Trump ਨੇ ਅਮੀਰ Punjabis ਦਾ ਕੱਢਿਆ ਦੀਵਾਲਾ

ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਨੇ ਅਮੀਰ ਪੰਜਾਬੀਆਂ ਦਾ ਦੀਵਾਲਾ ਕੱਢ ਕੇ ਰੱਖ ਦਿਤਾ ਹੈ ਅਤੇ ਸਿਰ ਚੜ੍ਹਿਆ ਕਰਜ਼ਾ ਮੋੜਨਾ ਤਾਂ ਦੂਰ ਦੀ ਗੱਲ, ਕੰਪਨੀਆਂ ਦਾ ਖਰਚ ਚਲਾਉਣਾ ਔਖਾ ਹੋ ਗਿਆ ਹੈ

Update: 2026-02-03 13:45 GMT


ਸਟੌਕਟਨ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਨੇ ਅਮੀਰ ਪੰਜਾਬੀਆਂ ਦਾ ਦੀਵਾਲਾ ਕੱਢ ਕੇ ਰੱਖ ਦਿਤਾ ਹੈ ਅਤੇ ਸਿਰ ਚੜ੍ਹਿਆ ਕਰਜ਼ਾ ਮੋੜਨਾ ਤਾਂ ਦੂਰ ਦੀ ਗੱਲ, ਕੰਪਨੀਆਂ ਦਾ ਖਰਚ ਚਲਾਉਣਾ ਔਖਾ ਹੋ ਗਿਆ ਹੈ। ਜੀ ਹਾਂ, ਕੁਝ ਅਜਿਹੇ ਹੀ ਹਾਲਾਤ ਬਿਕਰਮਜੀਤ ਸਿੰਘ ਗਿੱਲ ਦੀ ਟ੍ਰਾਂਸਪੋਰਟ ਕੰਪਨੀ ਵਿਚ ਨਜ਼ਰ ਆਉਂਦੇ ਹਨ ਜਿਥੇ ਹਰ ਵੇਲੇ ਟਰੱਕਾਂ ਦੇ ਇੰਜਣ ਗੜਕਣ ਦੀ ਆਵਾਜ਼ ਸੁਣਦੀ ਸੀ ਪਰ ਹੁਣ ਸੁੰਨ ਪਸਰੀ ਹੋਈ ਹੈ। ਬਿਕਰਮਜੀਤ ਗਿੱਲ ਦੇ 35 ਡਰਾਈਵਰਾਂ ਦੇ ਲਾਇਸੰਸ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ ਨੇ ਰੱਦ ਕਰ ਦਿਤੇ ਅਤੇ ਨਵੇਂ ਡਰਾਈਵਰ ਮਿਲ ਨਹੀਂ ਰਹੇ। ਗਿਲਸਨ ਟ੍ਰਕਿੰਗ ਇਨਕਾਰਪੋਰੇਸ਼ਨ ਦੇ ਮਾਲਕ ਦਾ ਕਹਿਣਾ ਹੈ ਕਿ ਪਿਛਲੇ 4 ਮਹੀਨੇ ਦੌਰਾਨ 2 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਖੜ੍ਹੇ ਟਰੱਕਾਂ ਦੀਆਂ ਕਿਸ਼ਤਾਂ ਅਤੇ ਬੀਮੇ ਦੀ ਰਕਮ ਵਜੋਂ 2 ਲੱਖ ਡਾਲਰ ਹਰ ਮਹੀਨੇ ਦੇਣੇ ਪੈ ਰਹੇ ਹਨ।

ਇੰਮੀਗ੍ਰੇਸ਼ਨ ਨੀਤੀਆਂ ਨੇ ਕਾਰੋਬਾਰ ਕੀਤੇ ਠੱਪ

ਗਿਲਸਨ ਟ੍ਰਕਿੰਗ ਦਾ ਮਾੜਾ ਦੌਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਿਛਲੇ ਸਾਲ ਸਤੰਬਰ ਦੌਰਾਨ ਟਰੰਪ ਸਰਕਾਰ ਨੇ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਕੱਚੇ ਡਰਾਈਵਰਾਂ ਦੇ ਸੀ.ਡੀ.ਐਲ. ਰੱਦ ਕਰਨ ਦਾ ਸਿਲਸਿਲਾ ਆਰੰਭਿਆ। ਕੈਲੇਫੋਰਨੀਆ ਦੇ ਕੁਲ ਟਰੱਕ ਡਰਾਈਵਰਾਂ ਵਿਚੋਂ 35 ਫ਼ੀ ਸਦੀ ਪੰਜਾਬੀ ਹਨ ਅਤੇ ਇਥੇ 17 ਹਜ਼ਾਰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਹੋਣ ਮਗਰੋਂ ਹਾਲਾਤ ਬੇਕਾਬੂ ਹੋਣ ਲੱਗੇ। ਕਿਸੇ ਵੇਲੇ ਟ੍ਰਾਂਸਪੋਰਟੇਸ਼ਨ ਸੈਕਟਰ ਰਾਹੀਂ ਮੋਟੀ ਕਮਾਈ ਕਰ ਰਹੇ ਪੰਜਾਬੀ ਕਰਜ਼ੇ ਵਿਚ ਡੁੱਬ ਚੁੱਕੇ ਹਨ ਅਤੇ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ। ਕੈਲੇਫੋਰਨੀਆ ਦੇ ਡਿਪਾਰਟਮੈਂਟ ਆਫ਼ ਮੋਟਰ ਵ੍ਹੀਕਲਜ਼ ਦੇ ਬੁਲਾਰੇ ਜੌਨਾਥਕ ਗਰੋਵਮੈਨ ਨੇ ਉਮੀਦ ਜ਼ਾਹਰ ਕੀਤੀ ਕਿ ਟਰੰਪ ਸਰਕਾਰ ਸਹੀ ਰਾਹ ਅਖਤਿਆਰ ਕਰਦਿਆਂ ਯੋਗ ਡਰਾਈਵਰਾਂ ਨੂੰ ਮੁੜ ਸੀ.ਡੀ.ਐਲ. ਜਾਰੀ ਕਰਨ ਦੀ ਇਜਾਜ਼ਤ ਦੇਵੇਗੀ ਪਰ ਦੂਜੇ ਪਾਸੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਦਾ ਕਹਿਣਾ ਹੈ ਕਿ ਖ਼ਤਰਨਾਕ ਡਰਾਈਵਿੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਸੀ.ਡੀ.ਐਲ. ਸਿੱਧੇ ਤੌਰ ’ਤੇ ਰੱਦ ਕੀਤੇ ਜਾਣ ਅਤੇ ਅਜਿਹਾ ਨਾ ਹੋਣ ’ਤੇ ਕੈਲੇਫੋਰਨੀਆ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ’ਤੇ ਰੋਕ ਜਾਰੀ ਰਹੇਗੀ। ਇੰਮੀਗ੍ਰੇਸ਼ਨ ਸਖ਼ਤੀ ਦਾ ਅਸਰ ਟ੍ਰਾਂਸਪੋਰਟੇਸ਼ਨ ਸੈਕਟਰ ਵਿਚ ਮੌਜੂਦ ਹਰ ਤਬਕੇ ’ਤੇ ਪਿਆ ਹੈ। ਹਜ਼ਾਰਾਂ ਡਰਾਈਵਰ ਬਦਲਵੇਂ ਕਿੱਤਿਆਂ ਵੱਲ ਜਾਣ ਲਈ ਮਜਬੂਰ ਹਨ ਜਦਕਿ ਟ੍ਰਾਂਸਪੋਰਟੇਸ਼ਨ ਕੰਪਨੀਆਂ ਨੂੰ ਵੱਖਰੀਆਂ ਔਕੜਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਕੈਲੇਫੋਰਨੀਆ ਮੈਟਰਜ਼ ਦੀ ਰਿਪੋਰਟ ਮੁਤਾਬਕ ਨੌਰਕ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਰਮਨ ਢਿੱਲੋਂ ਦਾ ਕਹਿਣਾ ਸੀ ਕਿ ਹਰ ਨੌਨ ਡੌਮੀਸਾਈਲ ਡਰਾਈਵਰ ਨੂੰ ਕੰਮ ਨਹੀਂ ਮਿਲ ਰਿਹਾ। ਕਈ ਕੰਪਨੀਆਂ ਇਨ੍ਰਾਂ ਨੂੰ ਭਰਤੀ ਕਰਨ ਤੋਂ ਹੱਥ ਖੜ੍ਹੇ ਕਰ ਚੁੱਕੀਆਂ ਹਨ। ਇਥੋਂ ਤੱਕ ਕਿ ਨੌਨ ਡੌਮੀਸਾਈਲ ਡਰਾਈਵਰ ਵਾਲੇ ਟਰੱਕ ਨੂੰ ਲੋਡ ਹੀ ਨਹੀਂ ਮਿਲਦਾ। ਬਿਕਰਮਜੀਤ ਸਿੰਘ ਗਿੱਲ ਅਤੇ ਹਰਸਿਮਰਨ ਸਿੰਘ ਨੇ 18-18 ਘੰਟੇ ਕੰਮ ਕਰਦਿਆਂ ਜਿਹੜੀ ਕੰਪਨੀ ਖੜ੍ਹੀ ਕੀਤੀ, ਹੁਣ ਉਹ ਡਾਵਾਂਡੋਲ ਮਹਿਸੂਸ ਹੋ ਰਹੀ ਹੈ। 2010 ਵਿਚ ਟ੍ਰਾਂਸਪੋਰਟ ਸੈਕਟਰ ਵਿਚ ਕਦਮ ਰੱਖਣ ਮਗਰੋਂ ਇਸ ਵੇਲੇ ਤਕਰੀਬਨ 200 ਟਰੱਕ ਕੰਪਨੀ ਕੋਲ ਮੌਜੂਦ ਹਨ। ਬਿਕਰਮਜੀਤ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੂਬਾ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਹੀ ਪ੍ਰਵਾਸੀ ਡਰਾਈਵਰਾਂ ਨੂੰ ਭਰਤੀ ਕੀਤਾ। ਕਾਨੂੰਨ ਕਹਿੰਦਾ ਹੈ ਕਿ ਜਿਹੜੇ ਪ੍ਰਵਾਸੀ ਕੋਲ ਕੰਮ ਕਰਨ ਦਾ ਹੱਕ ਹੈਅਤੇ ਜਾਇਜ਼ ਲਾਇਸੰਸ ਮੌਜੂਦ ਹੈ ਤਾਂ ਉਸ ਨੂੰ ਭਰਤੀ ਕੀਤਾ ਜਾ ਸਕਦਾ ਹੈ। ਹਜ਼ਾਰਾਂ ਸੀ.ਡੀ.ਐਲ. ਰੱਦ ਹੋਣ ਮਗਰੋਂ ਬਿਕਰਮਜੀਤ ਗਿੱਲ ਦੇ 100 ਟਰੱਕ ਪਾਰਕਿੰਗ ਲੌਟ ਵਿਚ ਖੜ੍ਹੇ ਰਹਿ ਗਏ। ਉਨ੍ਹਾਂ ਵੱਲੋਂ ਗਰੀਨ ਕਾਰਡ ਹੋਲਡਰ ਜਾਂ ਯੂ.ਐਸ. ਸਿਟੀਜ਼ਨ ਡਰਾਈਵਰਾ ਨੂੰ ਭਰਤੀ ਕੀਤਾ ਜਾ ਰਿਹਾ ਹੈ ਕਿਉਂਕਿ ਨੌਨ ਡੌਮੀਸਾਈਲ ਡਰਾਈਵਰ ਕੈਲੇਫੋਰਨੀਆ ਤੋਂ ਬਾਹਰ ਜਾਣ ਤੋਂ ਘਬਰਾਉਂਦੇ ਹਨ।

ਸਭ ਤੋਂ ਵੱਧ ਅਸਰ ਟ੍ਰਾਂਸਪੋਰਟ ਸੈਕਟਰ ’ਤੇ ਪਿਆ

ਹਾਲ ਹੀ ਵਿਚ ਮਿਨੇਸੋਟਾ ਵਿਖੇ ਉਨ੍ਹਾਂ ਦਾ ਟਰੱਕ ਡਰਾਈਵਰ ਆਈਸ ਵਾਲਿਆਂ ਨੇ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਫਰਿਜ਼ਨੋ ਦੀ ਟ੍ਰਕਿੰਗ ਕੰਪਨੀ ਦੇ ਮਾਲਕ ਤੇਜਿੰਦਰ ਸਿੰਘ ਮਹਿਤਾ ਵੀ ਚੁਣੌਤੀਆਂ ਦਾ ਟਾਕਰਾ ਕਰ ਰਹੇ ਹਨ। ਤੇਜਿੰਦਰ ਸਿੰਘ ਕੋਲ 75 ਟਰੱਕਾਂ ਦਾ ਕਾਫ਼ਲਾ ਮੌਜੂਦ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਸੀ.ਡੀ.ਐਲ. ਰੱਦ ਹੋਣ ਨਾਲ ਸਿਰਫ਼ ਡਰਾਈਵਰ ਪ੍ਰਭਾਵਤ ਨਹੀਂ ਹੋਏ ਸਗੋਂ ਡਿਸਪੈਚਰ, ਬ੍ਰੋਕਰ, ਫ਼ਾਰਮ ਵਰਕਰ ਅਤੇ ਹੋਰ ਪਤਾ ਨਹੀਂ ਕਿੰਨੇ ਲੋਕਾਂ ’ਤੇ ਅਸਰ ਪਿਆ ਹੈ। ਤੇਜਿੰਦਰ ਮੁਤਾਬਕ ਸਿਰਫ਼ ਸੈਂਟਰਲ ਵੈਲੀ ਵਿਚ 17 ਹਜ਼ਾਰ ਸੀ.ਡੀ.ਐਲ. ਰੱਦ ਮਗਰੋਂ 2 ਲੱਖ ਲੋਕਾਂ ਦੇ ਰੁਜ਼ਗਾਰ ’ਤੇ ਅਸਰ ਪਿਆ। ਦੱਸ ਦੇਈਏ ਕਿ ਅਮਰੀਕਾ ਵਿਚ ਤਕਰੀਬਨ ਡੇਢ ਲੱਖ ਪੰਜਾਬੀ ਟ੍ਰਾਂਸਪੋਰਟ ਸੈਕਟਰ ਵਿਚ ਕੰਮ ਕਰਦੇ ਹਨ ਅਤੇ ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ ਡਰਾਈਵਰਾਂ ਦੀ ਹੈ। ਫ਼ਲੋਰੀਡਾ ਵਿਚ ਹਰਜਿੰਦਰ ਸਿੰਘ ਦੇ ਟਰੱਕ ਨਾਲ ਵਾਪਰਿਆ ਹਾਦਸਾ ਐਨਾ ਚਰਚਾ ਵਿਚ ਆਇਆ ਕਿ ਸਿੱਖ ਡਰਾਈਵਰਾਂ ਦੇ ਟਰੱਕਾਂ ’ਤੇ ਹਮਲੇ ਹੋਣ ਲੱਗੇ। ਇਸ ਮਗਰੋਂ ਜਸ਼ਨਪ੍ਰੀਤ ਸਿੰਘ ਦੇ ਟਰੱਕ ਨਾਲ ਵਾਪਰੇ ਹਾਦਸੇ ਨੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ। ਇਸੇ ਦੌਰਾਨ ਬਿਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਡਰਈਵਰਾਂ ਨੇ ਘਰ ਖਰੀਦੇ ਹੋਏ ਹਨ ਅਤੇ ਪਰਵਾਰ ਨਾਲ ਰਹਿੰਦੇ ਹਨ। 8 ਹਜ਼ਾਰ ਡਾਲਰ ਮਹੀਨਾ ਕਮਾਉਣ ਵਾਲੇ ਇਨਸਾਨ ਦੀ ਕਮਾਈ ਵਿਚ ਅਚਨਚੇਤ ਆਈ ਕਮੀ ਪਰਵਾਰ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਦਿਲਚਸਪ ਤੱਥ ਇਹ ਹੈ ਕਿ ਤੇਜਿੰਦਰ ਸਿੰਘ ਮਹਿਤਾ ਟਰੰਪ ਦੇ ਹਮਾਇਤੀ ਹਨ ਅਤੇ ਹੁਣ ਵੀ ਟਰੰਪ ਉਨ੍ਹਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਕੋਈ ਵੀ ਨੀਤੀ ਲਾਗੂ ਕਰਨ ਤੋਂ ਪਹਿਲਾਂ ਡੂੰਘਾਈ ਨਾਲ ਇਸ ਦੇ ਅਸਰਾਂ ਨੂੰ ਸਮਝਣਾ ਚਾਹੀਦਾ ਹੈ ਜਿਸ ਦਾ ਫ਼ਾਇਦਾ ਪੂਰੇ ਮੁਲਕ ਨੂੰ ਹੋਵੇਗਾ।

Tags:    

Similar News