ਟਰੰਪ ਨੂੰ ਹਾਰ ਦਾ ਡਰ ਸਤਾਉਣ ਲੱਗਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਇਸ ਵਾਰ ਵੀ ਰਾਸ਼ਟਰਪਤੀ ਦੀ ਚੋਣ ਹਾਰ ਗਏ ਤਾਂ ਮੁੜ ਕਦੇ ਚੋਣ ਨਹੀਂ ਲੜਨਗੇ।;
ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਹ ਇਸ ਵਾਰ ਵੀ ਰਾਸ਼ਟਰਪਤੀ ਦੀ ਚੋਣ ਹਾਰ ਗਏ ਤਾਂ ਮੁੜ ਕਦੇ ਚੋਣ ਨਹੀਂ ਲੜਨਗੇ। ਪਿਛਲੇ 4 ਦਿਨ ਵਿਚ ਦੂਜੀ ਵਾਰ ਹੈ ਦੋਂ ਟਰੰਪ ਨੇ ਚੋਣ ਹਾਰਨ ਦਾ ਖਦਸ਼ਾ ਜ਼ਾਹਰ ਕੀਤਾ ਹੈ। ਦੂਜੇ ਪਾਸੇ ਚੋਣ ਸਰਵੇਖਣਾਂ ਵਿਚ ਕਮਲਾ ਹੈਰਿਸ ਦੀ ਲੀਡ ਵਧਦੀ ਵਧਦੀ ਜਾ ਰਹੀ ਹੈ ਅਤੇ ਸੀ.ਬੀ.ਐਸ. ਨਿਊਜ਼ ਦੇ ਸਰਵੇਖਣ ਮੁਤਾਬਕ 52 ਫ਼ੀ ਸਦੀ ਲੋਕ ਕਮਲਾ ਹੈਰਿਸ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ ਜਦਕਿ ਟਰੰਪ 48 ਫੀ ਸਦੀ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਸਿੰਕਲੇਅਰ ਮੀਡੀਆ ਗਰੁੱਪ ਨਾਲ ਇਕ ਇੰਟਰਵਿਊ ਦੌਰਾਨ ਟਰੰਪ ਨੂੰ ਪੁੱਛਿਆ ਗਿਆ ਕਿ ਜੇ ਉਹ ਹਿਸ ਵਾਰ ਕਮਲਾ ਹੈਰਿਸ ਤੋਂ ਹਾਰ ਗਏ ਤਾਂ ਕੀ 2028 ਦੀਆਂ ਚੋਣਾਂ ਵਿਚ ਦੁਬਾਰਾ ਉਮੀਦਵਾਰੀ ਚਾਹੁਣਗੇ? ਜਵਾਬ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਅਜਿਹਾ ਹੋਵੇਗਾ ਅਤੇ ਪੂਰੇ ਯਕੀਨ ਨਾਲ ਜੇਤੂ ਰਹਿਣ ਦੀ ਗੱਲ ਆਖੀ। ਪਰ ਨਾਲ ਹੀ ਇਹ ਵੀ ਕਹਿ ਦਿਤਾ ਕਿ ਹਾਰਨ ਦੀ ਸੂਰਤ ਵਿਚ ਉਹ ਅਗਲੀਆਂ ਚੋਣਾਂ ਨਹੀਂ ਲੜਨਗੇ।
4 ਦਿਨ ਵਿਚ ਦੂਜੀ ਵਾਰ ਜ਼ਾਹਰ ਕੀਤਾ ਹਾਰ ਦਾ ਖਦਸ਼ਾ
ਇਥੇ ਦਸਣਾ ਬਣਦਾ ਹੈ ਕਿ ਲਗਾਤਾਰ ਤੀਜੀ ਵਾਰ ਉਹ ਰਿਪਬਲਿਕਨ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਅਮਰੀਕਾ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਿਆਸਤਦਾਨ 2 ਵਾਰ ਰਾਸ਼ਟਰਪਤੀ ਬਣਨ ਮਗਰੋਂ ਚੋਣ ਨਹੀਂ ਲੜ ਸਕਦਾ ਅਤੇ ਅਜਿਹੇ ਵਿਚ ਜੇ ਟਰੰਪ ਜੇਤੂ ਰਹੇ ਤਾਂ ਇਹ ਉਨ੍ਹਾਂ ਦਾ ਆਖਰੀ ਕਾਰਜਕਾਲ ਹੋਵੇਗਾ। ਚੇਤੇ ਰਹੇ ਕਿ 19 ਸਤੰਬਰ ਨੂੰ ਟਰੰਪ ਨੇ ਇਜ਼ਰਾਇਲੀ ਅਮੈਰਿਕਨ ਕੌਂਸਲ ਦੇ ਇਕ ਇਵੈਂਟ ਦੌਰਾਨ ਕਿਹਾ ਸੀ ਕਿ ਜੇ ਉਹ ਚੋਣ ਹਾਰੇ ਤਾਂ ਇਸ ਦੇ ਜ਼ਿੰਮੇਵਾਰ ਯਹੂਦੀ ਹੋਣਗੇ। ਟਰੰਪ ਦੇ ਇਸ ਬਿਆਨ ਦੀ ਕਮਲਾ ਹੈਰਿਸ ਦੀ ਟੀਮ ਵੱਲੋਂ ਤਿੱਖੇ ਸ਼ਬਦਾਂ ਵਿਚ ਨੁਕਤਾਚੀਨੀ ਕੀਤੀ ਗਈ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਚੋਣ ਸਰਵੇਖਣ ਕਮਲਾ ਹੈਰਿਸ ਦੇ ਪੱਖ ਵਿਚ ਜਾ ਰਹੇ ਹਨ ਅਤੇ ਗਹਿਗੱਚ ਮੁਕਾਬਲੇ ਵਾਲੇ ਰਾਜਾਂ ਵਿਚ ਵੀ ਟਰੰਪ ਦੀ ਹਾਲਤ ਪਹਿਲਾਂ ਵਰਗੀ ਮਜ਼ਬੂਤ ਨਹੀਂ ਰਹੀ। ਐਨ.ਬੀ.ਸੀ. ਨਿਊਜ਼ ਨੈਸ਼ਨਲ ਦੇ ਸਰਵੇਖਣ ਮੁਤਾਬਕ 49 ਫੀ ਸਦੀ ਲੋਕ ਕਮਲਾ ਹੈਰਿਸ ਨੂੰ ਪਹਿਲੀ ਪਸੰਦ ਦੱਸ ਰਹੇ ਹਨ ਜਦਕਿ 44 ਫੀ ਸਦੀ ਟਰੰਪ ਦੇ ਹੱਕ ਵਿਚ ਖੜ੍ਹੇ ਹਨ।
ਕਿਹਾ, ਇਸ ਵਾਰ ਹਾਰਿਆ ਤਾਂ 2028 ਦੀ ਚੋਣ ਨਹੀਂ ਲੜਾਂਗਾ
ਇਸ ਸਰਵੇਖਣ ਵਿਚ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਗਿਆ। ਜੁਲਾਈ ਵਿਚ ਇਸੇ ਏਜੰਸੀ ਵੱਲੋਂ ਕੀਤੇ ਸਰਵੇਖਣ ਦੌਰਾਨ ਟਰੰਪ ਅੱਗੇ ਚੱਲ ਰਹੇ ਸਨ ਪਰ ਕਮਲਾ ਹੈਰਿਸ ਦੀ ਐਂਟਰੀ ਟਰੰਪ ਵਾਸਤੇ ਨੁਕਸਾਨਦੇਹ ਸਾਬਤ ਹੋਈ। ਮਾਨਸਿਕ ਅਤੇ ਸਰੀਰਕ ਸਮਰੱਥਾ ਦੇ ਮਾਮਲੇ ਵਿਚ ਵੀ ਲੋਕ ਕਮਲਾ ਹੈਰਿਸ ਨੂੰ ਤਰਜੀਹ ਦੇ ਰਹੇ ਹਨ ਅਤੇ ਟਰੰਪ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਸਖਤ ਮੁਕਾਬਲੇ ਵਾਲੇ ਰਾਜਾਂ ਵਿਚ ਕਮਲਾ ਹੈਰਿਸ ਨੂੰ ਟਰੰਪ ਤੋਂ 2 ਫੀ ਸਦੀ ਵੱਧ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ ਪਰ ਕੁਝ ਸਰਵੇਖਣ ਹਾਲੇ ਵੀ ਟਰੰਪ ਦੀ ਲੀਡ ਵੱਲ ਇਸ਼ਾਰਾ ਕਰ ਰਹੇ ਹਨ।