ਪਾਕਿਸਤਾਨ ’ਚ ਮੌਜੂਦ ਐ ਹਿੰਦੂਆਂ ਦਾ ਸਭ ਤੋਂ ਪੁਰਾਣਾ ਕਟਾਸ ਰਾਜ ਮੰਦਰ

ਦੇਸ਼ ਦੀ ਵੰਡ ਮਗਰੋਂ ਹਿੰਦੂਆਂ ਅਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਪਰ ਅੱਜ ਵੀ ਵੱਡੀ ਗਿਣਤੀ ਵਿਚ ਭਾਰਤ ਦੇ ਲੋਕ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਜ਼ਿਆਰਤ ਲਈ ਪਾਕਿਸਤਾਨ ਜਾਂਦੇ ਨੇ।

Update: 2024-06-20 07:36 GMT

ਲਾਹੌਰ : 1947 ਦੀ ਵੰਡ ਨੇ ਦੋ ਦੇਸ਼ਾਂ ਵਿਚਾਲੇ ਲੀਕ ਤਾਂ ਜ਼ਰੂਰ ਖਿੱਚ ਦਿੱਤੀ ਪਰ ਦੋਵੇਂ ਦੇਸ਼ਾਂ ਦੇ ਲੋਕਾਂ ਦੇ ਦਿਲ ਅਜੇ ਵੀ ਇਕ ਦੂਜੇ ਦੇ ਨਾਲ ਜੁੜੇ ਹੋਏ ਨੇ। ਦੇਸ਼ ਦੀ ਵੰਡ ਮਗਰੋਂ ਹਿੰਦੂਆਂ ਅਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਪਰ ਅੱਜ ਵੀ ਵੱਡੀ ਗਿਣਤੀ ਵਿਚ ਭਾਰਤ ਦੇ ਲੋਕ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਜ਼ਿਆਰਤ ਲਈ ਪਾਕਿਸਤਾਨ ਜਾਂਦੇ ਨੇ। ਇਨ੍ਹਾਂ ਧਾਰਮਿਕ ਅਸਥਾਨਾਂ ਵਿਚੋਂ ਇਕ ਐ ਕਟਾਸ ਰਾਜ ਮੰਦਰ ਜੋ ਪਾਕਿਸਤਾਨੀ ਪੰਜਾਬ ਦੇ ਉਤਰੀ ਹਿੱਸੇ ਵਿਚ ਨਮਕ ਪਰਬਤ ਲੜੀ ’ਤੇ ਸੁਸ਼ੋਭਿਤ ਐ। ਸੋ ਆਓ ਤੁਹਾਨੂੰ ਪਾਕਿਸਤਾਨ ਸਥਿਤ ਇਸ ਪ੍ਰਾਚੀਨ ਮੰਦਰ ਦੇ ਇਤਿਹਾਸ ਤੋਂ ਜਾਣੂ ਕਰਵਾਓਨੇ ਆਂ।

ਪਾਕਿਸਤਾਨ ਵਿਚ ਸਥਿਤ ਭਗਵਾਨ ਸ਼ਿਵ ਦਾ ਇਹ ਕਟਾਸ ਰਾਜ ਮੰਦਰ ਕਰੀਬ 900 ਸਾਲਾ ਪੁਰਾਣਾ ਦੱਸਿਆ ਜਾਂਦੈ ਜੋ ਲਾਹੌਰ ਤੋਂ ਕਰੀਬ 280 ਕਿਲੋਮੀਟਰ ਦੂਰ ਸਿੰਧ ਸੂਬੇ ਦੇ ਚਕਵਾਲ ਜ਼ਿਲ੍ਹੇ ਵਿਚ ਪੈਂਦਾ ਏ। ਹਿੰਦੂ ਧਰਮ ਵਿਚ ਇਸ ਅਸਥਾਨ ਨਾਲ ਬਹੁਤ ਸਾਰੀਆਂ ਮਾਨਤਾਵਾਂ ਜੁੜੀਆਂ ਹੋਈਆਂ ਨੇ। ਪੁਰਾਤਨ ਮਾਨਤਾਵਾਂ ਅਨੁਸਾਰ ਇਸ ਅਸਥਾਨ ਨੂੰ ਸ਼ਿਵ ਨੇਤਰ ਮੰਨਿਆ ਜਾਂਦਾ ਏ। ਕਿਹਾ ਜਾਂਦਾ ਏ ਕਿ ਜਦੋਂ ਮਾਤਾ ਪਾਰਬਤੀ ਸਤੀ ਹੋਈ ਸੀ ਤਾਂ ਭਗਵਾਨ ਸ਼ਿਵ ਦੁੱਖ ਦੇ ਕਾਰਨ ਅਪਣੇ ਹੰਝੂ ਨਹੀਂ ਰੋਕ ਸਕੇ, ਉਨ੍ਹਾਂ ਦੇ ਹੰਝੂਆਂ ਦੀ ਇਕ ਬੂੰਦ ਕਟਾਸ ’ਤੇ ਟਪਕੀ, ਜਿੱਥੇ ਅੰਮ੍ਰਿਤ ਬਣ ਗਿਆ ਸੀ ਅਤੇ ਅੱਜ ਵੀ ਇਸ ਮੰਦਰ ਵਿਚ ਮੌਜੂਦ ਸਰੋਵਰ ਨੂੰ ਅੰਮ੍ਰਿਤ ਕੁੰਡ ਦੇ ਨਾਂਅ ਨਾਲ ਜਾਣਿਆ ਜਾਂਦਾ ਏ। ਕਟਾਸ ਦਾ ਇਹ ਕੁੰਡ 150 ਫੁੱਟ ਲੰਬਾ ਅਤੇ 90 ਫੁੱਟ ਚੌੜਾ ਏ।

ਇਹ ਵੀ ਕਿਹਾ ਜਾਂਦਾ ਏ ਕਿ ਮਹਾਭਾਰਤ ਕਾਲ ਦੌਰਾਨ ਪਾਂਡਵਾਂ ਨੇ ਅਪਣੇ ਬਣਵਾਸ ਦੇ ਕੁੱਝ ਦਿਨ ਇਨ੍ਹਾਂ ਪਹਾੜੀਆਂ ਵਿਚ ਹੀ ਬਿਤਾਏ ਸਨ, ਜਿਨ੍ਹਾਂ ਨੇ ਉਸ ਸਮੇਂ ਦੌਰਾਨ ਇੱਥੇ ਕੁੱਝ ਮੰਦਰਾਂ ਦਾ ਨਿਰਮਾਣ ਕੀਤਾ ਸੀ। ਇਕ ਹੋਰ ਮਾਨਤਾ ਅਨੁਸਾਰ ਇਹ ਵੀ ਕਿਹਾ ਜਾਂਦਾ ਏ ਕਿ ਹਿੰਦੂ ਦੇਵਤਾ ਸ੍ਰੀ ਕ੍ਰਿਸ਼ਨ ਨੇ ਇੱਥੇ ਮੰਦਰਾਂ ਦੀ ਨੀਂਹ ਰੱਖੀ ਸੀ ਅਤੇ ਉਨ੍ਹਾਂ ਨੇ ਅਪਣੇ ਹੱਥਾਂ ਨਾਲ ਇਹ ਮੌਜੂਦਾ ਸ਼ਿਵÇਲੰਗ ਬਣਾਇਆ ਸੀ।

2005 ਵਿਚ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਇਨ੍ਹਾਂ ਮੰਦਰਾਂ ਦਾ ਦੌਰਾ ਕੀਤਾ ਗਿਆ ਸੀ। ਕੁੱਝ ਸਾਲ ਪਹਿਲਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਸ ਮੰਦਰ ਵਿਚ ਰਾਮ, ਸ਼ਿਵ ਅਤੇ ਹਨੂੰਮਾਨ ਦੀਆਂ ਮੂਰਤੀਆਂ ਪੁਨਰ ਸਥਾਪਿਤ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਇਸ ਪ੍ਰਾਚੀਨ ਹਿੰਦੂ ਮੰਦਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ। ਹੁਣ ਇਸ ਮੰਦਰ ਦੀ ਦੇਖਭਾਲ ਮਤਰੂਕਾ ਵਕਫ਼ ਇਮਲਾਕ ਬੋਰਡ ਵੱਲੋਂ ਕੀਤੀ ਜਾ ਰਹੀ ਐ, ਜਿਸ ਵੱਲੋਂ ਇੱਥੇ ਸਾਫ਼ ਸਫ਼ਾਈ ਕਰਵਾ ਕੇ ਨਵੀਂਆਂ ਮੂਰਤੀਆਂ ਰਖਵਾਈਆਂ ਗਈਆਂ ਨੇ। ਇਸ ਤੋਂ ਇਲਾਵਾ ਮੰਦਰ ਵਿਚ ਚਾਰਦੀਵਾਰੀ, ਦਰਵਾਜ਼ੇ ਅਤੇ ਪਾਰਕਾਂ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਏ ਤਾਂ ਜੋ ਦੁਨੀਆ ਭਰ ਦੇ ਲੋਕ ਇਸ ਪ੍ਰਾਚੀਨ ਮੰਦਰ ਦੀ ਜ਼ਿਆਰਤ ਕਰ ਸਕਣ।

ਸਬੰਧਤ ਬੋਰਡ ਦੇ ਡਿਪਟੀ ਸਕੱਤਰ ਅਨੁਸਾਰ ਕਟਾਸ ਰਾਜ ਮੰਦਰ ਦੇ ਨੇੜੇ ਹੀ ਸਿੱਖ ਜਰਨੈਲ ਸਿੰਘ ਹਰੀ ਸਿੰਘ ਨਲੂਆ ਦੀ ਇਕ ਹਵੇਲੀ ਵੀ ਮੌਜੂਦ ਐ, ਜਿਸ ਦੀ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾ ਰਿਹੈ। ਇਸ ਤੋਂ ਇਲਾਵਾ ਜੇਹਲਮ ਵਿਚ ਗੁਰਦੁਆਰਾ ਚੋਆ ਸਾਹਿਬ ਦੀ ਮੁਰੰਮਤ ਦਾ ਕੰਮ ਵੀ ਤੇਜ਼ੀ ਨਾਲ ਕਰਵਾਇਆ ਜਾ ਰਿਹੈ। ਆਉਣ ਵਾਲੇ ਸਮੇਂ ਵਿਚ ਪਾਕਿਸਤਾਨ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਇਹ ਮੁਕੱਦਸ ਅਸਥਾਨ ਵੱਡੀ ਖਿੱਚ ਦਾ ਕੇਂਦਰ ਬਣਨਗੇ। 2019 ਵਿਚ ਭਾਰਤ ਤੋਂ 97 ਹਿੰਦੂਆਂ ਦਾ ਜੱਥਾ ਕਟਾਸ ਰਾਜ ਮੰਦਰ ਵਿਚ ਪੂਜਾ ਕਰਨ ਲਈ ਗਿਆ ਸੀ, ਇਸ ਤੋਂਬ ਬਾਅਦ ਹਰ ਸਾਲ ਸ਼ਰਧਾਲੂ ਇਸ ਮੰਦਰ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਦੇ ਨੇ ਪਰ ਕੋਰੋਨਾ ਨੇ ਇਹ ਲੜੀ ਰੋਕ ਦਿੱਤੀ ਸੀ ਪਰ ਹੁਣ ਫਿਰ ਤੋਂ ਸ਼ਰਧਾਲੂਆਂ ਦੀ ਇਹ ਗਿਣਤੀ ਹੋਰ ਜ਼ਿਆਦਾ ਵਧਣ ਦੀ ਉਮੀਦ ਐ।

ਸੋ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News