ਨਸ਼ਿਆਂ ਦੀ ‘ਮਹਾਰਾਣੀ’ ਪੰਜਾਬਣ ਅਮਰੀਕਾ ਵਿਚ ਕਾਬੂ
ਅਮਰੀਕਾ ਵਿਚ ਨਸ਼ਿਆਂ ਦੀ ‘ਮਹਾਰਾਣੀ’ ਵਜੋਂ ਮਸ਼ਹੂਰ ਪੰਜਾਬਣ ਜਸਵੀਨ ਸੰਘਾ ਨੂੰ ਹਾਲੀਵੁੱਡ ਅਦਾਕਾਰ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੈਨ ਫਰਾਂਸਿਸਕੋ : ਅਮਰੀਕਾ ਵਿਚ ਨਸ਼ਿਆਂ ਦੀ ‘ਮਹਾਰਾਣੀ’ ਵਜੋਂ ਮਸ਼ਹੂਰ ਪੰਜਾਬਣ ਜਸਵੀਨ ਸੰਘਾ ਨੂੰ ਹਾਲੀਵੁੱਡ ਅਦਾਕਾਰ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। 41 ਸਾਲ ਦੀ ਜਸਵੀਨ ਸੰਘਾ ਕਥਿਤ ਤੌਰ ’ਤੇ ਨਸ਼ਿਆਂ ਦਾ ਕਾਰੋਬਾਰ ਕਰ ਰਹੀ ਸੀ ਅਤੇ ਅਮਰੀਕਾ ਸਣੇ ਦੁਨੀਆਂ ਦੇ ਕਈ ਮੁਲਕਾਂ ਵਿਚ ਆਲੀਸ਼ਾਨ ਬੰਗਲਿਆਂ ਦੀ ਮਾਲਕ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਾਲੀਵੁਡ ਅਦਾਕਾਰ ਮੈਥਿਊ ਪੈਰੀ ਨੂੰ ਵੇਚਿਆ ਨਸ਼ੀਲਾ ਪਦਾਰਥ ਜਸਵੀਨ ਸੰਘਾ ਤੋਂ ਹੀ ਖਰੀਦਿਆਂ ਗਿਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਜਸਵੀਨ ਸੰਘਾ ਨੂੰ ਦੋਸ਼ੀ ਠਹਿਰਾਏ ਜਾਣ ’ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਕੈਟਾਮੀਨ ਦੀਆਂ 25 ਸ਼ੀਸ਼ੀਆਂ 24 ਅਕਤੂਬਰ 2023 ਨੂੰ ਜਸਵੀਨ ਸੰਘਾ ਤੋਂ ਖਰੀਦੀਆਂ ਗਈਆਂ ਜੋ ਅੱਗੇ ਹਾਲੀਵੁੱਡ ਅਦਾਕਾਰ ਮੈਥਿਊ ਪੈਰੀ ਕੋਲ ਪੁੱਜੀਆਂ।
ਅਮਰੀਕਾ ਸਣੇ ਦੁਨੀਆਂ ਦੇ ਕਈ ਮੁਲਕਾਂ ਵਿਚ ਆਲੀਸ਼ਾਨ ਮਕਾਨ
ਫਿਲਮ ਅਦਾਕਾਰ ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਵਾਲਿਆਂ ਵਿਚ ਦੋ ਡਾਕਟਰ ਵੀ ਸ਼ਾਮਲ ਦੱਸੇ ਜਾ ਰਹੇ ਹਨ ਅਤੇ ਕੈਟਾਮੀਨ ਦੀ ਓਵਰਡੋਜ਼ ਕਾਰਨ ਹੀ ਪੈਰੀ ਦੀ ਮੌਤ ਹੋਈ। ਕੈਟਾਮੀਨ ਦੀ ਵਰਤੋਂ ਬਹੁਤ ਜ਼ਿਆਦਾ ਦਰਦ ਅਤੇ ਡਿਪ੍ਰੈਸ਼ਨ ਵਾਸਤੇ ਕੀਤੀ ਜਾਂਦੀ ਹੈ ਅਤੇ ਮੈਥਿਊ ਪੈਰੀ ਨੂੰ 12 ਡਾਲਰ ਮੁੱਲ ਵਾਲੀ ਸ਼ੀਸ਼ੀ 2 ਹਜ਼ਾਰ ਡਾਲਰ ਵਿਚ ਵੇਚੀ ਗਈ। ਜਸਵੀਨ ਸੰਘਾ ਵਿਰੁੱਧ ਕੈਟਾਮੀਨ ਵੇਚਣ ਦੀ ਸਾਜ਼ਿਸ਼ ਘੜਨ ਅਤੇ ਆਪਣੇ ਘਰ ਵਿਚ ਨਸ਼ੀਲੇ ਪਦਾਰਥ ਰੱਖਣ ਵਰਗੇ ਦੋਸ਼ ਵੀ ਆਇਦ ਕੀਤੇ ਗਏ ਹਨ। ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿਣ ਵਾਲੀ ਜਸਵੀਨ ਸੰਘਾ ਵੱਲੋਂ ਹਾਲ ਹੀ ਵਿਚ ਮੈਕਸੀਕੋ ਅਤੇ ਜਾਪਾਨ ਵਿਚ ਮਨਾਈਆਂ ਛੁੱਟੀਆਂ ਨਾਲ ਸਬੰਧਤ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ। ਕਈ ਤਸਵੀਰਾਂ ਵਿਚ ਉਸ ਨੇ ਮਹਿੰਗੇ ਗਹਿਣੇ ਪਾਏ ਹੋਏ ਹਨ। ਟੋਕੀਓ ਵਿਖੇ ਜਿਹੜੇ ਹੋਟਲ ਵਿਚ ਜਸਵੀਨ ਸੰਘਾ ਠਹਿਰੀ, ਉਸ ਦਾ ਇਕ ਰਾਤ ਦਾ ਕਿਰਾਇਆ 1800 ਡਾਲਰ ਤੋਂ ਵੱਧ ਦੱਸਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 28 ਅਕਤੂਬਰ 2023 ਨੂੰ ਮੈਥਿਊ ਪੈਰੀ ਦੀ ਲਾਸ਼ ਵਾਸ਼ਰੂਮ ਵਿਚੋਂ ਮਿਲੀ ਸੀ ਅਤੇ ਇਹ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ।
ਹਾਲੀਵੁੱਡ ਅਦਾਕਾਰ ਦੀ ਮੌਤ ਮਗਰੋਂ ਹੋਈ ਗ੍ਰਿਫ਼ਤਾਰੀ
ਜਸਵੀਨ ਸੰਘਾ ਵਿਰੁੱਧ ਦੋਸ਼ ਹੈ ਕਿ ਉਸ ਨੇ ਨੌਰਥ ਹਾਲੀਵੁਡ ਵਾਲੇ ਆਪਣੇ ਘਰ ਨੂੰ ਨਸ਼ਿਆਂ ਦਾ ਗੋਦਾਮ ਬਣਾਇਆ ਹੋਇਆ ਹੈ ਜਿਥੇ ਮੈਥਮਫੈਟਾਮਿਨ ਵਰਗੇ ਨਸ਼ੇ ਰੱਖੇ ਗਏ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਸਵੀਨ ਸੰਘਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੈਟਾਮੀਨ ਦੀ ਲਾਪ੍ਰਵਾਹੀ ਨਾਲ ਵਰਤੋਂ ਜਾਨਲੇਵਾ ਸਾਬਤ ਹੋ ਸਕਦੀ ਹੈ। 2019 ਵਿਚ ਉਸ ਨੇ ਕਥਿਤ ਤੌਰ ’ਤੇ ਇਕ ਹੋਰ ਗਾਹਕ ਨੂੰ ਨਸ਼ੀਲਾ ਪਦਾਰਥ ਵੇਚਿਆ ਜਿਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਦੋਂ ਮਰਨ ਵਾਲੇ ਸ਼ਖਸ ਦੇ ਪਰਵਾਰ ਨੇ ਜਸਵੀਨ ਸੰਘਾ ਨੂੰ ਟੈਕਸਟ ਮੈਸੇਜ ਭੇਜਿਆ ਕਿ ਕੈਟਾਮੀਨ ਨਾਲ ਉਸ ਦੀ ਮੌਤ ਹੋ ਗਈ ਤਾਂ ਜਸਵੀਨ ਸੰਘਾ ਨੇ ਗੂਗਲ ’ਤੇ ਸਰਚ ਕੀਤਾ ਕਿ ਕੀ ਕੈਟਾਮੀਨ ਮੌਤ ਦਾ ਕਾਰਨ ਬਣ ਸਕਦੀ ਹੈ। ਮੈਥਿਊ ਪੈਰੀ ਦੀ ਮੌਤ ਬਾਰੇ ਪਤਾ ਲੱਗਣ ’ਤੇ ਜਸਵੀਨ ਸੰਘਾ ਨੇ ਕਥਿਤ ਤੌਰ ’ਤੇ ਸਾਥੀ ਸਾਜ਼ਿਸ਼ਘਾੜਿਆਂ ਨੂੰ ਫੋਨ ਕੀਤਾ ਅਤੇ ਆਪੋ ਆਪਣੇ ਮੋਬਾਈਲ ਵਿਚੋਂ ਸਾਰੇ ਡਿਜੀਟਲ ਸਬੂਤ ਖਤਮ ਕਰਨ ਲਈ ਆਖਿਆ। ਪੁਲਿਸ ਵੱਲੋਂ ਮਾਰਚ 2024 ਵਿਚ ਉਸ ਦੇ ਘਰ ’ਤੇ ਛਾਪਾ ਮਾਰਿਆ ਗਿਆ ਤਾਂ ਤਕਰੀਬਨ ਦੋ ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ 79 ਸ਼ੀਸ਼ੀਆਂ ਤਰਲ ਪਦਾਰਥ ਵੀ ਮਿਲਿਆ ਜੋ ਟੈਸਟਾਂ ਦੌਰਾਨ ਕੈਟਾਮੀਨ ਸਾਬਤ ਹੋਈ। ਸ਼ਿਕਾਇਤ ਕਹਿੰਦੀ ਹੈ ਕਿ ਜਸਵੀਨ ਸੰਘਾ ਵੱਡੇ ਪੱਧਰ ’ਤੇ ਨਸ਼ਿਆਂ ਦੀ ਤਸਕਰੀ ਕਰਦੀ ਆਈ ਹੈ। ਪੁਲਿਸ ਵੱਲੋਂ ਉਸ ਦੇ ਫੋਨ ਵਿਚੋਂ ਮੈਥਮਫੈਟਾਮਿਨ ਦੀਆਂ ਗੋਲੀਆਂ ਨਾਲ ਸਬੰਧਤ ਸੌਦੇ ਬਾਰੇ ਗੱਲਬਾਤ ਦੇ ਸਬੂਤ ਵੀ ਬਰਾਮਦ ਕੀਤੇ।