ਨਾਰਵੇ ’ਚ ਮਿਲਿਆ ‘ਚਿੱਟੇ ਸੋਨੇ’ ਦਾ ਖ਼ਜ਼ਾਨਾ, ਦੇਖੋ, ਕਿਸ ਕੰਮ ਆਉਂਦੀ ਦੁਰਲੱਭ ਧਾਤ

ਨਾਰਵੇ ਵਿਚ ਰੇਅਰ ਅਰਥ ਐਲੀਮੈਂਟਸ ਯਾਨੀ ਆਰਈਈ ਦਾ ਸਭ ਤੋਂ ਵੱਡਾ ਭੰਡਾਰ ਮਿਲਿਆ ਏ ਜੋ ਦੁਨੀਆ ਵਿਚੋਂ ਚੀਨ ਦੇ ਦਬਦਬੇ ਨੂੰ ਖਤਮ ਕਰ ਸਕਦਾ ਏ। ਜਿਨ੍ਹਾਂ ਦੀ ਵਰਤੋਂ ਇਲੈਕਟ੍ਰਿਕ ਵਾਹਨ ਅਤੇ ਸਟੀਕ ਗਾਈਡਡ ਮਿਜ਼ਾਇਲ ਸਿਸਟਮ ਵਰਗੀਆਂ ਮਹੱਤਵਪੂਰਨ ਚੀਜ਼ਾਂ ਵਿਚ ਕੀਤੀ ਜਾਂਦੀ ਐ।

Update: 2024-06-15 12:10 GMT

ਓਸਲੋ :ਯੂਰਪੀ ਦੇਸ਼ ਨਾਰਵੇ ਵਿਚ ਰੇਅਰ ਅਰਥ ਐਲੀਮੈਂਟਸ ਦੇ ਸਭ ਤੋਂ ਵੱਡੇ ਭੰਡਾਰ ਦੀ ਖੋਜ ਕੀਤੀ ਗਈ ਐ, ਜਿਸ ਨੂੰ ਚਿੱਟਾ ਸੋਨਾ ਵੀ ਕਿਹਾ ਜਾਂਦੈ। ਇਸ ਨਾਲ ਦੁਨੀਆ ’ਤੇ ਚੀਨ ਦਾ ਦਬਦਬਾ ਖ਼ਤਮ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਦੇਸ਼ ਚੀਨ ਤੋਂ ਹੀ ਇਸ ਨੂੰ ਖ਼ਰੀਦਦੇ ਨੇ। ਨਾਰਵੇ ਸਰਕਾਰ ਦਾ ਕਹਿਣਾ ਏ ਕਿ ਉਸ ਦੇ ਹੱਥ ਦੁਨੀਆ ਨੂੰ ਬਦਲ ਕੇ ਰੱਖ ਦੇਣ ਵਾਲੀ ਸੰਪਤੀ ਲੱਗੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੀ ਹੁੰਦਾ ਏ ਰੇਅਰ ਅਰਥ ਐਲੀਮੈਂਟਸ ਅਤੇ ਕਿਸ ਕੰਮ ਵਿਚ ਹੁੰਦੀ ਐ ਇਸ ਦੀ ਵਰਤੋਂ?

ਨਾਰਵੇ ਵਿਚ ਰੇਅਰ ਅਰਥ ਐਲੀਮੈਂਟਸ ਯਾਨੀ ਆਰਈਈ ਦਾ ਸਭ ਤੋਂ ਵੱਡਾ ਭੰਡਾਰ ਮਿਲਿਆ ਏ ਜੋ ਦੁਨੀਆ ਵਿਚੋਂ ਚੀਨ ਦੇ ਦਬਦਬੇ ਨੂੰ ਖਤਮ ਕਰ ਸਕਦਾ ਏ। ਆਰਈਈ ਜ਼ਮੀਨ ਵਿਚ ਪਾਏ ਜਾਣ ਵਾਲੇ ਉਨ੍ਹਾਂ ਦੁਰਲੱਭ ਤੱਤਾਂ ਨੂੰ ਕਿਹਾ ਜਾਂਦਾ ਏ, ਜਿਨ੍ਹਾਂ ਦੀ ਵਰਤੋਂ ਇਲੈਕਟ੍ਰਿਕ ਵਾਹਨ, ਪੌਣ ਚੱਕੀ ਅਤੇ ਸਟੀਕ ਗਾਈਡਡ ਮਿਜ਼ਾਇਲ ਸਿਸਟਮ ਵਰਗੀਆਂ ਮਹੱਤਵਪੂਰਨ ਚੀਜ਼ਾਂ ਵਿਚ ਕੀਤੀ ਜਾਂਦੀ ਐ।

ਇਸ ਵਿਚ ਯਾਟ੍ਰਿਅਮ ਅਤੇ ਨਿਓਡੀਮਿਯਮ ਸਮੇਤ 15 ਤਰ੍ਹਾਂ ਦੇ ਦੁਰਲੱਭ ਤੱਤ ਪਾਏ ਜਾਂਦੇ ਨੇ। ਯਾਟ੍ਰਿਅਮ ਦੇ ਚਲਦਿਆਂ ਹੀ ਇਸ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਏ। ਮੌਜੂਦਾ ਸਮੇਂ ਦੁਨੀਆ ਦੇ ਸੰਪੂਰਨ ਆਰਈਈ ਦਾ 60 ਫ਼ੀਸਦੀ ਇਕੱਲੇ ਚੀਨ ਤੋਂ ਨਿਕਲਦਾ ਏ, ਜਦਕਿ ਸੋਧਣ ਤੋਂ ਬਾਅਦ ਇਸ ਦਾ ਹਿੱਸਾ ਵਧ ਕੇ 90 ਫ਼ੀਸਦੀ ਹੋ ਜਾਂਦਾ ਏ। ਯੂਰਪੀ ਸੰਘ ਦੇ ਆਰਈਈ ਦਾ 98 ਫ਼ੀਸਦੀ ਅਤੇ ਅਮਰੀਕਾ ਦਾ 80 ਫ਼ੀਸਦੀ ਚੀਨ ਤੋਂ ਆਉਂਦਾ ਏ ਜੋ ਵਾਸ਼ਿੰਗਟਨ ਅਤੇ ਬ੍ਰਸੇਲਸ ਦੇ ਲਈ ਰਾਸ਼ਟਰੀ ਸੁਰੱਖਿਆ ਦਾ ਵਿਸ਼ਾ ਏ।

ਰਿਪੋਰਟ ਮੁਤਾਬਕ ਓਸਲੋ ਤੋਂ ਲਗਭਗ 112 ਕਿਲੋਮੀਟਰ ਦੱਖਣ ਪੱਛਮ ਵਿਚ ਸਥਿਤ ਫੇਨ ਕਾਰਬੋਨੇਟਾਈਟ ਕੰਪਲੈਕਸ ਵਿਚ ਲਗਭਗ 8.8 ਮੈਗਾਟਨ ਦੁਰਲੱਭ ਮ੍ਰਦਾ ਆਕਸਾਈਡ ਹੋਣ ਦਾ ਅਨੁਮਾਨ ਐ। ਮੰਨਿਆ ਜਾ ਰਿਹਾ ਏ ਕਿ ਇਸ ਵਿਚ 1.5 ਮੈਗਾਟਨ ਦੁਰਲੱਭ ਚੁੰਬਕੀ ਅਰਥ ਆਕਸਾਈਡ ਐ ਜੋ ਪੌਣ ਚੱਕੀ ਅਤੇ ਇਲੈਕਟ੍ਰਿਕ ਵਾਹਨਾਂ ਲਈ ਮਹੱਤਵਪੂਰਨ ਐ। ਰੇਅਰ ਅਰਥ ਨਾਰਵੇ ਦਾ ਕਹਿਣਾ ਏ ਕਿ 2030 ਤੋਂ ਪਹਿਲੇ ਮਾਈਨਿੰਗ ਪੜਾਅ ਨੂੰ ਵਿਕਸਤ ਕਰਨ ਦੇ ਲਈ 94.3 ਅਰਬ ਡਾਲਰ ਦੇ ਨਿਵੇਸ਼ ਸਬੰਧੀ ਫ਼ੈਸਲੇ ਲੈਣ ਦੀ ਲੋੜ ਐ।

ਇਸੇ ਸਾਲ 23 ਮਈ ਨੂੰ ਯੂਰਪੀ ਸੰਘ ਨੇ ਬਾਹਰੀ ਸਪਲਾਈਕਰਤਾਵਾ ’ਤੇ ਨਿਰਭਰਤਾ ਘੱਟ ਕਰਨ ਲਹੀ ਇਕ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਐ, ਜਿਸ ਦੇ ਤਹਿਤ ਮਹੱਤਵਪੂਰਨ ਕੱਚੇ ਮਾਲ ਦੀ ਸਾਲਾਨਾ ਖ਼ਪਤ ਦਾ 10 ਫ਼ੀਸਦੀ ਘਰੇਲੂ ਪੱਧਰ ਹਾਸਲ ਕਰਨ ਲਈ ਕਿਹਾ ਗਿਆ ਏ। ਕਾਨੂੰਨ ਵਿਚ ਇਹ ਵੀ ਜ਼ਰੂਰੀ ਕੀਤਾ ਗਿਆ ਏ ਕਿ ਕਿਸੇ ਰਣਨੀਤਕ ਕੱਚੇ ਮਾਲ ਦਾ 65 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਕਿਸੇ ਤੀਜੇ ਦੇਸ਼ ਤੋਂ ਨਹੀਂ ਆ ਸਕਦਾ।

ਚੀਨ ਨੇ ਹਾਲ ਹੀ ਵਿਚ ਰਣਨੀਤਕ ਧਾਤਾਂ ’ਤੇ ਆਪਣੇ ਕੰਟਰੋਲ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਐ। ਬੀਤੇ ਸਾਲ ਬੀਜਿੰਗ ਨੇ ਰਣਨੀਤਕ ਰੇਅਰ ਅਰਥ ਐਲੀਮੈਂਟਸ ਦੇ ਨਿਰਯਾਤ ’ਤੇ ਰਿਪੋਰਟਿੰਗ ਨੂੰ ਸਖ਼ਤ ਕਰ ਦਿੱਤਾ ਸੀ। ਇਸ ਨੂੰ ਸੈਮੀਕੰਡਕਟਰ ਅਤੇ ਚਿਪ ਬਣਾਉਣ ਵਾਲੇ ਉਪਕਰਨਾਂ ’ਤੇ ਅਮਰੀਕੀ ਪਾਬੰਦੀਆਂ ਦੇ ਜਵਾਬ ਵਜੋਂ ਦੇਖਿਆ ਗਿਆ ਸੀ।

ਦੱਸ ਦਈਏ ਕਿ ਰੇਅਰ ਅਰਥ ਐਲੀਮੈਂਟਸ 17 ਧਾਤਾਂ ਦਾ ਇਕ ਸਮੂਹ ਐ, ਜਿਸ ਵਿਚ ਯਾਟ੍ਰਿਅਮ ਅਤੇ ਸਕੈਂਡੀਅਮ ਵੀ ਸ਼ਾਮਲ ਐ। ਰੇਅਰ ਅਰਥ ਐਲੀਮੈਂਟ 200 ਤੋਂ ਜ਼ਿਆਦਾ ਉਤਪਾਦਾਂ ਲਈ ਬੇਹੱਦ ਜ਼ਰੂਰੀ ਐ, ਜਿਨ੍ਹਾਂ ਵਿਚ ਮੋਬਾਇਲ ਫ਼ੋਨ, ਕੰਪਿਊਟਰ, ਹਾਰਡ ਡਰਾਈਵ, ਇਲੈਕਟ੍ਰਿਕ ਅਤੇ ਹਾਈਬ੍ਰਿਡ ਗੱਡੀਆਂ ਅਤੇ ਐਲਈਡੀ ਸਕਰੀਨਾਂ ਅਤੇ ਟੈਲੀਵਿਜ਼ਨ ਸ਼ਾਮਲ ਨੇ। ਇਸ ਦੇ ਨਾਲ ਹੀ ਇਸ ਦੀ ਵਰਤੋਂ ਰੱਖਿਆ ਯੰਤਰਾਂ ਜਿਵੇਂ ਇਲੈਕਟ੍ਰਾਨਿਕ ਡਿਸਪਲੇਅ, ਮਾਰਗਦਰਸ਼ਨ ਪ੍ਰਣਾਲੀ, ਲੇਜ਼ਰ ਰਾਡਾਰ ਅਤੇ ਸੋਨਾਰ ਸਿਸਟਮ ਵਿਚ ਵੀ ਕੀਤੀ ਜਾਂਦੀ ਐ। 

Tags:    

Similar News