ਟਰੰਪ ਨੇ ਆਖ਼ਰਕਾਰ ਮੰਨਿਆ, ਪ੍ਰਵਾਸੀਆਂ ਤੋਂ ਬਗੈਰ ਅੱਗੇ ਨਹੀਂ ਵਧ ਸਕਦੇ

ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ ਕਰਨ ਮਗਰੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਹਿਲੀ ਵਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ’ਤੇ ਅਫ਼ਸੋਰ ਜ਼ਾਹਰ ਕੀਤਾ ਹੈ

Update: 2025-11-12 13:45 GMT

ਵਾਸ਼ਿੰਗਟਨ : ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ ਕਰਨ ਮਗਰੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਹਿਲੀ ਵਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ’ਤੇ ਅਫ਼ਸੋਰ ਜ਼ਾਹਰ ਕੀਤਾ ਹੈ। ਜੀ ਹਾਂ, ਰਾਸ਼ਟਰਪਤੀ ਦਾ ਦਿਲ ਪਸੀਜਦਾ ਮਹਿਸੂਸ ਹੋ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਦੇ ਮੁੱਦੇ ’ਤੇ ਪਹਿਲੀ ਵਾਰ ਨਰਮ ਰੁਖ਼ ਅਖਤਿਆਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਅੱਗੇ ਵਧਣ ਲਈ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਹੈ। ਫੌਕਸ ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਬਿਨਾਂ ਸ਼ੱਕ ਅਮਰੀਕਾ ਵਿਚ ਟੈਲੈਂਟਡ ਲੋਕਾਂ ਦੀ ਕਮੀ ਨਹੀਂ ਪਰ ਕੁਝ ਖਾਸ ਖੇਤਰਾਂ ਵਿਚ ਸਾਡੇ ਕੋਲ ਕਾਬਲ ਲੋਕਾਂ ਦੀ ਘਾਟ ਹੈ।

ਹੁਨਰਮੰਦ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਅਫ਼ਸੋਸ

ਅਮਰੀਕਾ ਦੇ ਬੇਰੁਜ਼ਗਾਰ ਲੋਕਾਂ ਨੂੰ ਮਿਜ਼ਾਈਲ ਫੈਕਟਰੀ ਵਿਚ ਨਹੀਂ ਭੇਜਿਆ ਜਾ ਸਕਦਾ ਅਤੇ ਇਹ ਜ਼ਿੰਮੇਵਾਰੀ ਅਕਾਦਮਿਕ ਪੱਖੋਂ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਹੀ ਦਿਤੀ ਜਾ ਸਕਦੀ ਹੈ। ਟਰੰਪ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜਾਰਜੀਆ ਵਿਚੋਂ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਹਟਾਏ ਜਾਣ ਦਾ ਮਾੜਾ ਅਸਰ ਸਾਹਮਣੇ ਆਇਆ ਹੈ। ਦੱਖਣੀ ਕੋਰੀਆ ਤੋਂ ਆਏ ਲੋਕ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਸਾਰੀ ਉਮਰ ਬੈਟਰੀਆਂ ਬਣਾਉਣ ਦਾ ਕੰਮ ਕੀਤਾ। ਬੈਟਰੀਆਂ ਤਿਆਰ ਕਰਨ ਦਾ ਕੰਮ ਬੇਹੱਦ ਗੁੰਝਲਦਾਰ ਅਤੇ ਖ਼ਤਰਨਾਕ ਹੈ ਅਤੇ ਦੱਖਣੀ ਕੋਰੀਆ ਵਾਲੇ ਸਥਾਨਕ ਲੋਕਾਂ ਨੂੰ ਹੁਨਰ ਸਿਖਾ ਰਹੇ ਸਨ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸਤੰਬਰ ਮਹੀਨੇ ਦੌਰਾਨ ਜਾਰਜੀਆ ਵਿਚ ਹਿਊਂਡਈ ਦੇ ਇਕ ਕਾਰਖਾਨੇ ’ਤੇ ਛਾਪਾ ਮਾਰਦਿਆਂ ਸੈਂਕੜੇ ਕੋਰੀਅਨ ਕਾਮਿਆਂ ਨੂੰ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰ ਦਿਤਾ ਸੀ।

ਇੰਟਰਨੈਸ਼ਨਲ ਸਟੂਡੈਂਟਸ ਤੋਂ ਬਗੈਰ ਬੰਦ ਹੋ ਜਾਣਗੇ ਅਮਰੀਕਾ ਦੇ ਅੱਧੇ ਕਾਲਜ

ਸਿਰਫ਼ ਐਨਾ ਹੀ ਨਹੀਂ ਐਚ-1ਬੀ ਪ੍ਰੋਗਰਾਮ ਅਧੀਨ ਅਮਰੀਕਾ ਆਉਣ ਵਾਲੇ ਕਾਮਿਆਂ ’ਤੇ ਇਕ ਲੱਖ ਡਾਲਰ ਦੀ ਫੀਸ ਵੀ ਲਾਗੂ ਕਰ ਦਿਤੀ ਜੋ ਨੇੜ ਭਵਿੱਖ ਵਿਚ ਹਟਾਈ ਜਾ ਸਕਦੀ ਹੈ। ਇੰਟਰਨੈਸ਼ਨਲ ਸਟੂਡੈਂਟਸ ਦੇ ਮੁੱਦੇ ’ਤੇ ਵੀ ਟਰੰਪ ਨੇ ਯੂ-ਟਰਨ ਲੈਂਦਿਆਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਨਾ ਸਿਰਫ਼ ਮੁਲਕ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ ਸਗੋਂ ਯੂਨੀਵਰਸਿਟੀਜ਼ ਦੀ ਆਰਥਿਕ ਹਾਲਤ ਨੂੰ ਵੀ ਸੰਭਾਲਣ ਦਾ ਕੰਮ ਕਰਦੇ ਹਨ। ਟਰੰਪ ਨੇ ਮੰਨਿਆ ਕਿ ਜੇ ਭਾਰਤ ਜਾਂ ਚੀਨ ਵਰਗੇ ਮੁਲਕਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਾਈ ਗਈ ਤਾਂ ਅਮਰੀਕਾ ਦੇ ਅੱਧੇ ਕਾਲਜ ਬੰਦ ਹੋ ਸਕਦੇ ਹਨ ਅਤੇ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਅਜਿਹਾ ਹੋਵੇ। ਚੇਤੇ ਰਹੇ ਕਿ ਟਰੰਪ ਦੇ ਹੁਕਮਾਂ ’ਤੇ ਮਈ ਮਹੀਨੇ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਦੀ ਨਵੀਂ ਵੀਜ਼ਾ ਇੰਟਰਵਿਊ ’ਤੇ ਰੋਕ ਲਾ ਦਿਤੀ ਗਈ ਸੀ। ਅਮਰੀਕਾ ਦੀਆਂ ਯੂਨੀਵਰਸਿਟੀਜ਼ ਵਿਚ ਯਹੂਦੀਆਂ ਵਿਰੁੱਧ ਹੁੰਦੇ ਰੋਸ ਵਿਖਾਵਿਆਂ ਦੇ ਮੱਦੇਨਜ਼ਰ ਦਾ ਫੈਸਲਾ ਲਿਆ ਗਿਆ ਪਰ ਇਸ ਵੇਲੇ ਟਰੰਪ ਦੀ ਸੋਚ ਪੂਰੀ ਤਰ੍ਹਾਂ ਬਦਲੀ ਹੋਈ ਮਹਿਸੂਸ ਹੋ ਰਹੀ ਹੈ।

Tags:    

Similar News