ਟਰੰਪ ਦੇ ਘਰ ਨੇੜੇ ਬਣੀਆਂ ਝੁੱਗੀਆਂ, ਸੱਦ ਲਈ ਫੌਜ
ਅਮਰੀਕਾ ਦੀ ਰਾਜਧਾਨੀ ਵਿਚ ਫੌਜ ਦਾਖਲ ਹੋ ਚੁੱਕੀ ਹੈ ਅਤੇ ਐਤਵਾਰ ਰਾਤ ਝੁੱਗੀਆਂ ਵਾਲਿਆਂ ਦੀ ਸ਼ਾਮਤ ਆ ਗਈ
ਵਾਸ਼ਿੰਗਟਨ : ਅਮਰੀਕਾ ਦੀ ਰਾਜਧਾਨੀ ਵਿਚ ਫੌਜ ਦਾਖਲ ਹੋ ਚੁੱਕੀ ਹੈ ਅਤੇ ਐਤਵਾਰ ਰਾਤ ਝੁੱਗੀਆਂ ਵਾਲਿਆਂ ਦੀ ਸ਼ਾਮਤ ਆ ਗਈ। ਛਾਪਿਆਂ ਵਰਗੇ ਸਟਾਈਲ ਵਿਚ ਕੀਤੀ ਗਈ ਕਾਰਵਾਈ ਦੌਰਾਨ ਕਈ ਗ੍ਰਿਫ਼ਤਾਰੀਆਂ ਹੋਣ ਦੀ ਰਿਪੋਰਟ ਵੀ ਮਿਲੀ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਥਾਂ-ਥਾਂ ਖਿੱਲਰੇ ਕੂੜੇ ਅਤੇ ਬੇਘਰ ਲੋਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਿਆਂ ਕਿਹਾ ਸੀ ਕਿ ਉਹ ਆਪਣੀ ਰਾਜਧਾਨੀ ਵਾਪਸ ਚਾਹੁੰਦੇ ਹਨ।
ਇਕ ਹਜ਼ਾਰ ਨੈਸ਼ਨਲ ਗਾਰਡਜ਼ ਨੇ ਕੀਤੀ ਕਾਰਵਾਈ
ਮੁਢਲੇ ਤੌਰ ’ਤੇ ਟਰੰਪ ਵੱਲੋਂ ਡੀ.ਸੀ. ਪੁਲਿਸ ਨਾਲ 120 ਐਫ਼.ਬੀ.ਆਈ. ਏਜੰਟ ਤੈਨਾਤ ਕੀਤੇ ਗਏ ਸਨ ਪਰ ਹੁਣ ਇਕ ਹਜ਼ਾਰ ਨੈਸ਼ਨਲ ਗਾਰਡਜ਼ ਵੱਲੋਂ ਗਸ਼ਤ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੀ ਕੌਮੀ ਰਾਜਧਾਨੀ ਵਿਚੋਂ ਅਪਰਾਧੀਆਂ ਦਾ ਖਾਤਮਾ ਕਰ ਦਿਤਾ ਜਾਵੇਗਾ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਵਾਸ਼ਿੰਗਟਨ ਡੀ.ਸੀ. ਦੀ ਮੇਅਰ ਮਿਊਰੀਅਲ ਬਾਊਜ਼ਰ ਦਾਅਵਾ ਕੀਤਾ ਕਿ ਕੌਮੀ ਰਾਜਧਾਨੀ ਵਿਚ ਅਪਰਾਧ ਨਹੀਂ ਵਧੇ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਭਾਵੇਂ 2023 ਵਿਚ ਅਪਰਾਧਕ ਵਾਰਦਾਤਾਂ ਵਿਚ ਵਾਧਾ ਹੋਇਆ ਪਰ ਹੁਣ 2025 ਚੱਲ ਰਿਹਾ ਹੈ।
ਖਿੱਲਰੇ ਕੂੜੇ ਅਤੇ ਬੇਘਰਾਂ ਦੀਆਂ ਤਸਵੀਰਾਂ ਤੋਂ ਵਧਿਆ ਵਿਵਾਦ
ਮੇਅਰ ਦਾ ਕਹਿਣਾ ਸੀ ਕਿ ਸੰਭਾਵਤ ਤੌਰ ’ਤੇ ਰਾਸ਼ਟਰਪਤੀ ਹਰ ਸੜਕ ’ਤੇ ਫੌਜੀ ਤੈਨਾਤ ਕਰਨਾ ਚਾਹੁੰਦੇ ਹਨ। ਮਿਊਰੀਅਲ ਬਾਊਜ਼ਰ ਨੇ ਇਹ ਵੀ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਓਵਲ ਦਫ਼ਤਰ ਵਿਚ ਉਨ੍ਹਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਵੀ ਕੀਤੀ ਅਤੇ ਰਾਜਧਾਨੀ ਦੇ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਮੇਅਰ ਨੇ ਖਦਸ਼ਾ ਜ਼ਾਹਰ ਕੀਤਾ ਕਿ ਰਾਸ਼ਟਰਪਤੀ ਕੌਮੀ ਰਾਜਧਾਨੀ ਵਿਚ ਫੈਡਰਲ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ ਅਤੇ ਇਸ ਬਾਰੇ ਸਪੱਸ਼ਟ ਸੰਕੇਤ ਪਿਛਲੇ ਦਿਨੀਂ ਸਾਹਮਣੇ ਵੀ ਆਏ।