ਅਮਰੀਕਾ ’ਚ ਸਿੱਖ ਟਰੱਕ ਡਰਾਈਵਰਾਂ ਹੋਣ ਲੱਗੇ ਹਮਲੇ
ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰਾਂ ਲਈ ਖਤਰਾ ਬੇਹੱਦ ਵਧ ਗਿਆ ਹੈ ਅਤੇ ਹਾਈਵੇਜ਼ ਤੋਂ ਲੰਘਣਾ ਔਖਾ ਹੁੰਦਾ ਜਾ ਰਿਹਾ ਹੈ
ਕੈਲੇਫੋਰਨੀਆ : ਅਮਰੀਕਾ ਵਿਚ ਸਿੱਖ ਟਰੱਕ ਡਰਾਈਵਰਾਂ ਲਈ ਖਤਰਾ ਬੇਹੱਦ ਵਧ ਗਿਆ ਹੈ ਅਤੇ ਹਾਈਵੇਜ਼ ਤੋਂ ਲੰਘਣਾ ਔਖਾ ਹੁੰਦਾ ਜਾ ਰਿਹਾ ਹੈ। ਸਿੱਖ ਡਰਾਈਵਰਾਂ ਦੇ ਟਰੱਕਾਂ ਉਤੇ ਆਂਡੇ ਜਾਂ ਪਾਣੀ ਵਾਲੀਆਂ ਬੋਤਲਾਂ ਸੁੱਟਣ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਹਨ ਅਤੇ ਪੁਲਿਸ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਜਿਸ ਦੇ ਮੱਦੇਨਜ਼ਰ ਕਿਸੇ ਵੱਡੀ ਤਰਾਸਦੀ ਦਾ ਖੌਫ ਹਰ ਵੇਲੇ ਕਾਇਮ ਰਹਿੰਦਾ ਹੈ। ਹਰਜਿੰਦਰ ਸਿੰਘ ਦੇ ਮਾਮਲੇ ਨੂੰ ਸਿਆਸੀ ਰੂਪ ਦੇ ਦਿਤਾ ਗਿਆ ਹੈ ਅਤੇ ਲੋਕ ਮਨਾਂ ਵਿਚ ਦਸਤਾਰਧਾਰੀਆਂ ਬਾਰੇ ਜ਼ਹਿਰ ਭਰਿਆ ਜਾ ਰਿਹਾ ਹੈ। ‘ਫਰਿਜ਼ਨੋ ਬੀਅ’ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ’ਤੇ ਗੁੰਮਰਾਹਕੁਨ ਪੋਸਟਾਂ ਪਾਏ ਜਾਣ ਕਰ ਕੇ ਮਾਮਲਾ ਬੇਹੱਦ ਗੁੰਝਲਦਾਰ ਬਣ ਚੁੱਕਾ ਹੈ।
ਟਰੱਕਾਂ ਉਤੇ ਸੁੱਟੇ ਜਾ ਰਹੇ ਆਂਡੇ ਅਤੇ ਪਾਣੀ ਦੀਆਂ ਬੋਤਲਾਂ
ਨੌਰਥ ਅਮੈਰਿਕਨ ਪੰਜਾਬੀ ਟ੍ਰਕਿੰਗ ਐਸੋਸੀਏਸ਼ਨ ਦੇ ਬਾਨੀ ਅਤੇ ਸੀ.ਈ.ਓ. ਰਮਨ ਢਿੱਲੋਂ ਦਾ ਕਹਿਣਾ ਸੀ ਕਿ ਓਕਲਾਹੋਮਾ ਅਤੇ ਅਰਕੰਸਾ ਵਰਗੇ ਰਾਜਾਂ ਵਿਚ ਟਰੱਕ ਸਟੌਸ ’ਤੇ ਪੰਜਾਬੀ ਡਰਾਈਵਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਕ ਪੰਜਾਬੀ ਡਰਾਈਵਰ ਟਰੱਕ ਸਟੌਪ ’ਤੇ ਘਿਰ ਗਿਆ ਅਤੇ ਜਦੋਂ ਉਸ ਨੇ 911 ’ਤੇ ਕਾਲ ਕੀਤੀ ਤਾਂ ਅੱਗੋਂ ਜਵਾਬ ਮਿਲਿਆ ਕਿ ਚੁੱਪ-ਚਾਪ ਉਥੋਂ ਨਿਕਲ ਜਾਵੇ। ਰਮਨ ਢਿੱਲੋਂ ਮੁਤਾਬਕ ਅਮਰੀਕਾ ਦੇ ਟ੍ਰਕਿੰਗ ਬਿਜ਼ਨਸ ਵਿਚ ਪੰਜਾਬੀਆਂ ਦੀ ਹਿੱਸੇਦਾਰੀ 18 ਤੋਂ 20 ਫੀ ਸਦੀ ਜਦਕਿ ਕੈਲੇਫੋਰਨੀਆ ਵਿਚ ਇਹ ਅੰਕੜਾ 30 ਤੋਂ 40 ਫੀ ਸਦੀ ਬਣ ਜਾਂਦਾ ਹੈ। ਫਲੋਰੀਡਾ ਹਾਦਸੇ ਮਗਰੋਂ ਸਿੱਖ ਡਰਾਈਵਰਾਂ ਨੂੰ ਗੈਰਜ਼ਰੂਰੀ ਜਾਂਚ-ਪੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਮੀਗ੍ਰੇਸ਼ਨ ਵਾਲੇ ਪੱਕਾ ਹੋਣ ਦੇ ਸਬੂਤ ਮੰਗਦੇ ਹਨ ਜਦਕਿ ਪੁਲਿਸ ਵਾਲੇ ਅੰਗਰੇਜ਼ੀ ਵਿਚ ਮੁਹਾਰਤ ਸਾਬਤ ਕਰਨ ਵਾਸਤੇ ਆਖਦੇ ਹਨ। ਫਰਿਜ਼ਨੋ ਦੀ ਨਿਊਲਾਈਨ ਟ੍ਰਾਂਸਪੋਰਟ ਇਨਕਾਰਪੋਰੇਸ਼ਨ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਮੌਜੂਦਾ ਹਾਲਾਤ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਤ ਕਰ ਰਹੇ ਹਨ। ਗੁਰਜੰਟ ਸਿੰਘ ਕੋਲ 20 ਟਰੱਕ ਅਤੇ 60 ਟ੍ਰੇਲਰ ਹਨ ਜਿਨ੍ਹਾਂ ਰਾਹੀਂ ਆੜੂ, ਟਮਾਟਰ ਅਤੇ ਸੰਤਰੇ ਵਰਗੇ ਫਲ-ਸਬਜ਼ੀਆਂ ਫਲੋਰੀਡਾ ਦੀ ਪਬਲਿਕਸ ਸੁਪਰਮਾਰਕਿਟ ਚੇਨ ਦੇ ਵੱਖ ਵੱਖ ਟਿਕਾਣਿਆਂ ’ਤੇ ਪਹੁੰਚਾਏ ਜਾਂਦੇ ਹਨ। ਗੁਰਜੰਟ ਸਿੰਘ ਦੇ 2 ਡਰਾਈਵਰ ਬੀਤੇ ਸੋਮਵਾਰ ਨੂੰ ਨੌਕਰੀ ਛੱਡ ਗਏ ਜਦਕਿ ਤਿੰਨ ਹੋਰਨਾਂ ਦਾ ਕਹਿਣਾ ਹੈ ਕਿ ਉਹ ਫਲੋਰੀਡਾ ਨਹੀਂ ਜਾਣਗੇ। ਅਮੈਰਿਕਨ ਸਿਟੀਜ਼ਨ ਅਤੇ ਗਰੀਨ ਕਾਰਡ ਹੋਲਡਰ ਹੋਣ ਦੇ ਬਾਵਜੂਦ ਪੰਜਾਬੀ ਟਰੱਕ ਡਰਾਈਵਰਾਂ ਨੂੰ ਘੇਰ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਹਰਜਿੰਦਰ ਸਿੰਘ ਮਾਮਲੇ ਸਾਹਮਣੇ ਆਉਣ ਮਗਰੋਂ ਹਾਲਾਤ ਵਿਗੜੇ
ਇਸੇ ਤਰ੍ਹਾਂ ਫਰਿਜ਼ਨੋ ਦੀ ਟ੍ਰਾਂਸਪੋਰਟ ਕੰਪਨੀ ਔਰਬੀਟਲ ਐਕਸਪ੍ਰੈਸ ਇਨਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਜਸਦੀਪ ਪੰਨੂ ਨੇ ਕਿਹਾ ਕਿ ਆਪਣੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਉਹ ਬੇਹੱਦ ਫ਼ਿਕਰਮੰਦ ਹਨ। ਜਸਦੀਪ ਪੰਨੂ ਦੀ ਕੰਪਨੀ ਕੋਲ 26 ਟਰੱਕ ਅਤੇ 35 ਡਰਾਈਵਰ ਹਨ ਜੋ ਅਕਸਰ ਹੀ ਫਲੋਰੀਡਾ, ਟੈਨੇਸੀ, ਜਾਰਜੀਆ ਅਤੇ ਕੈਰਲਾਈਨਾ ਰਾਜਾਂ ਵੱਲ ਜਾਂਦੇ ਹਨ। ਉਨ੍ਹਾਂ ਵੱਲੋਂ ਡਰਾਈਵਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਨਿਯਮਾਂ ਦੀ ਪਾਲਣਾ ਕਰਦਿਆਂ ਡਰਾਈਵਿੰਗ ਕੀਤੀ ਜਾਵੇ ਅਤੇ ਹਮੇਸ਼ਾ ਡੈਸ਼ਕੈਮ ਦੇ ਘੇਰੇ ਵਿਚ ਰਹਿਣ ਦਾ ਯਤਨ ਕੀਤਾ ਜਾਵੇ। ਕਿਸੇ ਨਾਲ ਫਾਲਤੂ ਬਹਿਸ ਨਹੀਂ ਕਰਨੀ ਕਿਉਂਕ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਜਿੰਦਰ ਸਿੰਘ ਵਾਲੇ ਹਾਦਸੇ ਮਗਰੋਂ ਜਸਦੀਪ ਪੰਨੂ ਦੇ ਇਕ ਡਰਾਈਵਰ ਨੂੰ ਫਲੋਰੀਡਾ ਵਿਚ ਰੋਕ ਕੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਸਵਾਲ ਕੀਤੇ ਗਏ। ਯੂ.ਐਸ. ਸਿਟੀਜ਼ਨ ਹੋਣ ਦੇ ਬਾਵਜੂਦ ਡਰਾਈਵਰ ਨੂੰ ਖੱਜਲ ਖੁਆਰ ਕੀਤਾ ਅਤੇ ਲੰਮੇ ਸਮੇਂ ਬਾਅਦ ਜਾਣ ਦੀ ਇਜਾਜ਼ਤ ਦਿਤੀ। ਜਸਦੀਪ ਪੰਨੂ ਮੁਤਾਬਕ ਹਰਜਿੰਦਰ ਸਿੰਘ ਨੇ ਵੱਡੀ ਗਲਤੀ ਕੀਤੀ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਇਕ ਜਣੇ ਦੀ ਗਲਤੀ ਕਰ ਕੇ ਸਮੁੱਚੀ ਕਮਿਊਨਿਟੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ। ਗੁਰਜੰਟ ਸਿੰਘ, ਰਮਨ ਢਿੱਲੋਂ ਅਤੇ ਜਸਦੀਪ ਪੰਨੂ ਦਾ ਕਹਿਣਾ ਸੀ ਕਿ ਟ੍ਰਕਿੰਗ ਇੰਡਸਟਰੀ ਵਿਚ ਸੁਧਾਰ ਕਰਨ ਦੇ ਕਈ ਤਰੀਕੇ ਮੌਜੂਦ ਹਨ ਜਿਨ੍ਹਾਂ ਵਿਚ ਕਮਰਸ਼ੀਅਲ ਡਰਾਈਵਰ ਲਾਇਸੰਸ ਦੀਆਂ ਸ਼ਰਤਾਂ ਸਖ਼ਤ ਕੀਤੀਆਂ ਜਾ ਸਕਦੀਆਂ ਹਨ। ਦੂਜੇ ਪਾਸੇ ਟਰੱਕ ਡਰਾਈਵਿੰਗ ਸਕੂਲਜ਼ ਉਤੇ ਸਰਕਾਰੀ ਨਿਗਰਾਨੀ ਵਧਾਈ ਜਾਵੇ ਤਾਂਕਿ ਕੋਈ ਨੌਸਿਖੀਆ ਡਰਾਈਵਰ ਹਾਈਵੇਅ ’ਤੇ ਨਾ ਆ ਸਕੇ।