ਵਾਈਟ ਹਾਊਸ ਦੀ ਪ੍ਰੈਸ ਕਾਨਫ਼ਰੰਸ ’ਚ ਸੋਸ਼ਲ ਮੀਡੀਆ ਵਾਲੇ ਵੀ ਹੋਣਗੇ ਸ਼ਾਮਲ
ਵਾਈਟ ਹਾਊਸ ਵਿਚ ਪ੍ਰੈਸ ਬ੍ਰੀਫਿੰਗ ਦੌਰਾਨ ਹੁਣ ਸੋਸ਼ਲ ਮੀਡੀਆ ਇਨਫ਼ਲੂਐਂਸਰਜ਼, ਕੰਟੈਂਟ ਕ੍ਰਿਏਟਰ ਅਤੇ ਪੌਡਕਾਸਟਰ ਵੀ ਸ਼ਾਮਲ ਹੋਣਗੇ।;
![ਵਾਈਟ ਹਾਊਸ ਦੀ ਪ੍ਰੈਸ ਕਾਨਫ਼ਰੰਸ ’ਚ ਸੋਸ਼ਲ ਮੀਡੀਆ ਵਾਲੇ ਵੀ ਹੋਣਗੇ ਸ਼ਾਮਲ ਵਾਈਟ ਹਾਊਸ ਦੀ ਪ੍ਰੈਸ ਕਾਨਫ਼ਰੰਸ ’ਚ ਸੋਸ਼ਲ ਮੀਡੀਆ ਵਾਲੇ ਵੀ ਹੋਣਗੇ ਸ਼ਾਮਲ](https://hamdardmediagroup.com/h-upload/2025/01/29/1500x900_1034855-white-house.webp)
ਵਾਸ਼ਿੰਗਟਨ : ਵਾਈਟ ਹਾਊਸ ਵਿਚ ਪ੍ਰੈਸ ਬ੍ਰੀਫਿੰਗ ਦੌਰਾਨ ਹੁਣ ਸੋਸ਼ਲ ਮੀਡੀਆ ਇਨਫ਼ਲੂਐਂਸਰਜ਼, ਕੰਟੈਂਟ ਕ੍ਰਿਏਟਰ ਅਤੇ ਪੌਡਕਾਸਟਰ ਵੀ ਸ਼ਾਮਲ ਹੋਣਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਆਪਣੇ ਪਹਿਲੀ ਪ੍ਰੈਸ ਬ੍ਰੀਫਿੰਗ ਦੌਰਾਨ ਕਿਹਾ ਕਿ ਲੱਖਾਂ ਅਮੈਰਿਕਨਜ਼, ਖਾਸ ਤੌਰ ’ਤੇ ਨੌਜਵਾਨ ਰਵਾਇਤੀ ਟੈਲੀਵਿਜ਼ਨ ਅਤੇ ਅਖਬਾਰਾਂ ਤੋਂ ਹਟ ਕੇ ਪੌਡਕਾਸਟ, ਬਲੌਗ, ਸੋਸ਼ਲ ਮੀਡੀਆ ਅਤੇ ਹੋਰਨਾਂ ਪਲੈਟਫ਼ਾਰਮਜ਼ ਰਾਹੀਂ ਖਬਰਾਂ ਹਾਸਲ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਨਵੀਆਂ ਮੀਡੀਆ ਆਊਟਲੈਟਸ ਨੂੰ ਜਗ੍ਹਾ ਦਿਤੀ ਗਈ ਹੈ। ਲੈਵਿਟ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਤਹਿਤ ਇਹ ਫੈਸਲਾ ਲਿਆ ਗਿਆ। ਸਿਰਫ਼ ਐਨਾ ਹੀ ਨਹੀਂ ਟਰੰਪ ਸਰਕਾਰ ਵਾਈਟ ਹਾਊਸ ਨੂੰ 2025 ਦੇ ਮੀਡੀਆ ਮੁਤਾਬਕ ਬਣਾਉਣਾ ਚਾਹੁੰਦੀ ਹੈ।
ਟਰੰਪ ਸਰਕਾਰ ਵੱਲੋਂ ਨਵੀਂ ਮੀਡੀਆ ਨੀਤੀ ਦਾ ਐਲਾਨ
ਸੋਸ਼ਲ ਮੀਡੀਆ ਇਨਫ਼ਲੂਐਂਸਰਜ਼ ਦੀ ਰਜਿਸਟ੍ਰੇਸ਼ਨ ਵਾਸਤੇ ਵਾਈਟ ਹਾਊਸ ਡਾਟ ਗੌਵ ਡਾਟ ਨਿਊ ਮੀਡੀਆ ਵੀ ਤਿਆਰ ਕੀਤੀ ਗਈ ਹੈ। ਇਸ ਵੈਬਸਾਈਟ ਰਾਹੀਂ ਪ੍ਰੈਸ ਬ੍ਰੀਫਿੰਗ ਦੇ ਕ੍ਰਿਡੈਂਸ਼ੀਅਲ ਵਾਸਤੇ ਬਿਨੈ ਕੀਤਾ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਰਜਿਸਟ੍ਰੇਸ਼ਨ ਕਰਨ ਵਾਲਿਆਂ ਦੀ ਘੋਖ-ਪੜਤਾਲ ਲੈਵਿਟ ਦੀ ਟੀਮ ਕਰੇਗੀ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਸੁਰੱਖਿਆ ਪੜਤਾਲ ਸੀਕਰੇਟ ਸਰਵਿਸ ਵੱਲੋਂ ਕੀਤੀ ਜਾਵੇਗੀ। ਦੂਜੇ ਪਾਸੇ ਪ੍ਰੈਸ ਬ੍ਰੀਫਿੰਗ ਰੂਮ ਵਿਚ ਪ੍ਰੈਸ ਸਕੱਤਰ ਦੀ ਸੀਟ ਨੂੰ ਹੁਣ ਨਿਊ ਮੀਡੀਆ ਸੀਟ ਵਜੋਂ ਜਾਣਿਆ ਜਾਵੇਗਾ। ਕੈਰੋਲਾਈਨ ਲੈਵਿਟ ਨੇ ਦੱਸਿਆ ਕਿ ਟਰੰਪ ਸਰਕਾਰ 440 ਪੱਤਰਕਾਰਾਂ ਦੇ ਪ੍ਰੈਸ ਪਾਸ ਬਹਾਲ ਕਰਨ ’ਤੇ ਵਿਚਾਰ ਕਰ ਰਹੀ ਹੈ ਜੋ ਬਾਇਡਨ ਸਰਕਾਰ ਦੌਰਾਨ ਰੱਦ ਕਰ ਦਿਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਵਾਈਟ ਹਾਊਸ ਦੀ ਸਭ ਤੋਂ ਘੱਟ ਉਮਰ ਵਾਲੀ ਪ੍ਰੈਸ ਸਕੱਤਰ ਵਜੋਂ ਮਾਣ ਮਹਿਸੂਸ ਹੋ ਰਿਹਾ ਹੈ।
ਨਵੀਂ ਪ੍ਰੈਸ ਸਕੱਤਰ ਨੇ ਕਿਹਾ, 2025 ਦਾ ਵਾਈਟ ਹਾਊਸ ਬਣ ਰਹੇ
ਇਸ ਕਮਰੇ ਨੂੰ ਨਵੇਂ ਮੀਡੀਆ ਵਾਸਤੇ ਖੋਲਿ੍ਹਆ ਜਾ ਰਿਹਾ ਹੈ ਤਾਂਕਿ ਰਾਸ਼ਟਰਪਤੀ ਦੀ ਹਰ ਗੱਲ ਵੱਧ ਤੋਂ ਵੱਧ ਲੋਕਾਂ ਤੱਕ ਪੁੱਜ ਸਕੇ। ਪ੍ਰੈਸ ਬ੍ਰੀਫਿੰਗ ਦੌਰਾਲ ਐਕਸੀਓਸ ਅਤੇ ਬਰਾਈਟਬਾਰਟ ਵਰਗੀਆਂ ਮੀਡੀਆ ਆਊਟਲੈਟਸ ਵੀ ਸ਼ਾਮਲ ਹੋਈਆਂ ਅਤੇ ਲੈਵਿਟ ਨੇ ਸਭ ਤੋਂ ਪਹਿਲਾਂ ਇਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿਤੇ ਜਦਕਿ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ।