ਅਮਰੀਕਾ ’ਚ ਭਾਰਤੀ ਕੁੜੀ ਦੀ ਮੌਤ ’ਤੇ ਹੱਸਣ ਵਾਲਾ ਪੁਲਿਸ ਅਫਸਰ ਬਰਖਾਸਤ

ਅਮਰੀਕਾ ਵਿਚ ਭਾਰਤੀ ਕੁੜੀ ਦੀ ਸੜਕ ਹਾਦਸੇ ਵਿਚ ਮਗਰੋਂ ਤਾੜੀਆਂ ਮਾਰ ਕੇ ਹੱਸਣ ਵਾਲੇ ਸਿਐਟਲ ਦੇ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿਤਾ ਗਿਆ ਹੈ। ਨੌਰਥ ਈਸਟ੍ਰਨ ਯੂਨੀਵਰਸਿਟੀ ਦੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਦਸੰਬਰ 2023 ਵਿਚ ਮਾਸਟਰਜ਼ ਦੀ ਡਿਗਰੀ ਮਿਲਣੀ ਸੀ

Update: 2024-07-18 11:48 GMT

ਸਿਐਟਲ : ਅਮਰੀਕਾ ਵਿਚ ਭਾਰਤੀ ਕੁੜੀ ਦੀ ਸੜਕ ਹਾਦਸੇ ਵਿਚ ਮਗਰੋਂ ਤਾੜੀਆਂ ਮਾਰ ਕੇ ਹੱਸਣ ਵਾਲੇ ਸਿਐਟਲ ਦੇ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿਤਾ ਗਿਆ ਹੈ। ਨੌਰਥ ਈਸਟ੍ਰਨ ਯੂਨੀਵਰਸਿਟੀ ਦੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਦਸੰਬਰ 2023 ਵਿਚ ਮਾਸਟਰਜ਼ ਦੀ ਡਿਗਰੀ ਮਿਲਣੀ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੀ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਈ। ਸਿਐਟਲ ਦੇ ਨਾਲ ਲਗਦੇ ਸਾਊਥ ਲੇਕ ਯੂਨੀਅਨ ਕਸਬੇ ਵਿਚ ਰਹਿੰਦੀ ਜਾਹਨਵੀ ਪੈਦਲ ਜਾ ਰਹੀ ਸੀ ਜਦੋਂ ਪੁਲਿਸ ਕਰੂਜ਼ਰ ਨੇ ਉਸ ਨੂੰ ਟੱਕਰ ਮਾਰੀ। ਜਾਹਨਵੀ ਕੰਦੁਲਾ 2021 ਵਿਚ ਅਮਰੀਕਾ ਪੁੱਜੀ ਸੀ ਅਤੇ ਕੁਝ ਸਮਾਂ ਟੈਕਸਸ ਰਹਿੰਦੇ ਆਪਣੇ ਇਕ ਰਿਸ਼ਤੇਦਾਰ ਕੋਲ ਰਹਿਣ ਮਗਰੋਂ ਨੌਰਥ ਈਸਟ੍ਰਨ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ।

ਜਾਹਨਵੀ ਕੰਦੁਲਾ ਨੂੰ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਸੀ ਟੱਕਰ

ਜਾਹਨਵੀ ਦੇ ਪਿਤਾ ਪਹਿਲਾਂ ਹੀ ਇਸ ਦੁਨੀਆਂ ਵਿਚ ਨਹੀਂ ਅਤੇ ਮਾਂ ਨੇ ਕਰਜ਼ਾ ਲੈ ਕੇ ਉਸ ਨੂੰ ਅਮਰੀਕਾ ਪੜ੍ਹਨ ਭੇਜਿਆ। ਜਾਹਨਵੀ ਪੜ੍ਹਾਈ ਪੂਰੀ ਕਰਨ ਮਗਰੋਂ ਆਪਣੀ ਮਾਂ ਦਾ ਬੋਝ ਹਲਕਾ ਕਰਨਾ ਚਾਹੁੰਦੀ ਸੀ ਪਰ ਸਭ ਕੁਝ ਖੇਰੂੰ ਖੇਰੂੰ ਹੋ ਗਿਆ। ਇਸੇ ਦੌਰਾਨ ਜਾਹਨਵੀ ਨੂੰ ਜਾਣਨ ਵਾਲਿਆਂ ਵਿਚੋਂ ਇਕ ਕਰਨਬੀਰ ਸਿੰਘ ਨੇ ਕਿਹਾ ਕਿ ਉਹ ਬੇਹੱਦ ਹਸਮੁਖ ਸੁਭਾਅ ਵਾਲੀ ਕੁੜੀ ਸੀ। ਵੀਕਐਂਡ ’ਤੇ ਉਹ ਅਕਸਰ ਕਰਨਬੀਰ ਸਿੰਘ ਦੇ ਪਰਵਾਰਕ ਮੈਂਬਰਾਂ ਨੂੰ ਮਿਲਦੀ। ਸਿਐਟਲ ਪੁਲਿਸ ਦੀ ਕਾਰਜਕਾਰੀ ਮੁਖੀ ਸੂ ਰਾਹਰ ਨੇ ਇਕ ਵਿਭਾਗੀ ਈਮੇਲ ਵਿਚ ਟਿੱਪਣੀ ਕੀਤੀ ਕਿ ਔਡਰਰ ਦੇ ਸ਼ਬਦਾਂ ਨਾਲ ਜਾਹਨਵੀ ਦੇ ਪਰਵਾਰ ਨੂੰ ਡੂੰਘੀ ਸੱਟ ਵੱਜੀ ਅਤੇ ਇਹ ਘਟਨਾ ਪੂਰੇ ਪੁਲਿਸ ਮਹਿਕਮੇ ਲਈ ਨਮੋਸ਼ੀ ਦਾ ਕਾਰਨ ਬਣੀ। ਸੂ ਨੇ ਕਿਹਾ ਕਿ ਪੁਲਿਸ ਮਹਿਕਮੇ ਦੀ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੇ ਵਿਸ਼ਵਾਸ ਨੂੰ ਖੋਰਾ ਨਾ ਲੱਗੇ ਜਿਸ ਦੇ ਮੱਦੇਨਜ਼ਰ ਔਡਰਰ ਨੂੰ ਬਰਖਾਸਤ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਬੌਡੀ ਕੈਮਰੇ ਵਿਚ ਰਿਕਾਰਡ ਵੀਡੀਓ ਕਲਿੱਪ ਵਿਚ ਪੁਲਿਸ ਅਫਸਰ ਡੈਨੀਅਲ ਔਡਰਰ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ। ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਡੈਨੀਅਲ ਔਡਰਰ ਉਸ ਵੇਲੇ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਸੀ ਅਤੇ ਉਹ ਫੋਨ ’ਤੇ ਜਥੇਬੰਦੀ ਦੇ ਪ੍ਰਧਾਨ ਮਾਈਕ ਸੋਲਨ ਨਾਲ ਗੱਲ ਕਰ ਰਿਹਾ ਸੀ। ਫੋਨ ’ਤੇ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ 11 ਹਜ਼ਾਰ ਡਾਲਰ ਦਾ ਚੈਕ ਤਿਆਰ ਕਰੋ, ਕੁੜੀ ਦੀ ਉਮਰ ਤਕਰੀਬਨ 26 ਸਾਲ ਸੀ। ਔਡਰਰ ਇਹ ਵੀ ਕਹਿੰਦਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪੁਲਿਸ ਅਫਸਰ 50 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ ਅਤੇ ਇਕ ਤਜਰਬੇਕਾਰ ਡਰਾਈਵਰ ਵਾਸਤੇ ਇਹ ਕੋਈ ਜ਼ਿਆਦਾ ਰਫ਼ਤਾਰ ਨਹੀਂ। ਦੂਜੇ ਪਾਸੇ ਪੜਤਾਲ ਦੌਰਾਨ ਸਾਹਮਣੇ ਆ ਚੁੱਕਾ ਹੈ ਕਿ ਜਾਹਨਵੀ ਕੰਦੁਲਾ ਨੂੰ ਟੱਕਰ ਮਾਰਨ ਵਾਲਾ ਪੁਲਿਸ ਅਫਸਰ 25 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਹੱਦ ਵਾਲੇ ਇਲਾਕੇ ਵਿਚ 74 ਮੀਲ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਜਾ ਰਿਹਾ ਸੀ। ਸਿਐਟਲ ਪੁਲਿਸ ਨੇ ਉਸ ਵੇਲੇ ਕਿਹਾ ਸੀ ਕਿ ਪਾਰਦਰਸ਼ਤਾ ਕਾਇਮ ਰੱਖਣ ਲਈ ਬੌਡੀ ਕੈਮਰੇ ਦੀ ਵੀਡੀਓ ਜਨਤਕ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਫਿਲਹਾਲ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾ ਸਕਦੀ। 

Tags:    

Similar News