ਅਮਰੀਕਾ ਵਿਚ ਸਾਊਥ ਏਸ਼ੀਅਨ ਦੀ ਭੇਤਭਰੇ ਹਾਲਾਤ ਵਿਚ ਮੌਤ
ਅਮਰੀਕਾ ਵਿਚ ਸਾਊਥ ਏਸ਼ੀਅਨ ਮੂਲ ਦੇ ਫਲਾਈਟ ਅਟੈਂਡੈਂਟ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਜਿਸ ਦੀ ਸ਼ਨਾਖਤ 45 ਸਾਲ ਦੇ ਇਰਫ਼ਾਨ ਅਲੀ ਮਿਰਜ਼ਾ ਵਜੋਂ ਕੀਤੀ ਗਈ ਹੈ
ਸੈਨ ਫਰਾਂਸਿਸਕੋ : ਅਮਰੀਕਾ ਵਿਚ ਸਾਊਥ ਏਸ਼ੀਅਨ ਮੂਲ ਦੇ ਫਲਾਈਟ ਅਟੈਂਡੈਂਟ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਜਿਸ ਦੀ ਸ਼ਨਾਖਤ 45 ਸਾਲ ਦੇ ਇਰਫ਼ਾਨ ਅਲੀ ਮਿਰਜ਼ਾ ਵਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਰਵਾਨਾ ਹੋਈ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਬੀਤੇ ਦਿਨੀਂ ਸੈਨ ਫਰਾਂਸਿਸਕੋ ਪੁੱਜੀ ਅਤੇ ਦੋ ਦਿਨ ਬਾਅਦ ਵਾਪਸੀ ਕਰਨੀ ਸੀ ਪਰ ਇਰਫਾਨ ਅਲੀ ਮਿਰਜ਼ਾ ਨੇ ਡਿਊਟੀ ’ਤੇ ਰਿਪੋਰਟ ਨਾ ਕੀਤੀ। ਉਸ ਦੇ ਸਾਥੀਆਂ ਨੇ ਫੋਨ ਕੀਤਾ ਪਰ ਕੋਈ ਜਵਾਬ ਨਾ ਮਿਲਿਆ ਜਿਸ ਮਗਰੋਂ ਹੋਟਲ ਮੈਨੇਜਰ ਨੇ ਦਰਵਾਜ਼ਾ ਤੁੜਵਾ ਦਿਤਾ।
ਸੈਨ ਫਰਾਂਸਿਸਕੋ ਪੁੱਜੀ ਫਲਾਈਟ ਵਿਚ ਅਟੈਂਡੈਂਟ ਸੀ ਇਰਫ਼ਾਨ ਅਲੀ ਮਿਰਜ਼ਾ
ਕਮਰੇ ਵਿਚ ਇਰਫ਼ਾਨ ਅਲੀ ਮਿਰਜ਼ਾ ਦੀ ਲਾਸ਼ ਪਈ ਸੀ। ਸੈਨ ਫਰਾਂਸਿਸਕੋ ਦੇ ਚੀਫ਼ ਮੈਡੀਕਲ ਐਗਜ਼ਾਮੀਨਰ ਨੂੰ ਇਰਫਾਨ ਅਲੀ ਮਿਰਜ਼ਾ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਮੁਕੰਮਲ ਜਾਣਕਾਰੀ ਮੰਗਲਵਾਰ ਨੂੰ ਜਨਤਕ ਕਰ ਦਿਤੀ ਗਈ। ਇਰਫ਼ਾਨ ਦੇ ਭਰਾ ਕਾਮਰਾਨ ਮਿਰਜ਼ਾ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗ ਮਾਪਿਆਂ, ਪਤਨੀ ਅਤੇ ਤਿੰਨ ਬੱਚਿਆਂ ਨੂੰ ਪਿੱਛੇ ਛੱਡ ਗਿਆ ਹੈ। ਸਭ ਤੋਂ ਛੋਟੇ ਬੱਚੇ ਦਾ ਜਨਮ ਪਿਛਲੇ ਸਾਲ ਹੀ ਹੋਇਆ ਸੀ। ਇਰਫ਼ਾਨ ਦੀ ਅਚਨਚੇਤ ਮੌਤ ਨਾਲ ਜਿਥੇ ਉਸ ਦਾ ਪਰਵਾਰ ਸਦਮੇ ਵਿਚ ਹੈ, ਉਥੇ ਹੀ ਉਸ ਦੇ ਸਾਥੀ ਮੁਲਾਜ਼ਮਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਇਸ ਦੁਨੀਆਂ ਤੋਂ ਚਲਾ ਗਿਆ। ਇਰਫ਼ਾਨ ਦੀ ਭੈਣ ਐਂਬਰ ਨੇ ਕਿਹਾ ਕਿ ਜ਼ਿੰਦਗੀ ਵਿਚ ਰਾਹ ਦਿਖਾਉਣ ਵਾਲਾ ਅਚਾਨਕ ਛੱਡ ਕੇ ਚਲਾ ਗਿਆ। ਪਰਵਾਰ ਨੂੰ ਪਿਆ ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ। ਇਰਫ਼ਾਨ ਦੇ ਇਕ ਸਾਥੀ ਮੁਲਾਜ਼ਮ ਨੇ ਕਿਹਾ ਕਿ ਉਹ ਸਭ ਤੋਂ ਦਿਲ ਜਿੱਤ ਲੈਂਦਾ ਅਤੇ ਕਦੇ ਕਿਸੇ ਨਾਲ ਉਚੀ ਆਵਾਜ਼ ਵਿਚ ਗੱਲ ਨਹੀਂ ਸੀ ਕਰਦਾ।