ਕੈਨੇਡਾ ਛੱਡ ਕੇ ਨਿਕਾਰਾਗੁਆ ਜਾ ਰਹੇ ਹਜ਼ਾਰਾਂ ਲੋਕ : ਪਿਅਰੇ ਪੌਇਲੀਐਵ

ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਵੀਡੀਓ ਨੇ ਪੈਦਾ ਕੀਤੀ ਸਿਆਸੀ ਹਲਚਲ ਲਿਬਰਲ ਪਾਰਟੀ ਨੇ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ

By :  Admin
Update: 2024-05-31 05:24 GMT

ਔਟਵਾ : ਬਿਹਤਰ ਜ਼ਿੰਦਗੀ ਦੀ ਭਾਲ ਵਿਚ ਹਜ਼ਾਰਾਂ ਕੈਨੇਡੀਅਨ ਆਪਣਾ ਮੁਲਕ ਛੱਡ ਕੇ ਨਿਕਾਰਾਗੁਆ ਜਾ ਰਹੇ ਹਨ। ਇਹ ਦਾਅਵਾ ਕਰਦੀ ਇਕ ਵੀਡੀਓ ਨੇ ਕੈਨੇਡੀਅਨ ਸਿਆਸਤ ਵਿਚ ਹਲਚਲ ਪੈਦਾ ਕਰ ਦਿਤੀ ਹੈ। ਵੀਡੀਓ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਇਕ ਔਰਤ ਨਾਲ ਗੱਲ ਕਰਦੇ ਦੇਖੇ ਜਾ ਸਕਦੇ ਹਨ ਜੋ ਕਹਿੰਦੀ ਹੈ ਕਿ 2022 ਵਿਚ ਉਹ ਆਪਣੇ ਪਰਵਾਰ ਨਾਲ ਨਿਕਾਰਾਗੁਆ ਜਾ ਵਸੀ ਕਿਉਂਕਿ ਕੈਨੇਡਾ ਵਿਚ ਵੱਡਾ ਘਰ ਖਰੀਦਣਾ ਉਨ੍ਹਾਂ ਦੇ ਵਸ ਤੋਂ ਬਾਹਰ ਹੋ ਚੁੱਕਾ ਸੀ। ਔਰਤ ਦਾਅਵਾ ਕਰਦੀ ਹੈ ਕਿ 8 ਹਜ਼ਾਰ ਹੋਰ ਕੈਨੇਡੀਅਨ ਮੁਲਕ ਛੱਡ ਕੇ ਜਾ ਚੁੱਕੇ ਹਨ। ਉਧਰ ਜਸਟਿਨ ਟਰੂਡੋ ਦੇ ਦੋ ਕੈਬਨਿਟ ਮੰਤਰੀਆਂ ਅਤੇ ਕਈ ਐਮ.ਪੀਜ਼ ਨੇ ਇਸ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ।

ਨਿਕਾਰਾਗੁਆ ਬਾਰੇ ਕੁਝ ਜਾਣਦੇ ਹੀ ਨਹੀਂ ਪੌਇਲੀਐਵ

ਵੀਡੀਓ ਵਿਚ ਔਰਤ ਦੀ ਟਿੱਪਣੀ ਮਗਰੋਂ ਪੌਇਲੀਐਵ ਕਹਿੰਦੇ ਹਨ ਕਿ ਆਮ ਤੌਰ ’ਤੇ ਲੋਕ ਨਿਕਾਰਾਗੁਆ ਵਰਗੇ ਮੁਲਕ ਛੱਡ ਕੇ ਕੈਨੇਡਾ ਆਉਂਦੇ ਹਨ ਪਰ ਹੁਣ ਮੁਲਕ ਛੱਡਣ ਲਈ ਮਜਬੂਰ ਕਿਉਂਕਿ ਉਹ ਜਸਟਿਨ ਟਰੂਡੋ ਦੇ 9 ਸਾਲ ਦੇ ਕਾਰਜਕਾਲ ਤੋਂ ਅੱਕ ਚੁੱਕੇ ਹਨ। ਕੇਪ ਬਰੈਂਪਟਨ ਵਿਚ ਫਿਸ਼ਿੰਗ ਕਾਰੋਬਾਰ ਕਰਨ ਵਾਲਾ ਪਰਵਾਰ ਕੈਨੇਡਾ ਦੀ ਮਹਿੰਗਾਈ ਤੋਂ ਘਬਰਾਅ ਗਿਆ। ਪੌਇਲੀਐਵ ਕਹਿੰਦੇ ਹਨ ਕਿ ਉਹ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਉਣਗੇ। ਪੱਤਰਕਾਰਾਂ ਨੇ ਜਦੋਂ ਫੈਡਰਲ ਮੰਤਰੀਆਂ ਤੋਂ ਵੀਡੀਓ ਬਾਰੇ ਟਿੱਪਣੀ ਮੰਗੀ ਤਾਂ ਟ੍ਰਾਂਸਪੋਰਟ ਮੰਤਰੀ ਪਾਬਲੋ ਰੌਡਰਿਗਜ਼ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਸ਼ਾਇਦ ਨਿਕਾਰਾਗੁਆ ਦੇ ਹਾਲਾਤ ਬਾਰੇ ਨਹੀਂ ਜਾਣਦੇ। ਉਹ ਕਦੇ ਵੀ ਨਿਕਾਰਾਗੁਆ ਨਹੀਂ ਗਏ। ਫੈਡਰਲ ਸਰਕਾਰ ਵੱਲੋਂ ਕੈਨੇਡੀਅਨਜ਼ ਨੂੰ ਜਾਰੀ ਸੁਝਾਅ ਵਿਚ ਨਿਕਾਰਾਗੁਆ ਦੇ ਸਫਰ ਦੌਰਾਨ ਸੁਚੇਤ ਰਹਿਣ ਲਈ ਆਖਿਆ ਗਿਆ ਜਿਥੇ ਸਿਆਸੀ ਹਾਲਾਤ ਬਦਤਰ ਚੱਲ ਰਹੇ ਹਨ ਅਤੇ ਬਦਅਮਨੀ ਫੈਲਣ ਦਾ ਖਤਰਾ ਹੈ।

ਗੈਰਜ਼ਿੰਮੇਵਾਰੀ ਵਾਲੀ ਕਰਾਰ ਦਿਤਾ ਗਿਆ

ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਟੋਰੀ ਆਗੂ ਦੀ ਵੀਡੀਓ ਨੂੰ ਗੈਰਜ਼ਿੰਮੇਵਾਰੀ ਵਾਲੀ ਕਰਾਰ ਦਿਤਾ ਗਿਆ ਅਤੇ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਸਾਬਤ ਕਰ ਦਿਤਾ ਹੈ ਕਿ ਅਸਲ ਵਿਚ ਉਹ ਕੌਣ ਹਨ। ਇਮਾਨਦਾਰੀ ਨਾਲ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਤਰੱਕੀ ਤੋਂ ਦੁਨੀਆਂ ਈਰਖਾ ਕਰਦੀ ਹੈ ਅਤੇ ਦਰਜਨਾਂ ਮੁਲਕਾਂ ਤੋਂ ਲੋਕ ਇਥੇ ਵਸਣ ਅਤੇ ਪੜ੍ਹਨ ਵਾਸਤੇ ਆ ਰਹੇ ਹਨ। ਇਸੇ ਦੌਰਾਨ ਨੋਵਾ ਸਕੋਸ਼ੀਆ ਦੇ ਸਿਡਨੀ-ਵਿਕਟੋਰੀਆ ਪਾਰਲੀਮਾਨੀ ਹਲਕੇ ਤੋਂ ਲਿਬਰਲ ਐਮ.ਪੀ. ਜੇਮੀ ਬੈਟਿਸਟ ਨੂੰ ਜਦੋਂ ਕੇਪ ਬਰੈਟਨ ਦੇ ਪਰਵਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਲਕ ਦਾ ਅਰਥਚਾਰਾ ਵਧ-ਫੁੱਲ ਰਿਹਾ ਹੈ ਅਤੇ ਉਸ ਪਰਵਾਰ ਨੂੰ ਵੀ ਇਲਾਕੇ ਵਿਚ ਵਾਪਸੀ ਕਰਨ ਦਾ ਸੱਦਾ ਦਿਤਾ ਗਿਆ ਹੈ। ਲਿਬਰਲ ਸਰਕਾਰ ਦੇ ਮੰਤਰੀਆਂ ਅਤੇ ਐਮ.ਪੀਜ਼ ਵੱਲੋਂ ਕੀਤੀਆਂ ਟਿੱਪਣੀਆਂ ਬਾਰੇ ਜਦੋਂ ਪੌਇਲੀਐਵ ਦੇ ਬੁਲਾਰੇ ਸਬੈਸਟੀਅਨ ਸਕੈਮਸਕੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਨਿਕਾਰਾਗੁਆ ਵਰਗੇ ਦੁਨੀਆਂ ਦੇ ਕਈ ਮੁਲਕਾਂ ਵਿਚ ਵਸਦੇ ਲੋਕਾਂ ਨੂੰ ਸਿਆਸੀ ਜ਼ੁਲਮਾਂ, ਅਪਰਾਧ ਜਾਂ ਹਿੰਸਕ ਵਾਰਦਾਤਾਂ ਕਰ ਕੇ ਆਪਣੀ ਧਰਤੀ ਛੱਡਣੀ ਪਈ। ਵੀਡੀਓ ਵਿਚ ਅਜਿਹਾ ਕੁਝ ਨਹੀਂ ਜੋ ਅਜਿਹੇ ਲੋਕਾਂ ਦੇ ਸੰਘਰਸ਼ ਨੂੰ ਘਟਾ ਕੇ ਪੇਸ਼ ਕਰਦਾ ਹੋਵੇ।

Tags:    

Similar News