ਟਰੰਪ ਦੇ ਦਰਬਾਰ ਵਿਚ ਪਹਿਲਾ ਸਿਆਸੀ ‘ਧਮਾਕਾ’
ਰਾਸ਼ਟਰਪਤੀ ਦੀ ਸੱਜੀ ਬਾਂਹ ਮੰਨੇ ਜਾ ਰਹੇ ਈਲੌਨ ਮਸਕ ਦੀ ਛੁੱਟੀ ਕਰ ਦਿਤੀ ਗਈ ਹੈ ਅਤੇ ਹੁਣ ਉਹ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਦੀ ਬਜਾਏ ਆਪਣਾ ਕਾਰੋਬਾਰ ਸੰਭਾਲਣ ਵੱਲ ਧਿਆਨ ਕੇਂਦਰਤ ਕਰਨਗੇ
ਵਾਸ਼ਿੰਗਟਨ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਅਮਰੀਕਾ ਵਿਚ ਪਹਿਲਾ ਸਿਆਸੀ ਧਮਾਕਾ ਹੋ ਚੁੱਕਾ ਹੈ। ਜੀ ਹਾਂ, ਰਾਸ਼ਟਰਪਤੀ ਦੀ ਸੱਜੀ ਬਾਂਹ ਮੰਨੇ ਜਾ ਰਹੇ ਈਲੌਨ ਮਸਕ ਦੀ ਛੁੱਟੀ ਕਰ ਦਿਤੀ ਗਈ ਹੈ ਅਤੇ ਹੁਣ ਉਹ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਦੀ ਬਜਾਏ ਆਪਣਾ ਕਾਰੋਬਾਰ ਸੰਭਾਲਣ ਵੱਲ ਧਿਆਨ ਕੇਂਦਰਤ ਕਰਨਗੇ। ‘ਪੌਲੀਟਿਕੋ’ ਦੀ ਰਿਪੋਰਟ ਵਿਚ ਟਰੰਪ ਦਰਬਾਰ ਦੇ ਚਾਰ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਮਸਕ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ ਅਤੇ ਕਈ ਮੰਤਰੀਆਂ ਸਣੇ ਚੋਟੀ ਦੇ ਅਫ਼ਸਰਾਂ ਨਾਲ ਖਹਿਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ। ਮਸਕ ਦਾ ਤਾਜ਼ਾ ਵਿਵਾਦ ਵਾਈਟ ਹਾਊਸ ਦੀ ਚੀਫ਼ ਆਫ ਸਟਾਫ਼ ਸੂਜ਼ੀ ਵਾਇਲਜ਼ ਨਾਲ ਸਾਹਮਣੇ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੌਲੀਟਿਕੋ ਦੀ ਰਿਪੋਰਟ ਸੂਜ਼ੀ ਵਾਇਲਜ਼ ਦੇ ਇਸ਼ਾਰੇ ’ਤੇ ਪ੍ਰਕਾਸ਼ਤ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਸਿਆਸਤ ਦੇ ਜਾਣਕਾਰ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਜ਼ਰ ਆਉਂਦੇ ਹਨ ਕਿ ਈਲੌਨ ਮਸਕ ਦਾ ਟਰੰਪ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਰਿਹਾ ਹੈ।
ਰਾਸ਼ਟਰਪਤੀ ਦੀ ਸੱਜੀ ਬਾਂਹ ਮੰਨੇ ਜਾ ਰਹੇ ਈਲੌਨ ਮਸਕ ਦੀ ਛੁੱਟੀ!
ਪਿਛਲੇ ਦਿਨੀਂ ਵਿਸਕੌਨਸਿਨ ਦੀ ਸੁਪਰੀਮ ਕੋਰਟ ਲਈ ਮਸਕ ਦੀ ਹਮਾਇਤ ਹਾਸਲ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਟਰੰਪ ਇਸ ਨਤੀਜੇ ਤੋਂ ਬੇਹੱਦ ਮਾਯੂਸ ਹਨ। ਈਲੌਨ ਮਸਕ ਜਿਥੇ ਸਿਆਸੀ ਦੁਸ਼ਮਣੀਆਂ ਪੈਦਾ ਕਰ ਰਹੇ ਹਨ, ਉਥੇ ਹੀ ਉਨ੍ਹਾਂ ਦੇ ਕੰਮ ਕਰਨ ਦੇ ਤੌਰ-ਤਰੀਕੇ ਪੂਰੇ ਮੁਲਕ ਵਿਚ ਰੋਸ ਮੁਜ਼ਾਹਰਿਆਂ ਦਾ ਕਾਰਨ ਵੀ ਬਣ ਰਹੇ ਹਨ। ਮਸਕ ਨੂੰ ਸਿਰਫ਼ ਸਿਆਸੀ ਵਿਰੋਧ ਬਰਦਾਸ਼ਤ ਨਹੀਂ ਕਰਨਾ ਪੈ ਰਿਹਾ ਸਗੋਂ ਟੈਸਲਾ ਵਿਚ ਨਿਵੇਸ਼ ਕਰਨ ਵਾਲੇ ਸਰਮਾਏਦਾਰ ਵੀ ਚਾਹੁੰਦੇ ਹਨ ਕਿ ਉਹ ਸਿਆਸੀ ਰਾਹ ਛੱਡ ਦੇਣ ਅਤੇ ਆਪਣੇ ਕਾਰੋਬਾਰ ਵੱਲ ਧਿਆਨ ਕੇਂਦਰਤ ਕਰਨ। ਡੌਜ ਵੱਲੋਂ ਕੀਤੇ ਜਾ ਰਹੇ ਕੰਮਾਂ ਕਰ ਕੇ ਹੀ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਲਗਾਤਾਰ ਡਿਗਦੀ ਜਾ ਰਹੀ ਹੈ ਅਤੇ ਨਿਊ ਯਾਰਕ ਦੇ ਇਕ ਪੈਨਸ਼ਨ ਫੰਡ ਵੱਲੋਂ ਟੈਸਲਾ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਧਮਕੀ ਵੀ ਦਿਤੀ ਗਈ ਹੈ। ਦੂਜੇ ਪਾਸੇ ਟਰੰਪ ਸਰਕਾਰ ਨਾਲ ਸਬੰਧਤ ਕੁਝ ਸੂਤਰਾਂ ਵੱਲੋਂ ਮਸਕ ਦੀ ਛੁੱਟੀ ਬਾਰੇ ਰਿਪੋਰਟ ਨੂੰ ਕੋਰੀ ਗੱਪ ਦੱਸਿਆ ਜਾ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਸੋਸ਼ਲ ਮੀਡੀਆ ਰਾਹੀਂ ਇਕ ਟਿੱਪਣੀ ਕਰਦਿਆਂ ਕਿਹਾ ਕਿ ਮਸਕ ਬਾਰੇ ਰਿਪੋਰਟ ਰੱਦੀ ਦੇ ਟੁਕੜੇ ਤੋਂ ਜ਼ਿਆਦਾ ਕੁਝ ਨਹੀਂ। ਮਸਕ ਵੱਲੋਂ ਕੈਰੋਲਾਈਨ ਦੀ ਟਿੱਪਣੀ ਨੂੰ ਰੀਟਵੀਟ ਕਰਦਿਆਂ ਰਿਪੋਰਟ ਨੂੰ ਝੂੂਠੀ ਖਬਰ ਦੱਸਿਆ ਜਾ ਰਿਹਾ ਹੈ।
ਮੰਤਰੀਆਂ ਅਤੇ ਅਫ਼ਸਰਾਂ ਨਾਲ ਟਕਰਾਅ ਬਣਿਆ ਕਾਰਨ
ਉਧਰ ਈਲੌਨ ਮਸਕ ਦੇ ਪਿਤਾ ਐਰਲ ਮਸਕ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਪੂਰੀ ਕੀਤੇ ਬਗੈਰ ਉਨ੍ਹਾਂ ਦਾ ਬੇਟਾ ਡੌਜ ਛੱਡ ਕੇ ਨਹੀਂ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਾਹਮਣੇ ਈਲੌਨ ਮਸਕ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਰਮਿਆਨ ਤੂੰ-ਤੂੰ, ਮੈਂ-ਮੈਂ ਹੋਣ ਦੀ ਰਿਪੋਰਟ ਸਾਹਮਣੇ ਆਈ। ਮੀਡੀਆ ਰਿਪੋਰਟਾਂ ਮੁਤਾਬਕ ਮਸਕ ਅਤੇ ਰੂਬੀਓ ਸਟਾਫ਼ ਵਿਚ ਕਟੌਤੀ ਦੇ ਮਸਲੇ ’ਤੇ ਭਿੜੇ ਅਤੇ ਡੌਜ ਦੇ ਮੁਖੀ ਨੇ ਵਿਦੇਸ਼ ਮੰਤਰੀ ’ਤੇ ਦੋਸ਼ ਲਾਇਆ ਕਿ ਉਹ ਆਪਣੇ ਵਿਭਾਗ ਦਾ ਸਟਾਫ ਘਟਾਉਣ ਵਿਚ ਅਸਫਲ ਰਹੇ। ਇਸ ਦੇ ਜਵਾਬ ਵਿਚ ਰੂਬੀਓ ਨੇ ਮਸਕ ’ਤੇ ਕੋਰਾ ਝੂਠ ਬੋਲਣ ਦਾ ਦੋਸ਼ ਲਾਇਆ। ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਦੇ 1,500 ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਚੁੱਕੇ ਹਨ, ਕੀ ਉਨ੍ਹਾਂ ਨੂੰ ਛਾਂਟੀ ਵਿਚ ਨਹੀਂ ਗਿਣਿਆ ਜਾ ਸਕਦਾ। ਕੀ ਮਸਕ ਚਾਹੁੰਦੇ ਹਨ ਕਿ ਉਹ ਸਾਫ਼ ਨੂੰ ਮੁੜ ਨੌਕਰੀ ’ਤੇ ਰੱਖਣ ਅਤੇ ਫਿਰ ਕੱਢਣ ਦਾ ਦਿਖਾਵਾ ਕੀਤਾ ਜਾਵੇ। ਵਿਦੇਸ਼ ਮੰਤਰੀ ਦੀ ਇਸ ਦਲੀਲ ਦਾ ਮਸਕ ’ਤੇ ਕੋਈ ਅਸਰ ਨਾ ਹੋਇਆ ਅਤੇ ਉਨ੍ਹਾਂ ਰੂਬੀਓ ਨੂੰ ਕਿਹਾ ਕਿ ਤੁਸੀਂ ਸਿਰਫ਼ ਟੀ.ਵੀ. ’ਤੇ ਚੰਗੇ ਲਗਦੇ ਹੋ। ਦੋਹਾਂ ਵਿਚਾਲੇ ਬਹਿਸ ਹੋਰ ਤੇਜ਼ ਹੋਣ ਲੱਗੀ ਤਾਂ ਟਰੰਪ ਨੇ ਰੂਬੀਓ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ।