ਅਮਰੀਕਾ ’ਚ ਗੈਰਕਾਨੂੰਨੀ ਪ੍ਰਵਾਸੀਆਂ ਲਈ ਖੋਲਿ੍ਹਆ ਖਜ਼ਾਨੇ ਦਾ ਮੂੰਹ
ਟਰੰਪ ਸਰਕਾਰ ਦੇ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਅਮਰੀਕਾ ਦੇ ਸਭ ਤੋਂ ਅਮੀਰ ਸ਼ਹਿਰ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਵਾਸਤੇ ਖਜ਼ਾਨੇ ਦਾ ਮੂੰਹ ਖੋਲਿ੍ਹਆ ਜਾ ਸਕੇਗਾ
ਲੌਸ ਐਂਜਲਸ : ਟਰੰਪ ਸਰਕਾਰ ਦੇ ਇੰਮੀਗ੍ਰੇਸ਼ਨ ਛਾਪਿਆਂ ਵਿਰੁੱਧ ਅਮਰੀਕਾ ਦੇ ਸਭ ਤੋਂ ਅਮੀਰ ਸ਼ਹਿਰ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਵਾਸਤੇ ਖਜ਼ਾਨੇ ਦਾ ਮੂੰਹ ਖੋਲਿ੍ਹਆ ਜਾ ਸਕੇਗਾ। ਜੀ ਹਾਂ, ਛਾਪਿਆਂ ਦੇ ਡਰੋਂ ਲੋਕਾਂ ਨੇ ਕੰਮ ’ਤੇ ਜਾਣਾ ਬੰਦ ਕਰ ਦਿਤਾ ਹੈ ਅਤੇ ਮਕਾਨ ਕਿਰਾਏ ਸਣੇ ਹੋਰ ਜ਼ਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਲ ਹੋ ਚੁੱਕੀਆਂ ਹਨ। ਐਮਰਜੰਸੀ ਦੇ ਐਲਾਨ ਮਗਰੋਂ ਸ਼ਹਿਰੀ ਪ੍ਰਸ਼ਾਸਨ ਆਪਣੀ ਮਰਜ਼ੀ ਮੁਤਾਬਕ ਲੋੜਵੰਦਾਂ ਨੂੰ ਡਾਲਰ ਵੰਡ ਸਕਦਾ ਹੈ ਪਰ ਜਿਉਂ ਹੀ ਇਹ ਖ਼ਬਰ ਟਰੰਪ ਦੇ ਦਰਬਾਰ ਪੁੱਜੀ ਤਾਂ ਗੁੱਸਾ ਫੁੱਟ ਪਿਆ। ਮੰਗਲਵਾਰ ਰਾਤ ਫੌਕਸ ਨਿਊਜ਼ ਨਾਲ ਇਕ ਇੰਟਰਵਿਊ ਦੌਰਾਨ ਅਟਾਰਨੀ ਜਨਰਲ ਪੈਮ ਬੌਂਡੀ ਨੇ ਲੌਸ ਐਂਜਲਸ ਕਾਊਂਟੀ ਦੇ ਕਦਮ ਨੂੰ ਸਰਾਸਰ ਨਾਜਾਇਜ਼ ਕਰਾਰ ਦਿਤਾ। ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਦੇ ਇਸ਼ਾਰੇ ’ਤੇ ਲਿਆ ਗਿਆ ਇਹ ਫੈਸਲਾ ਅਜਿਹਾ ਸਮੇਂ ਆਇਆ ਹੈ ਜਦੋਂ ਅਮਰੀਕਾ ਵਿਚ ਸਰਕਾਰੀ ਕੰਮਕਾਜ ਠੱਪ ਹੈ ਅਤੇ ਸਾਰਾ ਦੋਸ਼ ਡੈਮੋਕ੍ਰੈਟਿਕ ਪਾਰਟੀ ਸਿਰ ਮੜ੍ਹਿਆ ਜਾ ਰਿਹਾ ਹੈ।
ਲੌਸ ਐਂਜਲਸ ਸ਼ਹਿਰ ਮਕਾਨ ਕਿਰਾਏ ਵਰਗੀਆਂ ਜ਼ਰੂਰਤਾਂ ਪੂਰੀਆਂ ਕਰੇਗਾ
ਇਸੇ ਦੌਰਾਨ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਤਰਜਮਾਨ ਐਮਿਲੀ ਕੌਨਵਿੰਗਟਨ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰਕਮ ਵੰਡਣ ਦੀ ਬਜਾਏ ਜੰਗਲਾਂ ਦੀ ਅੱਗ ਨਾਲ ਪ੍ਰਭਾਵਤ ਯੂ.ਐਸ. ਸਿਟੀਜ਼ਨਜ਼ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਥੇ ਦਸਣਾ ਬਣਦਾ ਹੈ ਕਿ ਲੌਸ ਐਂਜਲਸ ਕਾਊਂਟੀ ਵਿਚ ਵਸਦੇ ਤਕਰੀਬਨ ਇਕ ਕਰੋੜ ਲੋਕਾਂ ਵਿਚੋਂ 30 ਲੱਖ ਤੋਂ ਵੱਧ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਹੈ ਅਤੇ ਇਨ੍ਹਾਂ ਵਿਚੋਂ ਲੱਖਾਂ ਗੈਰਕਾਨੂੰਨੀ ਪ੍ਰਵਾਸੀ ਹੋ ਸਕਦੇ ਹਨ। ਦੂਜੇ ਪਾਸੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਤਰਜਮਾਨ ਐਬੀਗੇਲ ਜੈਕਸਨ ਨੇ ਕਿਹਾ ਕਿ ਮੁਲਕ ਵਿਚ ਅਸਲ ਐਮਰਜੰਸੀ ਅਣਗਿਣਤੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਕਰ ਕੇ ਬਣੀ ਹੋਈ ਹੈ ਜੋ ਦੱਖਣੀ ਬਾਰਡਰ ਪਾਰ ਕੇ ਅਮਰੀਕਾ ਵਿਚ ਦਾਖਲ ਹੋਏ। ਡੌਨਲਡ ਟਰੰਪ ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਆਪਣਾ ਚੋਣ ਵਾਅਦਾ ਪੂਰਾ ਕਰ ਰਹੇ ਹਨ। ਦੱਸ ਦੇਈਏ ਕਿ 2028 ਵਿਚ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆਪਣੇ ਹੱਕ ਵਿਚ ਹਵਾ ਬਣਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਵੱਲੋਂ ਲੌਸ ਐਂਜਲਸ ਕਾਊਂਟੀ ਦੇ ਫੈਸਲੇ ਦੀ ਹਮਾਇਤ ਕਰਦਿਆਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ ਗਈ ਹੈ। ਵੀਡੀਓ ਕਲਿਪ ਵਿਚ ਨਵੀਂ ਹਲਕਾਬੰਦੀ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਰਾਹੀਂ ਡੈਮੋਕ੍ਰੈਟਿਕ ਪਾਰਟੀ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿਚ ਵਧੇਰੇ ਸੀਟਾਂ ਹਾਸਲ ਕਰ ਸਕਦੀ ਹੈ।
ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਘਰਾਂ ਵਿਚ ਬੰਦ ਨੇ ਹਜ਼ਾਰਾਂ ਪ੍ਰਵਾਸੀ
ਨਿਊਸਮ ਨੇ ਦੋਸ਼ ਲਾਇਆ ਕਿ ਡੌਨਲਡ ਟਰੰਪ ਫੌਜ ਦੇ ਸਿਰ ’ਤੇ ਅਮਰੀਕਾ ਦੇ ਸ਼ਹਿਰਾਂ ਉਤੇ ਕਾਬਜ਼ ਹੋਣਾ ਚਾਹੁੰਦੇ ਹਨ। ਲੌਸ ਐਂਜਲਸ ਵਿਚ ਐਮਰਜੰਸੀ ਰਾਹੀਂ ਇਥੇ ਵਸਦੇ ਲੋਕ ਆਨਲਾਈਨ ਤਰੀਕੇ ਨਾਲ ਮਕਾਨ ਕਿਰਾਏ ਦੀ ਮੰਗ ਕਰ ਸਕਦੇ ਹਨ। ਇਲਾਕੇ ਵਿਚ ਕਿਰਾਏਦਾਰਾਂ ਨੂੰ ਕੱਢਣ ’ਤੇ ਪਾਬੰਦੀ ਲੱਗੀ ਹੋਈ ਹੈ ਅਤੇ ਮਕਾਨ ਮਾਲਕਾਂ ਦਾ ਮੰਨਣਾ ਹੈ ਕਿ ਜਲਦ ਕਿਰਾਇਆ ਨਾ ਮਿਲਿਆ ਤਾਂ ਕੋਰੋਨਾ ਤੋਂ ਬਾਅਦ ਸਭ ਤੋਂ ਵੱਡਾ ਆਰਥਿਕ ਝਟਕਾ ਹੋਵੇਗਾ। ਉਧਰ ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਅਗਸਤ ਦੇ ਅੰਤ ਵਿਚ ਆਈਸ ਦੇ ਛਾਪਿਆਂ ਦੌਰਾਨ 5 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕਰ ਦਿਤਾ ਗਿਆ। ਅਸਲ ਵਿਚ ਜੂਨ ਮਹੀਨੇ ਤੋਂ ਹੀ ਲੌਸ ਐਂਜਲਸ ਇਲਾਕਾ ਜੰਗ ਦਾ ਮੈਦਾਨ ਬਣਿਆ ਹੋਇਆ ਜਦੋਂ ਇੰਮੀਗ੍ਰੇਸ਼ਨ ਰੋਸ ਮੁਜ਼ਾਹਰਿਆਂ ਨੂੰ ਦਬਾਉਣ ਲਈ ਟਰੰਪ ਸਰਕਾਰ ਵੱਲੋਂ ਨੈਸ਼ਨਲ ਗਾਰਡਜ਼ ਤੈਨਾਤ ਕੀਤੇ ਗਏ।