Europe ’ਚ ਭਿਆਨਕ floods , ਹਜ਼ਾਰਾਂ ਲੋਕ ਬੇਘਰ

ਯੂਰਪ ਵਿਚ ਭਾਰੀ ਮੀਂਹ ਅਤੇ ਝੱਖੜ ਮਗਰੋਂ ਆਏ ਹੜ੍ਹਾਂ ਨੇ ਕਈ ਸ਼ਹਿਰ ਅਤੇ ਕਸਬੇ ਡੋਬ ਦਿਤੇ ਜਦਕਿ ਸੜਕਾਂ ਨੇ ਦਰਿਆਵਾਂ ਦਾ ਰੂਪ ਅਖਤਿਆਰ ਕਰ ਲਿਆ

Update: 2026-02-06 13:23 GMT

ਮੈਡਰਿਡ : ਯੂਰਪ ਵਿਚ ਭਾਰੀ ਮੀਂਹ ਅਤੇ ਝੱਖੜ ਮਗਰੋਂ ਆਏ ਹੜ੍ਹਾਂ ਨੇ ਕਈ ਸ਼ਹਿਰ ਅਤੇ ਕਸਬੇ ਡੋਬ ਦਿਤੇ ਜਦਕਿ ਸੜਕਾਂ ਨੇ ਦਰਿਆਵਾਂ ਦਾ ਰੂਪ ਅਖਤਿਆਰ ਕਰ ਲਿਆ। ਹਜ਼ਾਰਾਂ ਲੋਕ ਹਾਈਵੇਜ਼ ’ਤੇ ਫਸ ਗਏ ਜਿਨ੍ਹਾਂ ਨੂੰ ਰਾਹਤ ਕਾਮਿਆਂ ਵੱਲੋਂ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ। ਸਭ ਤੋਂ ਵੱਧ ਮਾਰ ਸਪੇਨ ਅਤੇ ਪੁਰਤਗਾਲ ਵਿਚ ਦੇਖਣ ਨੂੰ ਮਿਲੀ ਜਿਥੇ ਤੂਫ਼ਾਨ ਲਿਓਨਾਰਡੋ ਨੇ ਤਬਾਹੀ ਮਚਾ ਦਿਤੀ ਅਤੇ ਲੈਂਡ ਸਲਾਈਡਿੰਗ ਕਰ ਕੇ ਹਾਲਾਤ ਹੋਰ ਵੀ ਬਦਤਰ ਹੋ ਗਏ। ਪੁਰਤਗਾਲ ਦੀ ਨੈਸ਼ਨਲ ਸਿਵਲ ਪ੍ਰੋਟੈਕਸ਼ਨ ਅਥੌਰਿਟੀ ਨੇ ਦੱਸਿਆ ਕਿ ਗੌਸਿਨ ਕਸਬੇ ਵਿਚ ਭੂਚਾਲ ਦੇ ਤਿੰਨ ਵੱਡੇ ਝਟਕੇ ਵੀ ਮਹਿਸੂਸ ਕੀਤੇ ਗਏ ਹਨ। ਕਸਬੇ ਦੇ ਮੇਅਰ ਪੈਡਰੋ ਗੌਡੀਨੋ ਮੁਤਾਬਕ ਲਗਾਤਾਰ ਬਾਰਸ਼ ਅਤੇ ਨਦੀਆਂ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਮਿੱਟੀ ਵਾਲੇ ਪਹਾੜ ਖਿਸਕਣ ਲੱਗੇ ਅਤੇ ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਲਈ ਮਜਬੂਰ ਹੋ ਗਏ। ਲਿਸਬਨ ਦੇ ਦੱਖਣ ਵੱਲ ਸਥਿਤ ਸੈਲਾਨੀਆਂ ਦਾ ਮਨਪਸੰਦ ਕਸਬਾ ਮੁਕੰਮਲ ਤੌਰ ’ਤੇ ਪਾਣੀ ਵਿਚ ਡੁੱਬ ਗਿਆ ਅਤੇ ਲੋਕ ਗੋਡੇ ਗੋਡੇ ਪਾਣੀ ਵਿਚੋਂ ਲੰਘਦੇ ਨਜ਼ਰ ਆਏ।

ਸਪੇਨ ਅਤੇ ਪੁਰਤਗਾਲ ਵਿਚ ਸਭ ਤੋਂ ਵੱਧ ਨੁਕਸਾਨ

ਉਧਰ ਸਪੇਨ ਦੀ ਰਾਜਧਾਨੀ ਮੈਡਰਿਡ ਵਿਖੇ ਕੌਮਾਂਤਰੀ ਹਵਾਈ ਅੱਡੇ ਦੇ ਇਕ ਹਿੱਸੇ ਵਿਚ ਜਲ-ਥਲ ਹੋ ਗਿਆ ਅਤੇ ਐਮਰਜੰਸੀ ਕਾਮਿਆਂ ਨੂੰ ਸੱਦਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਮੈਟਰੋ ਸਟੇਸ਼ਨ ’ਤੇ ਪਾਣੀ ਵਾਲੀ ਪਾਈਪ ਫਟਣ ਕਾਰਨ ਹਾਲਾਤ ਜ਼ਿਆਦਾ ਵਿਗੜੇ। ਸਪੇਨ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਤ ਹੈਰਾਨਕੁੰਨ ਵੀਡੀਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਲੋਕ ਗੱਡੀਆਂ ਦੀਆਂ ਛੱਤਾਂ ’ਤੇ ਬੈਠੇ ਹਨ ਜਦਕਿ ਕੁਝ ਲੋਕ ਜਾਨ ਬਚਣ ’ਤੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਨਜ਼ਰ ਆਏ। ਸਪੇਨ ਦੇ ਐਂਡਲੂਜ਼ੀਆ ਕਸਬੇ ਵਿਚ ਘੱਟੋ ਘੱਟ 3,500 ਲੋਕਾਂ ਨੂੰ ਘਰ ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਰਾਹਤ ਕਾਰਜਾਂ ਲਈ ਫ਼ੌਜ ਤੈਨਾਤ ਕਰ ਦਿਤੀ ਗਈ ਹੈ ਅਤੇ ਹੋਰ ਮੀਂਹ ਪੈਣ ਦੀ ਚਿਤਾਵਨੀ ਵੀ ਸਾਹਮਦੇ ਆਈ। ਐਂਡਾਲੂਜ਼ੀਆ ਵੱਲ ਆਉਣ ਵਾਲੀਆਂ ਸਾਰੀਆਂ ਟ੍ਰੇਨਜ਼ ਅਤੇ ਬੱਸ ਸੇਵਾਵਾਂ ਨੂੰ ਰੱਦ ਕਰ ਦਿਤਾ ਅਤੇ ਲੋਕਾਂ ਨੂੰ ਡੂੰਘੇ ਪਾਣੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਗਈ ਹੈ। ਸਪੇਨ ਦੇ ਮਲਾਗਾ ਸੂਬੇ ਵਿਚ ਵੀ ਲੈਂਡਸਲਾਈਡਿੰਗ ਹੋਣ ਦੀ ਰਿਪੋਰਟ ਹੈ। ਇਥੇ ਦਸਣਾ ਬਣਦਾ ਹੈ ਕਿ ਸਪੇਨ ਅਤੇ ਪੁਰਤਗਾਲ ਵਿਚ ਹੁਣ ਤੱਕ 6 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਲਾਪਤਾ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਇਮਾਰਤਾਂ ਡਿੱਗਣ ਜਾਂ ਪਹਾੜਾਂ ਤੋਂ ਪੱਥਰ ਡਿੱਗਣ ਦੀਆ ਘਟਨਾਵਾਂ ਦੌਰਾਨ ਕਈ ਜਣੇ ਜ਼ਖਮੀ ਵੀ ਹੋ ਗਏ। ਅਕਤੂਬਰ 2024 ਦੀਆਂ ਕੌੜੀਆਂ ਯਾਦਾਂ ਹਾਲੇ ਸਪੇਨ ਵਾਲਿਆਂ ਦੇ ਮਨਾਂ ਵਿਚੋਂ ਨਹੀਂ ਸਨ ਗਈਆਂ ਕਿ ਨਵੇਂ ਸਿਰੇ ਤੋਂ ਤਬਾਹੀ ਨੇ ਦਸਤਕ ਦੇ ਦਿਤੀ।

ਕਾਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਬਚਾਈ ਜਾਨ

ਉਸ ਵੇਲੇ ਖ਼ਤਰਨਾਕ ਹੜ੍ਹਾਂ ਕਰ ਕੇ 230 ਤੋਂ ਵੱਧ ਲੋਕਾਂ ਦੀ ਜਾਨ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਪੁਰਤਗਾਲ ਵਿਚ ਮੌਸਮ ਖਰਾਬ ਹੋਣ ਮਗਰੋਂ ਦਰੱਖਤ ਡਿੱਗਣ, ਲੈਂਡਸਲਾਈਡਿੰਗ ਅਤੇ ਹੜ੍ਹਾਂ ਕਾਰਨ ਨੁਕਸਾਨ ਦੀਆਂ 3,300 ਤੋਂ ਵੱਧ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਸਿਵਲ ਪ੍ਰੋਟੈਕਸ਼ਨ ਅਥੌਰਿਟੀ ਵੱਲੋਂ 11 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਲੋੜਵੰਦਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਵੀਰਵਾਰ ਨੂੰ ਵਾਪਰੀ ਘਟਨਾ ਦੌਰਾਲ ਪਹਾੜੀ ਪੱਥਰ ਡਿੱਗਣ ਕਰ ਕੇ ਦਰਜਨਾਂ ਕਾਰਾਂ ਨੁਕਸਾਨੀਆਂ ਗਈਆਂ। ਦੂਜੇ ਪਾਸੇ ਪੁਰਤਗਾਲ ਦੇ ਲਿਸਬਨ ਸ਼ਹਿਰ ਨੇੜੇ ਸਾਡੋ ਰਿਵਰ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਣ ਦੀ ਰਿਪੋਰਟ ਹੈ। ਨੁਕਸਾਨ ਇਥੇ ਹੀ ਰੁਕਦਾ ਮਹਿਸੂਸ ਨਹੀਂ ਹੋ ਰਿਹਾ ਕਿਉਂਕਿ ਸ਼ਨਿੱਚਰਵਾਰ ਨੂੰ ਨਵਾਂ ਤੂਫ਼ਾਨ ਦੋਹਾਂ ਮੁਲਕਾਂ ਵਿਚ ਦਸਤਕ ਦੇ ਸਕਦਾ ਹੈ।

Tags:    

Similar News