ਅਮਰੀਕਾ ਵਿਚੋਂ ਹਜ਼ਾਰਾਂ ਪੰਜਾਬੀਆਂ ਦਾ ਜੁੱਲੀ-ਬਿਸਤਰਾ ਗੋਲ

ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਅਮਰੀਕਾ ਵਿਚੋਂ ਜੁੱਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿਤਾ ਹੈ

Update: 2025-10-18 11:19 GMT

ਕੈਲੇਫੋਰਨੀਆ : ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਅੱਗੇ ਹਜ਼ਾਰਾਂ ਪੰਜਾਬੀਆਂ ਦੇ ਹੌਸਲੇ ਪਸਤ ਹੋ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਅਮਰੀਕਾ ਵਿਚੋਂ ਜੁੱਲੀ ਬਿਸਤਰਾ ਗੋਲ ਕਰਨਾ ਸ਼ੁਰੂ ਕਰ ਦਿਤਾ ਹੈ। ਹਰ ਵੇਲੇ ਮਨ ਵਿਚ ਡਰ ਲੈ ਕੇ ਜਿਊਣਾ ਸੌਖਾ ਨਹੀਂ ਜਿਸ ਨੂੰ ਵੇਖਦਿਆਂ ਕੁਝ ਟੋਲੀਆਂ ਕੈਨੇਡਾ ਦਾ ਬਾਰਡਰ ਟੱਪਣ ਦੀ ਯੋਜਨਾ ਬਣਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਕੱਲੇ ਕੈਲੇਫੋਰਨੀਆ ਸੂਬੇ ਤੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਤਕਰੀਬਨ 3,400 ਪ੍ਰਵਾਸੀ ਭਾਰਤ ਦਾ ਜਹਾਜ਼ ਚੜ੍ਹ ਗਏ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਅੰਕੜਾ ਕਈ ਗੁਣਾ ਵਧ ਸਕਦਾ ਹੈ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਤੋਂ ਸੰਕੇਤ ਆਉਣੇ ਸ਼ੁਰੂ ਹੋ ਚੁੱਕੇ ਹਨ ਕਿ ਅਸਾਇਲਮ ਕਲੇਮਜ਼ ਵਿਚੋਂ ਸਿਰਫ਼ ਚੋਣਵੀਆਂ ਅਰਜ਼ੀਆਂ ’ਤੇ ਵਿਚਾਰ ਹੋਵੇਗਾ ਅਤੇ ਜ਼ਿਆਦਾਤਰ ਰੱਦ ਕੀਤੀਆਂ ਜਾ ਸਕਦੀਆਂ ਹਨ।

ਕੈਲੇਫੋਰਨੀਆ ਤੋਂ 3,400 ਜਣੇ ਚੜ੍ਹੇ ਭਾਰਤ ਦਾ ਜਹਾਜ਼

ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਉਤੇ ਸਭ ਤੋਂ ਵੱਧ ਮਾਰ ਪਵੇਗੀ ਪਰ ਵਿਜ਼ਟਰ ਵੀਜ਼ਾ ’ਤੇ ਅਮਰੀਕਾ ਪੁੱਜਣ ਮਗਰੋਂ ਪਨਾਹ ਦਾ ਦਾਅਵਾ ਕਰਨ ਵਾਲਿਆਂ ਨੂੰ ਰਾਹਤ ਮਿਲ ਸਕਦੀ ਹੈ। ਇੰਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅਮਰਜੀਤ ਸਿੰਘ ਦੀ ਮਿਸਾਲ ਦਿਤੀ ਜਿਨ੍ਹਾਂ ਦਾ ਗਰੀਨ ਕਾਰਡ ਰੱਦ ਕਰ ਦਿਤਾ ਗਿਆ ਅਤੇ ਹੁਣ ਉਹ ਅਮਰੀਕਾ ਛੱਡ ਰਹੇ ਹਨ। ਦੂਜੇ ਪਾਸੇ ਸਿਰਫ਼ ਅਸਾਇਲਮ ਕਲੇਮ ’ਤੇ ਵਰਕ ਪਰਮਿਟ ਹਾਸਲ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ ਅਤੇ ਉਨ੍ਹਾਂ ਵਾਸਤੇ ਅਮਰੀਕਾ ਵਿਚ ਜ਼ਿੰਦਗੀ ਲੰਘਾਉਣੀ ਬੇਹੱਦ ਮੁਸ਼ਕਲ ਹੋਵੇਗੀ। ਇਨ੍ਹਾਂ ਹਾਲਾਤ ਨੂੰ ਵੇਖਦਿਆਂ ਪੰਜਾਬ ਵਾਪਸੀ ਕਰਨ ਜਾਂ ਕੈਨੇਡਾ ਦਾਖਲ ਹੋਣ ਤੋਂ ਸਿਵਾਏ ਕੋਈ ਰਾਹ ਬਾਕੀ ਨਹੀਂ ਬਚਦਾ। ਇਸੇ ਦੌਰਾਨ ਐਚ-1ਬੀ ਵੀਜ਼ਾ ’ਤੇ ਅਮਰੀਕਾ ਵਿਚ ਕਦਮ ਰਖਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲਿਆਂ ਨੇ ਵੀ ਦੱਖਣ ਭਾਰਤ ਦੇ ਸ਼ਹਿਰਾਂ ਵਿਚ ਵਸੇਬੇ ਦਾ ਰਾਹ ਤਲਾਸ਼ਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਗਰੀਨ ਦੇ ਰਾਹ ਬੰਦ ਹੋ ਚੁੱਕੇ ਹਨ। ਘੱਟੋ ਘੱਟ 2028 ਤੱਕ ਭਾਰਤੀ ਲੋਕ ਗਰੀਨ ਕਾਰਡ ਲਾਟਰੀ ਵਿਚ ਸ਼ਾਮਲ ਨਹੀਂ ਹੋ ਸਕਦੇ।

ਟਰੰਪ ਸਰਕਾਰ ਅਸਾਇਲਮ ਕਲੇਮ ਰੱਦ ਕਰਨ ਦੀ ਤਿਆਰੀ ਵਿਚ

ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਜਿਹੜੇ ਮੁਲਕ ਤੋਂ ਪਿਛਲੇ ਪੰਜ ਸਾਲ ਦੌਰਾਨ 50 ਹਜ਼ਾਰ ਤੋਂ ਵੱਧ ਪ੍ਰਵਾਸੀ ਅਮਰੀਕਾ ਪੁੱਜੇ ਹੋਣ ਉਸ ਮੁਲਕ ਨੂੰ ਲਾਟਰੀ ਵਿਚੋਂ ਬਾਹਰ ਕੱਢ ਦਿਤਾ ਜਾਂਦਾ ਹੈ। ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ 2021 ਵਿਚ 93,450 ਭਾਰਤੀਆਂ ਨੇ ਅਮਰੀਕਾ ਪ੍ਰਵਾਸ ਕੀਤਾ ਅਤੇ 2022 ਵਿਚ ਇਹ ਅੰਕੜਾ ਵਧ 1 ਲੱਖ 27 ਹਜ਼ਾਰ ਹੋ ਗਿਆ। 2023 ਦੌਰਾਨ 78 ਹਜ਼ਾਰ ਪ੍ਰਵਾਸੀਆਂ ਨੇ ਕੰਮਕਾਜ ਦੇ ਮਕਸਦ ਨਾਲ ਅਮਰੀਕਾ ਦੀ ਧਰਤੀ ’ਤੇ ਕਦਮ ਰੱਖਿਆ। ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਅੰਕੜਾ 20 ਹਜ਼ਾਰ ਤੋਂ ਉਤੇ ਰਿਹਾ ਅਤੇ ਹੁਣ ਡਿਪੋਰਟੇਸ਼ਨ ਦਾ ਸਭ ਤੋਂ ਵੱਧ ਖ਼ਤਰਾ ਇਨ੍ਹਾਂ ਉਪਰ ਹੀ ਮੰਡਰਾਅ ਰਿਹਾ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਅਮਰੀਕਾ ਵਿਚ ਪੱਕੇ ਹੋਣ ਦੇ ਰਾਹ ਪਹਿਲਾਂ ਹੀ ਘੱਟ ਸਨ ਪਰ ਹੁਣ ਵਿਆਹ ਤੋਂ ਇਲਾਵਾ ਕੋਈ ਵੀ ਰਾਹ ਭਾਰਤੀਆਂ ਨੂੰ ਰਾਸ ਨਹੀਂ ਆ ਰਿਹਾ ਜਦਕਿ ਇਸ ਤੋਂ ਪਹਿਲਾਂ ਫੈਮਿਲੀ ਸਪੌਂਸਰਸ਼ਿਪ ਅਤੇ ਮਨੁੱਖਤਾ ਦੇ ਆਧਾਰ ’ਤੇ ਮੁਲਕ ਵਿਚ ਪਨਾਹ ਹਾਸਲ ਕਰਨ ਵਿਚ ਜ਼ਿਆਦਾ ਦਿੱਕਤਾਂ ਨਹੀਂ ਸਨ ਆਉਂਦੀਆਂ।

Tags:    

Similar News