ਅਮਰੀਕਾ ਵਿਚ ਭਾਰਤੀ ਕਾਰੋਬਾਰੀ ਦਾ ਕਤਲ, ਓਕਲਾਹੋਮਾ ਸੂਬੇ ਵਿਚ ਵਾਪਰੀ ਘਟਨਾ

ਅਮਰੀਕਾ ਦੇ ਓਕਲਾਹੋਮਾ ਸੂਬੇ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਮਾਮੂਲੀ ਝਗੜੇ ਦੌਰਾਨ ਕਤਲ ਕਰ ਦਿਤਾ ਗਿਆ। 59 ਸਾਲ ਦਾ ਹੇਮੰਤ ਮਿਸਤਰੀ ਇਕ ਅਣਜਾਣ ਸ਼ਖਸ ਨੂੰ ਆਪਣੇ ਮੋਟਲ ਵਿਚੋਂ ਬਾਹਰ ਜਾਣ ਲਈ ਆਖ ਰਿਹਾ ਸੀ ਪਰ ਉਹ ਅੜਿਆ ਰਿਹਾ;

Update: 2024-06-26 11:56 GMT

ਓਕਲਾਹੋਮਾ ਸਿਟੀ : ਅਮਰੀਕਾ ਦੇ ਓਕਲਾਹੋਮਾ ਸੂਬੇ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਮਾਮੂਲੀ ਝਗੜੇ ਦੌਰਾਨ ਕਤਲ ਕਰ ਦਿਤਾ ਗਿਆ। 59 ਸਾਲ ਦਾ ਹੇਮੰਤ ਮਿਸਤਰੀ ਇਕ ਅਣਜਾਣ ਸ਼ਖਸ ਨੂੰ ਆਪਣੇ ਮੋਟਲ ਵਿਚੋਂ ਬਾਹਰ ਜਾਣ ਲਈ ਆਖ ਰਿਹਾ ਸੀ ਪਰ ਉਹ ਅੜਿਆ ਰਿਹਾ ਅਤੇ ਆਪਣਾ ਸਮਾਨ ਚੁੱਕ ਕੇ ਜਾਣ ਦੀ ਬਜਾਏ ਹੇਮੰਤ ਮਿਸਤਰੀ ਦੇ ਘਸੁੰਨ ਜੜ ਦਿਤਾ। ਹਮਲਾ ਐਨਾ ਜ਼ੋਰਦਾਰ ਸੀ ਕਿ ਹੇਮੰਤ ਮਿਸਤਰੀ ਧਰਤੀ ’ਤੇ ਡਿੱਗ ਕੇ ਬੇਹੋਸ਼ ਹੋ ਗਿਆ। ਹੇਮੰਤ ਮਿਸਤਰੀ ਨੂੰ ਹਪਸਤਾਲ ਲਿਜਾਇਆ ਗਿਆ ਜਿਥੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹੇਮੰਤ ਮਿਸਤਰੀ ਦੀ ਮੌਤ ਦੇ ਮਾਮਲੇ ਵਿਚ 41 ਸਾਲ ਦੇ ਰਿਚਰਡ ਲੂਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਲੱਖ ਡਾਲਰ ਦਾ ਜ਼ਮਾਨਤੀ ਬੌਂਡ ਭਰਨ ’ਤੇ ਹੀ ਸ਼ੱਕੀ ਓਕਲਾਹੋਮਾ ਕਾਊਂਟੀ ਜੇਲ ਵਿਚੋਂ ਬਾਹਰ ਆ ਸਕੇਗਾ।

59 ਸਾਲ ਦੇ ਹੇਮੰਤ ਮਿਸਤਰੀ ਵਜੋਂ ਕੀਤੀ ਗਈ ਸ਼ਨਾਖਤ

ਪੁਲਿਸ ਨੇ ਇਹ ਨਹੀਂ ਦੱਸਿਆ ਕਿ ਹੇਮੰਤ ਮਿਸਤਰੀ, ਲੂਇਸ ਨੂੰ ਮੋਟਲ ਦੀ ਪਾਰਕਿੰਗ ਵਿਚੋਂ ਬਾਹਰ ਜਾਣ ਵਾਸਤੇ ਕਿਉਂ ਆਖ ਰਿਹਾ ਸੀ। ਇੰਟਰਸਟੇਟ 40 ਅਤੇ ਮੈਰੀਡੀਅਨ ਐਵੇਨਿਊ ’ਤੇ ਬਣੇ ਮੋਟਲ ਵਿਚ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਹੇਮੰਤ ਮਿਸਤਰੀ ਵਾਰ ਵਾਰ ਲੂਇਸ ਨੂੰ ਉਥੋਂ ਜਾਣ ਵਾਸਤੇ ਕਹਿੰਦਾ ਹੈ ਪਰ ਉਹ ਬਹਿਸ ਕਰਦਾ ਹੈ ਅਤੇ ਆਖਰਕਾਰ ਹੇਮੰਤ ਮਿਸਤਰੀ ’ਤੇ ਹਮਲਾ ਕਰ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹੇਮੰਤ ਮਿਸਤਰੀ ਅਮਰੀਕਾ ਵਿਚ 120 ਮੋਟਲਾਂ ਦੇ ਮਾਲਕ ਸਨ ਅਤੇ ਉਨ੍ਹਾਂ ਦੀ ਅਚਨਚੇਤ ਮੌਤ ਕਾਰਨ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। ਚੇਤੇ ਰਹੇ ਕਿ ਬਿਲਕੁਲ ਇਸੇ ਤਰੀਕੇ ਦੀ ਵਾਰਦਾਤ ਐਲਾਬਾਮਾ ਸੂਬੇ ਵਿਚ ਵਾਪਰੀ ਸੀ ਜਦੋਂ ਇਕ ਹੋਟਲ ਵਿਚ ਕਮਰਾ ਲੈਣ ਪੁੱਜੇ ਗਾਹਕ ਨੇ ਭਾਰਤੀ ਮੂਲ ਦੇ ਮੋਟਲ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਹਿਲਕ੍ਰੈਸਟ ਹੋਟਲ ਦੇ ਮਾਲਕ ਪ੍ਰਵੀਨ ਪਟੇਲ ਅਤੇ 34 ਸਾਲ ਦੇ ਜੈਰੇਮੀ ਮੂਰ ਦਾ ਕਿਸੇ ਗੱਲ ਤੋਂ ਝਗੜਾ ਹੋ ਗਿਆ ਅਤੇ ਇਸੇ ਦੌਰਾਨ ਮੂਰ ਨੇ ਪਸਤੌਲ ਕੱਢ ਕੇ ਗੋਲੀਆਂ ਚਲਾ ਦਿਤੀਆਂ। ਸ਼ੈਫੀਲਡ ਪੁਲਿਸ ਦੇ ਮੁਖੀ ਰਿਕੀ ਟੈਰੀ ਮੁਤਾਬਕ ਕਤਲ ਦੀ ਵਾਰਦਾਤ ਮਗਰੋਂ ਮੂਰ ਨੇ ਇਕ ਖਾਲੀ ਪਏ ਮਕਾਨ ਵਿਚ ਦਾਖਲ ਹੋਣ ਦਾ ਯਤਨ ਕੀਤੀ ਅਤੇ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

Tags:    

Similar News