਅਤੇ ਜਦੋਂ ਵਾਪਸੀ ਕੀਤੀ ਤਾਂ ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ। ਅਮਰੀਕਾ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਕੌਲਿਨ ਪੌਵਲ ਨੇ 1989 ਵਿਚ ਅਫ਼ਰੀਕੀ ਮੂਲ ਦੇ ਪਹਿਲੇ ਫੌਜੀ ਅਫਸਰ ਵਜੋਂ ਚੇਅਰਮੈਨ ਦਾ ਅਹੁਦਾ ਸੰਭਾਲਣ ਦਾ ਮਾਣ ਹਾਸਲ ਕੀਤੀ ਸੀ। ਦੱਸ ਦੇਈਏ ਕਿ ਜੋਅ ਬਾਇਡਨ ਦੇ ਰਾਸ਼ਟਰਪਤੀ ਹੁੰਦਿਆਂ ਟਰੰਪ ਨੇ ਦੋਸ਼ ਲਾਇਆ ਸੀ ਕਿ ਡੈਨ ਕੇਨ ਦੀ ਤਰੱਕੀ ਜਾਣ ਬੁੱਝ ਕੇ ਰੋਕੀ ਗਈ। ਡੈਨ ਕੇਨ ਅਤੇ ਟਰੰਪ ਦੀ ਪਹਿਲੀ ਮੁਲਾਕਾਤ 2018 ਵਿਚ ਇਰਾਕ ਵਿਚ ਹੋਈ ਸੀ ਅਤੇ ਉਸ ਵੇਲੇ ਕੇਨ ਨੇ ਆਖਿਆ ਸੀ ਕਿ ਉਹ ਟਰੰਪ ਵਾਸਤੇ ਆਪਣੀ ਜਾਨ ਵਾਰ ਸਕਦੇ ਹਨ।