ਤੀਜੀ ਆਲਮੀ ਜੰਗ ਦਾ ਖਤਰਾ ਵਧਿਆ
ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਵਰਗੇ ਹਾਲਾਤ ਪੈਦਾ ਹੁੰਦਿਆਂ ਹੀ ਤੀਜੀ ਵਰਲਡ ਵਾਰ ਅਟੱਲ ਮੰਨੀ ਜਾਣ ਲੱਗੀ ਹੈ।
ਲੰਡਨ : ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਵਰਗੇ ਹਾਲਾਤ ਪੈਦਾ ਹੁੰਦਿਆਂ ਹੀ ਤੀਜੀ ਵਰਲਡ ਵਾਰ ਅਟੱਲ ਮੰਨੀ ਜਾਣ ਲੱਗੀ ਹੈ। ਜੀ ਹਾਂ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਅਤੇ ਅਮਰੀਕਾ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਦੁਨੀਆਂ ਦੇ ਮੌਜੂਦਾ ਹਾਲਾਤ ਤੇਜ਼ੀ ਨਾਲ ਆਲਮੀ ਜੰਗ ਵੱਲ ਵਧ ਰਹੇ ਹਨ। ਯੂਗੌਵ ਦੇ ਸਰਵੇਖਣ ਮੁਤਾਬਕ 68 ਤੋਂ 76 ਫ਼ੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਤੀਜੀ ਵਿਸ਼ਵ ਜੰਗ ਦੌਰਾਨ ਪ੍ਰਮਾਣੂ ਹਥਿਆਰਾਂ ਦੀ ਵੱਡੇ ਪੱਧਰ ’ਤੇ ਵਰਤੋਂ ਹੋਵੇਗੀ ਅਤੇ ਮੌਤਾਂ ਦਾ ਅੰਕੜਾ ਦੂਜੀ ਆਲਮੀ ਜੰਗ ਤੋਂ ਕਈ ਗੁਣਾ ਵਧ ਸਕਦਾ ਹੈ। ਨਿਊ ਓਰਲੀਨਜ਼ ਵਿਖੇ ਸਥਿਤ ਦੂਜੀ ਵਿਸ਼ਵ ਜੰਗ ਨਾਲ ਸਬੰਧਤ ਅਜਾਇਬ ਘਰ ਮੁਤਾਬਕ 80 ਸਾਲ ਪਹਿਲਾਂ ਹੋਈ ਜੰਗ ਦੌਰਾਨ 4.5 ਕਰੋੜ ਆਮ ਲੋਕ ਅਤੇ 1.5 ਕਰੋੜ ਫੌਜੀ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਮਾਰੇ ਗਏ। ਸਰਵੇਖਣ ਵਿਚ ਸ਼ਾਮਲ 25 ਫੀ ਸਦੀ ਤੋਂ 45 ਫੀ ਸਦੀ ਲੋਕਾਂ ਨੇ ਕਿਹਾ ਕਿ ਤੀਜੀ ਆਲਮੀ ਜੰਗ ਹੁੰਦੀ ਹੈ ਤਾਂ ਦੁਨੀਆਂ ਦੀ ਜ਼ਿਆਦਾਤਰ ਵਸੋਂ ਖਤਮ ਹੋ ਜਾਵੇਗੀ। ਸਰਵੇਖਣ ਵਿਚ ਸ਼ਾਮਲ ਲੋਕਾਂ ਵਿਚੋਂ ਜ਼ਿਆਦਾਤਰ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੇ ਮੁਲਕ ਦੀ ਫੌਜ ਵਿਸ਼ਵ ਜੰਗ ਵਿਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ।
ਪ੍ਰਮਾਣੂ ਹਥਿਆਰਾਂ ਦੀ ਵੱਡੇ ਪੱਧਰ ’ਤੇ ਵਰਤੋਂ ਹੋਣ ਦਾ ਖਦਸ਼ਾ
ਪੱਛਮੀ ਯੂਰਪ ਦੇ 20 ਫੀ ਸਦੀ ਲੋਕਾਂ ਨੂੰ ਹੀ ਯਕੀਨ ਹੈ ਕਿ ਉਨ੍ਹਾਂ ਦੇ ਮੁਲਕ ਦੀ ਫੌਜ ਆਪਣੇ ਮੁਲਕ ਦੀ ਰਾਖੀ ਕਰ ਸਕਦੀ ਹੈ। ਇਟਲੀ ਵਿਚ ਅਜਿਹੇ ਲੋਕਾਂ ਦੀ ਗਿਣਤੀ 16 ਫੀ ਸਦੀ ਦਰਜ ਕੀਤੀ ਗਈ ਜਦਕਿ ਫਰਾਂਸ ਵਿਚ ਇਹ ਅੰਕੜਾ 45 ਫੀ ਸਦੀ ਦਰਜ ਕੀਤਾ ਗਿਆ। ਇਸ ਦੇ ਉਲਟ ਅਮਰੀਕਾ ਦੇ 71 ਫੀ ਸਦੀ ਲੋਕਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਮੁਲਕ ਦੀ ਫੌਜ ਦੁਸ਼ਮਣ ਦਾ ਡਟ ਕੇ ਟਾਕਰਾ ਕਰਨ ਦੀ ਸਮਰੱਥਾ ਰਖਦੀ ਹੈ। ਦੁਨੀਆਂ ਵਿਚ ਅਮਨ ਵਾਸਤੇ ਸਭ ਤੋਂ ਵੱਡਾ ਖਤਰਾ ਰੂਸ ਨੂੰ ਮੰਨਿਆ ਜਾ ਰਿਹਾ ਹੈ ਪਰ ਅਮਰੀਕਾ ਵਿਚ ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਅਮਰੀਕਾ ਵੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ। ਟਰੰਪ ਵੱਲੋਂ ਕੈਨੇਡਾ, ਗਰੀਨਲੈਂਡ ਅਤੇ ਪਨਾਮਾ ਨੂੰ ਦਿਤੀਆਂ ਜਾ ਰਹੀਆਂ ਧਮਕੀਆਂ ਅਤੇ ਯੂਕਰੇਨ ਬਾਰੇ ਸਟੈਂਡ ਨੂੰ ਵੇਖਦਿਆਂ ਜ਼ਿਆਦਾਤਰ ਯੂਰਪੀ ਲੋਕ ਉਨ੍ਹਾਂ ਨੂੰ ਸ਼ਾਂਤੀ ਵਾਸਤੇ ਖਤਰਾ ਮੰਨ ਰਹੇ ਹਨ। ਇਥੋਂ ਤੱਕ ਕਿ ਅਮਰੀਕਾ ਦੇ 34 ਫੀ ਸਦੀ ਲੋਕ ਟਰੰਪ ਦੇ ਮੁੱਦੇ ’ਤੇ ਯੂਰਪੀ ਲੋਕਾਂ ਨਾਲ ਸਹਿਮਤੀ ਰਖਦੇ ਹਨ। ਦੱਸ ਦੇਈਏ ਕਿ ਅਮਰੀਕਾ ਵਿਚ ਚੋਣਾਂ ਤੋਂ ਪਹਿਲਾਂ ਕੌਮਾਂਤਰੀ ਸਰਵੇਖਣਾਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਟਰੰਪ ਦੀ ਜਿੱਤ ਮਗਰੋਂ ਲੋਕ ਘੱਟ ਸੁਰੱਖਿਅਤ ਮਹਿਸੂਸ ਕਰਨਗੇ। ਉਸ ਵੇਲੇ ਸਿਰਫ਼ 21 ਫੀ ਸਦੀ ਲੋਕਾਂ ਵੱਲੋਂ ਟਰੰਪ ਦੀ ਆਮਦ ਨਾਲ ਦੁਨੀਆਂ ਵਧੇਰੇ ਸੁਰੱਖਿਅਤ ਬਣਨ ਦਾ ਜ਼ਿਕਰ ਕੀਤਾ ਗਿਆ ਜਦਕਿ 45 ਫੀ ਸਦੀ ਲੋਕ ਕਮਲਾ ਹੈਰਿਸ ਦੇ ਪੱਖ ਵਿਚ ਨਜ਼ਰ ਆਏ। ਕੈਨੇਡੀਅਨਜ਼ ਦੇ ਮਾਮਲੇ ਵਿਚ 54 ਫੀ ਸਦੀ ਲੋਕਾਂ ਦਾ ਮੰਨਣਾ ਸੀ ਕਿ ਕਮਲਾ ਹੈਰਿਸ ਦੇ ਸੱਤਾ ਵਿਚ ਆਉਣ ਨਾਲ ਦੁਨੀਆਂ ਵਧੇਰੇ ਸੁਰੱਖਿਅਤ ਬਣ ਸਕਦੀ ਹੈ। ਸਪੇਨ ਦੇ 58 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਯੂਰਪ ਅਤੇ ਅਮਰੀਕਾ ਦਰਮਿਆਨ ਤਣਾਅ ਸ਼ਾਂਤੀ ਵਾਸਤੇ ਖਤਰਾ ਪੈਦਾ ਕਰਦਾ ਹੈ। ਬਿਲਕੁਲ ਇਸੇ ਕਿਸਮ ਦੀ ਰਾਏ ਜਰਮਨੀ ਦੇ 55 ਫੀ ਸਦੀ ਅਤੇ ਫਰਾਂਸ ਦੇ 53 ਫੀ ਸਦੀ ਲੋਕਾਂ ਨੇ ਜ਼ਾਹਰ ਕੀਤੀ। ਯੂਗੌਵ ਦੇ ਸਰਵੇਖਣ ਵਿਚ ਬਰਤਾਨੀਆ, ਫਰਾਂਸ, ਜਰਮਨੀ, ਸਪੇਨ, ਇਟਲੀ ਅਤੇ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਰਾਏ ਦਰਜ ਕਰਵਾਈ।