ਆਸਟ੍ਰੇਲੀਆ ’ਚ ਸਿੱਖ ਨੌਜਵਾਨ ਨਾਲ ਸ਼ਰਾਬੀਆਂ ਦਾ ਕਾਰਾ
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸਿੱਖ ਉਤੇ ਸ਼ਰਾਬੀਆਂ ਦੇ ਝੁੰਡ ਵੱਲੋਂ ਹਮਲਾ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਪੱਗ ਪੈਰਾਂ ਵਿਚ ਰੋਲੀ ਗਈ;
ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਸਿੱਖ ਸਕਿਉਰਿਟੀ ਗਾਰਡ ਉਤੇ ਸ਼ਰਾਬੀਆਂ ਦੇ ਝੁੰਡ ਵੱਲੋਂ ਹਮਲਾ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੌਰਾਨ ਸਿੱਖ ਸਕਿਉਰਿਟੀ ਗਾਰਡ ਦੀ ਪੱਗ ਪੈਰਾਂ ਵਿਚ ਰੋਲੀ ਗਈ ਜਦਕਿ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ। ਏ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਬੈਂਡੀਗੋ ਸ਼ਹਿਰ ਦੇ ਇਕ ਸ਼ੌਪਿੰਗ ਮਾਲ ਵਿਚ ਹੋਏ ਝਗੜੇ ਮਗਰੋਂ ਕੁਝ ਦੁਕਾਨਦਾਰਾਂ ਨੇ ਛੱਡ-ਛਡਾਅ ਕਰਵਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਸੁਪਰਡੈਂਟ ਡੇਵਿਡ ਬੋਅਲਰ ਨੇ ਦੱਸਿਆ ਕਿ ਹਮਲੇ ਵਿਚ ਸ਼ਾਮਲ 9 ਜਣਿਆਂ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਵਾਰਦਾਤ ਨੂੰ ਨਸਲੀ ਨਫ਼ਰਤ ਤੋਂ ਪ੍ਰੇਰਿਤ ਨਹੀਂ ਮੰਨਿਆ ਜਾ ਰਿਹਾ।
ਪੱਗ ਪੈਰਾਂ ਵਿਚ ਰੋਲੀ, ਕੇਸਾਂ ਤੋਂ ਫੜ ਕੇ ਘੜੀਸਿਆ
ਬੋਅਲਰ ਨੇ ਅੱਗੇ ਦੱਸਿਆ ਕਿ ਸਿੱਖ ਸਕਿਉਰਿਟੀ ਗਾਰਡ ਆਪਣੀ ਡਿਊਟੀ ਨਿਭਾਅ ਰਿਹਾ ਸੀ ਅਤੇ ਸ਼ੌਪਿੰਗ ਸੈਂਟਰ ਨੂੰ ਸੁਰੱਖਿਅਤ ਰੱਖਣਾ ਉਸ ਦੀਆਂ ਜ਼ਿੰਮੇਵਾਰੀਆਂ ਵਿਚ ਸ਼ਾਮਲ ਸੀ। ਅਜਿਹੀ ਵਾਰਦਾਤ ਕਿਸੇ ਨੂੰ ਵੀ ਝੰਜੋੜ ਕੇ ਰੱਖ ਦਿੰਦੀ ਹੈ ਅਤੇ ਲੰਮੇ ਸਮੇਂ ਤੱਕ ਅਸਰ ਕਾਇਮ ਰਹਿ ਸਕਦਾ ਹੈ। ਉਧਰ ਬੈਂਡੀਗੋ ਦੇ ਦੁਕਾਨਦਾਰਾਂ ਵੱਲੋਂ ਸਿੱਖ ਸਕਿਉਰਿਟੀ ਗਾਰਡ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਿੱਖ ਭਾਈਚਾਰੇ ਦੇ ਇਕ ਬੁਲਾਰੇ ਨੇ ਕਿਹਾ ਕਿ ਵਾਰਦਾਤ ਬਾਰੇ ਸੁਣ ਕੇ ਮਨ ਨੂੰ ਡੂੰਘੀ ਸੱਟ ਵੱਜੀ। ਭਾਈਚਾਰਾ ਚਾਹੁੰਦਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਐਕਸ਼ਨ ਲਿਆ ਜਾਵੇ। ਵਿਕਟੋਰੀਆ ਗੁਰਦਵਾਰਾ ਕੌਂਸਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ। ਦੂਜੇ ਪਾਸੇ ਵਾਰਦਾਤ ਅੱਖੀਂ ਦੇਖਣ ਵਾਲਿਆਂ ਨੇ ਮੀਡੀਆ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ।
ਵਿਕਟੋਰੀਆ ਸੂਬੇ ਦੇ ਬੈਂਡੀਗੋ ਸ਼ਹਿਰ ਵਿਚ ਵਾਪਰੀ ਵਾਰਦਾਤ
ਇਨ੍ਹਾਂ ਵਿਚੋਂ ਇਕ ਸੈਂਡ ਹੌਪਨਰ ਨੇ ਦੱਸਿਆ ਰੌਲਾ ਪੈਣ ਮਗਰੋਂ ਸਾਰੀਆਂ ਦੁਕਾਨਾਂ ਬੰਦ ਕਰ ਦਿਤੀਆਂ ਗਈਆਂ ਅਤੇ ਇਕ ਤਰੀਕੇ ਦਾ ਲੌਕਡਾਊਨ ਹੋ ਗਿਆ। ਤਕਰੀਬਨ 400 ਲੋਕ ਸ਼ੌਪਿੰਗ ਮਾਲ ਵਿਚ ਵੱਖ ਵੱਖ ਥਾਵਾਂ ’ਤੇ ਫਸ ਗਏ ਅਤੇ ਅੱਧੇ ਘੰਟੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਦੁਕਾਨਾਂ ਵਿਚੋਂ ਬਾਹਰ ਕੱਢਿਆ। ਤਿੰਨ ਬੱਚਿਆਂ ਨਾਲ ਪੁੱਜੀ ਇਕ ਮਾਂ ਬਹੁਤ ਜ਼ਿਆਦਾ ਘਬਰਾਅ ਗਈ ਅਤੇ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਰ ਆਪਣੇ ਬੱਚਿਆਂ ਨੂੰ ਲੈ ਕੇ ਕਿੱਧਰ ਜਾਵੇ। ਇਥੇ ਦਸਣਾ ਬਣਦਾ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਦਾ ਹਲਕਾ ਦਫ਼ਤਰ ਸ਼ੌਪਿੰਗ ਮਾਲ ਤੋਂ ਸਿਰਫ਼ 300 ਮੀਟਰ ਦੀ ਦੂਰੀ ’ਤੇ ਹੈ ਅਤੇ ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਵਾਰਦਾਤ ਦੇ ਮੱਦੇਨਜ਼ਰ ਘੱਟੋ ਘੱਟ 10 ਪੁਲਿਸ ਮੁਲਾਜ਼ਮਾਂ ਨੂੰ ਸ਼ੌਪਿੰਗ ਮਾਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਗਸ਼ਤ ਕਰਦਿਆਂ ਦੇਖਿਆ ਗਿਆ।